ਜੰਮੂ ਕਸ਼ਮੀਰ ਦੀ ਪੁਲਵਾਮਾ ਘਟਨਾ ਨੂੰ ਲੈ ਕੇ ਭਾਰਤ ਸਰਕਾਰ ਵੱਲੋਂ ਖਾਹਮੁਖਾਹ ਪਾਕਿਸਤਾਨ ਵਿਰੁੱਧ ਜ਼ਹਿਰ ਉਗਲਕੇ ਪੈਦਾ ਕੀਤੀ ਗਈ ਸਿਆਸੀ ਤਲਖ਼ੀ ਪਾਕਿਸਤਾਨ ਵੱਲੋਂ ਅਪਣਾਈ ਗਈ ਸੂਝ ਤੇ ਸਿਆਣਪ ਕਾਰਨ ਹੁਣ ਅੰਤਰ ਰਾਸ਼ਟਰੀ ਪੱਧਰ ‘ਤੇ ਭਾਰਤ ਸਰਕਾਰ ਦੇ ਵਿਰੁੱਧ ਹੀ ਭੁਗਤਦੀ ਨਜ਼ਰ ਆ ਰਹੀ ਹੈ । ਨਫ਼ਰਤ ਨੂੰ ਪਿਆਰ ਨਾਲ ਜਿੱਤਣ ਦੀ ਨੀਤੀ ‘ਤੇ ਚੱਲਦਿਆਂ ਪਾਕਿਸਤਾਨ ਦੇ ਵਜ਼ੀਰ ਏ ਆਜਮ ਇਮਰਾਨ ਖਾਨ ਬਹੁਤ ਹੀ ਸੁਲ਼ਝੀ ਹੋਈ ਰਾਜਨੀਤੀ ਕਰ ਰਹੇ ਹਨ । ਉਹ ਹਰ ਕਦਮ ਫੂਕ ਫੂਕ ਕੇ ਚੁੱਕ ਰਹੇ ਹਨ । ਉਹਨਾਂ ਦੇ ਹੁਣ ਤੱਕ ਦੇ ਬਿਆਨਾਂ ਤੋਂ ਇਹ ਸਾਫ ਹੋ ਜਾਂਦਾ ਹੈ ਕਿ ਇਕ ਕੱਪ ਜਿੱਤਣ ਵਾਲੇ ਤੇ ਕੱਪ ਮਾਂਜਣ ਵਾਲੇ ਚ ਕੀ ਅੰਤਰ ਹੁੰਦਾ ਹੈ ।
ਭਾਰਤ ਨੇ ਜੰਗ ਸ਼ੁਰੂ ਕਰਨ ਚ ਕੋਈ ਕਸਰ ਬਾਕੀ ਨਹੀਂ ਛੱਡੀ . ਕੋਈ ਪੁਖ਼ਤਾ ਸਬੂਤ ਨਾ ਹੋਣ ਦੇ ਬਾਵਜੂਦ ਵੀ ਪਹਿਲਾਂ ਤਾਂ ਪੁਲਵਾਮਾ ਘਟਨਾ ਵਾਸਤੇ ਪਾਕਿਸਤਾਨ ‘ਤੇ ਇਲਜ਼ਾਮ ਲਾਉਂਦਾ ਰਿਹਾ ਤੇ ਆਖਿਰ ਪਾਕਿਸਤਾਨ ਵੱਲੋਂ ਕੋਈ ਤਲਖ ਬਿਆਨੀ ਨਾ ਸਾਹਮਣੇ ਆਉਣ ਕਰਕੇ ਭੜਕਾਹਟ ਤੇ ਨਫ਼ਰਤ ਪੈਦਾ ਕਰਨ ਵਾਸਤੇ ਉਸ ਦੀ ਹਦੂਦ ਅੰਦਰ ਦਾ ਕੌਮਾਤਰੀ ਨਿਯਮਾਂ ਦਾ ਉਲ਼ੰਘਣ ਕਰਦਿਆਂ ਰਾਤ ਦੇ ਹਨੇਰੇ ਦਾ ਫ਼ਾਇਦਾ ਲੈਂਦਿਆਂ ਹਵਾਈ ਹਮਲਾ ਵੀ ਕਰ ਦਿੱਤਾ ਗਿਆ ਪਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀ ਨੀਤੀ ਦੇਖੋ ਉਸ ਨੇ ਫੇਰ ਬੰਪਰ ਵੀ ਬਹੁਤ ਤੁਹਮਲ ਤੋਂ ਕੰਮ ਲਿਆ, ਨਾ ਹੀ ਕੋਈ ਭੜਕਾਊ ਬਿਆਨਬਾਜ਼ੀ ਕੀਤੀ ਤੇ ਨਾ ਹੀ ਜਵਾਬੀ ਕਾਰਵਾਈ ਵਜੋਂ ਕੋਈ ਗਲਤ ਕਦਮ ਚੁੱਕਰਣ ਦੀ ਕਾਹਲ ਕੀਤੀ ਤੇ ਨਾ ਹੀ ਪਾਕਿਸਤਾਨ ਦੇ ਲੋਕਾਂ ਅੰਦਰ ਨਫ਼ਰਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ । ਕਹਿਣ ਦਾ ਭਾਵ ਕਿ ਜੇਕਰ ਪਾਕਿਸਤਾਨ ਵੀ ਜੈਸੇ ਕੇ ਤੈਸਾ ਵਾਲੀ ਨੀਤੀ ਅਪਣਾਉਂਦਿਆਂ ਕੋਈ ਕਰਾਰਾ ਜਵਾਬ ਦਿੰਦਾ ਤਾਂ ਇਹ ਪੱਕਾ ਸੀ ਕਿ ਜੰਗ ਸ਼ੁਰੂ ਹੋ ਜਾਣੀ ਸੀ । ਹਾਂ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਵਾਰ ਵਾਰ ਇਹ ਜ਼ਰੂਰ ਕਿਹਾ ਕਿ ਪਾਕਿਸਤਾਨ ਅਮਨ ਚਾਹੁੰਦਾ ਹੈ, ਭਾਰਤ ਨਾਲ ਚੰਗੇ ਸੰਬੰਧਾਂ ਦਾ ਹਾਮੀ ਹੈ, ਪੁਲਵਾਮਾ ਘਟਨਾ ਸੰਬੰਧੀ ਕੋਈ ਪਾਕਿਸਤਾਨ ਵਿਰੁੱਧ ਪੁਖ਼ਤਾ ਸਬੂਤ ਹਨ ਤਾਂ ਉਹਨਾਂ ਸੰਬੰਧੀ ਗੱਲ-ਬਾਤ ਕੀਤੀ ਜਾਵੇ, ਸਬੂਤਾਂ ਦੇ ਅਧਾਰ ‘ਤੇ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ, ਇਹ ਵੀ ਕਿਹਾ ਕਿ ਜੰਗ ਕਿਸੇ ਦੇ ਵੀ ਹੱਕ ਚ ਨਹੀਂ, ਜੇਕਰ ਇਕ ਵਾਰ ਸ਼ੁਰੂ ਹੋ ਗਈ ਤਾਂ ਇਸ ਨੂੰ ਰੋਕ ਸਕਣਾ ਵੱਸੋਂ ਬਾਹਰੀ ਗੱਲ ਹੋਵੇਗੀ ਤੇ ਤਬਾਹੀ ਦੇ ਮੰਜਿਰ ਤੋਂ ਬਿਨਾ ਬਾਕੀ ਕੁੱਜ ਵੀ ਹਾਸਲ ਨਹੀਂ ਹੋਵੇਗਾ । ਇਸ ਦੇ ਨਾਲ ਹੀ ਬੀਤੇ ਕੱਲ੍ਹ ਪਾਕਿਸਤਾਨੀ ਫੌਜ ਨੇ ਇਕ ਭਾਰਤੀ ਪਾਈਲਟ ਵੀ ਗ੍ਰਿਫ਼ਤਾਰ ਕੀਤਾ ਸੀ ਜਿਸ ਦੀ ਸ਼ੋਸ਼ਲ ਮੀਡੀਏ ‘ਤੇ ਵਾਇਰਲ ਸਟੇਟਮੈਂਟ ਸੁਣਕੇ ਮੋਦੀ ਸਰਕਾਰ ਤੇ ਭਗਵੇ ਮੀਡੀਏ ਨੂੰ ਤਾਂ ਜਿਵੇਂ ਦੰਦ ਛਿਕੜ ਹੀ ਪੈ ਗਈ । ਉਸ ਪਾਇਲਟ ਦੀ ਸਟੇਟਮੈਂਟ ਨੇ ਮੋਦੀ ਵਲੋਂ ਅਗਾਮੀ ਚੋਣਾਂ ਜਿੱਤਣ ਵਾਸਤੇ ਰਚੇ ਜਾ ਰਹੇ ਸਾਰੇ ਅਡੰਬਰ ਦਾ ਹੀਜ ਪਿਆਜ ਪੂਰੀ ਤਰਾਂ ਨੰਗਾ ਕਰਕੇ ਰੱਖ ਦਿੱਤਾ । ਫੜੇ ਹੋਏ ਪਾਇਲਟ ਨਾਲ ਪਾਕਿਸਤਾਨ ਵਿੱਚ ਆਹਲਾ ਦਰਜੇ ਦਾ ਸਲੂਕ ਤਾਂ ਕੀਤਾ ਹੀ ਗਿਆ ਇਸ ਦੇ ਨਾਲ ਹੀ ਅੱਜ ਪਾਕਿਸਤਾਨੀ ਪਾਰਲੀਮੈਂਟ ਚ ਇਮਰਾਨ ਖਾਨ ਨੇ ਜਦ ਇਹ ਐਲਾਨ ਕੀਤਾ ਕਿ ਉਸ ਪਾਇਲਟ ਨੂੰ ਸਹੀ ਸਲਾਮਤ ਕੱਲ੍ਹ ਭਾਰਤ ਦੇ ਹਵਾਲੇ ਕਰ ਦਿੱਤਾ ਜਾਵੇਗਾ ਤਾਂ ਦੁਨੀਆ ਵਿੱਚ ਜਿੱਥੇ ਇਮਰਾਨ ਖਾਨ ਦਾ ਕੱਦ ਹੋਰ ਵੱਡਾ ਹੋ ਗਿਆ ਉੱਥੇ ਮੋਦੀ ਸਰਕਾਰ ਤੇ ਇਸ ਦੇ ਪਿਠੂ ਮੀਡੀਏ ਦਾ ਇਕ ਵਾਰ ਤਾਂ ਚੁੱਲੂ ਭਰ ਪਾਣੀ ਚ ਡੁਬਕੋ ਮਰਨਾ ਹੋ ਗਿਆ ।
ਕਦੀ ਪਾਕਿਸਤਾਨ ਨੂੰ ਅੱਤਵਾਦੀ ਮੁਲਖ ਦੱਸਦੇ ਹਨ, ਕਦੀ ਮੋਸ਼ਟ ਫ਼ੇਵਰ ਨੇਸ਼ਨ ਦਾ ਦਰਜਾ ਵਾਪਸ ਲੈਂਦੇ ਹਨ, ਕਦੀ ਵਪਾਰਕ ਰੋਕਾਂ ਲਾਈਆਂ ਜਾਂਦੀਆਂ ਹਨ, ਕਦੇ ਗੱਲ-ਬਾਤ ਨਾ ਕਰਨ ਦਾ ਡੈਡਲਾਕ ਲਾਇਆ ਜਾਂਦਾ ਹੈ ਤੇ ਕਦੇ ਬਿਨਾ ਵਜ਼ਾਹ ਹੀ ਪਾਕਿਸਤਾਨ ਦੀ ਨਿੰਦਿਆਂ ਕੀਤੀ ਜਾਦੀ ਹੈ । ਜਦ ਕਿ ਪਾਕਿਸਤਾਨ ਦੀ ਹੁਣਵੀ ਸਰਕਾਰ ਵੱਲੋਂ ਹਮੇਸ਼ਾ ਸ਼ਾਤੀ ਦਾ ਸੁਨੇਹਾ ਹੀ ਭੇਜਿਆ ਗਿਆ । ਸਾਡੇ ਲਈ ਦੋਵੇਂ ਦੇਸ਼ ਇੱਕੋ ਜਿਹਾ ਸਤਿਕਾਰ ਰੱਖਦੇ ਪਰ ਜਦੋਂ ਪਿਛੋਕੜ ਚ ਹੋਏ ਘਟਨਾਕ੍ਰਮ ਤੇ ਇਕ ਪੜਚੋਲਵੀਂ ਨਜ਼ਰ ਮਾਰਦੇ ਹਾਂ ਤਾਂ ਇਹ ਗੱਲ ਬਿਲਕੁਲ ਸਾਫ਼ ਹੋ ਜਾਂਦੀ ਹੈ ਕਿ ਕੌਮਾਂਤਰੀ ਰਾਜਨੀਤੀ ਕੀ ਹੁੰਦੀ ਹੈ ਇਸ ਸੰਬੰਧੀ ਭਾਰਤ ਸਰਕਾਰ ਨੂੰ ਹੁਣ ਕੋਝੀਆਂ ਹਰਕਤਾਂ ਦਾ ਤਿਆਗ ਕਰਕੇ ਇਮਰਾਨ ਖਾਨ ਤੋਂ ਕੁੱਜ ਸਿੱਖਣਾ ਚਾਹੀਦਾ ਹੈ । ਇਹ ਗੱਲ ਵੀ ਸ਼ਪੱਸ਼ਟ ਹੈ ਕਿ ਭਾਰਤ ਚ ਵਾਪਰਨ ਵਾਲੀ ਹਰ ਘਟਨਾ ਦਾ ਇਲਜ਼ਾਮ ਹੁਣ ਬਿਨਾ ਸੋਚੋ ਸਮਝੇ ਹੋਰ ਬਹੁਤੀ ਦੇਰ ਪਾਕਿਸਤਾਨ ਸਿਰ ਨਹੀਂ ਮੜਿਆ ਜਾ ਸਕੇਗਾ ਕਿਉਂਕਿ ਭਾਰਤ ਦੀ ਇਸ ਸਿਆਸੀ ਚਾਲ ਦਾ ਭਾਂਡਾ ਚੌਰਾਹੇ ਚ ਭੱਜ ਚੁੱਕਾ ਹੈ । ਅਸਲੀਅਤ ਸਾਹਮਣੇ ਆ ਚੁੱਕੀ ਹੈ ਕਿ ਆਪਣੀਆ ਨਾਕਾਮੀਆਂ ਨੂੰ ਲੁਕਾਉਣ ਵਾਸਤੇ ਪਾਕਿਸਤਾਨ ਵਿਰੁੱਧ ਨਫ਼ਰਤ ਪੈਦਾ ਕਰਕੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਹਰ ਵਾਰ ਹਟਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ । ਹੁਣ ਭਾਰਤ ਦੇ ਲੋਕਾਂ ਨੂੰ ਇਹ ਬਿਨਾ ਝਿਜਕ ਤਸਲੀਮ ਕਰਨਾ ਪਵੇਗਾ ਕਿ ਇਮਰਾਨ ਖਾਨ ਨੇ ਕਰਤਾਰ ਪੁਰ ਸਾਹਿਬ ਵਾਲੇ ਲਾਂਘੇ ਦੀ ਮਨਜ਼ੂਰੀ ਦੇਣ ਤੋਂ ਲੈ ਕੇ ਹੁਣ ਤੱਕ ਜਿਸ ਇਮਾਨਦਾਰੀ ਤੇ ਦਿਆਨਤਦਾਰੀ ਨਾਲ ਸਿਆਸਤ ਕੀਤੀ ਹੈ ਉਸ ਵਾਸਤੇ ਉਹ ਸ਼ਾਬਾਸ਼ ਦਾ ਹੱਕਦਾਰ ਵੀ ਹੈ ਤੇ ਵਧਾਈ ਦਾ ਵੀ । ਉਸ ਦੁਆਰਾ ਵਰਤੀ ਗਈ ਸੂਝ ਤੇ ਸਿਆਣਪ ਕਾਰਨ ਜਿੱਥੇ ਇਸ ਖ਼ਿੱਤੇ ਚੋ ਜੰਗ ਦੇ ਖ਼ਤਰੇ ਦੇ ਮੰਡਲਾਉਂਦੇ ਹੋਏ ਬੱਦਲ਼ ਛੱਟਦੇ ਨਜ਼ਰ ਆ ਰਹੇ ਹਨ ਉੱਥੇ ਭਾਰਤ ਦੀ ਭਗਵੀ ਰਾਜਨੀਤੀ ਦੇ ਢੋਲ ਦਾ ਪੋਲ ਵੀ ਜੱਗ ਜਾਹਿਰ ਹੋ ਗਿਆ ਹੈ । ਇਹ ਵੀ ਸਾਫ ਹੋ ਗਿਆ ਹੈ ਕਿ ਪਿਛਲੇ ਬਹੱਤਰ ਸਾਲ ਤੋਂ ਦੋਹਾਂ ਮੁਲਖਾਂ ਚ ਤਲਖ਼ੀ ਭਰਪੂਰ ਸੰਬੰਧ ਬਣਾਏ ਰੱਖਣ ਚ ਸੇਹ ਦਾ ਤਕਲਾ ਕੋਣ ਤੇ ਕਿਓਂ ਗੱਡਦਾ ਰਿਹਾ ਹੈ ।
ਕੱਲ੍ਹ ਵਾਲੇ ਲੇਖ ਚ ਇਸੇ ਕਰਕੇ ਹੀ ਭਾਰਤੀ ਲੋਕਾਂ ਨੂੰ ਜਾਗਣ ਦਾ ਹੋਕਾ ਦਿੱਤਾ ਸੀ ਕਿ ਹੁਣ ਤਾਂ ਸਭ ਕੁੱਜ ਖਿੜੀ ਦੁਪਹਿਰ ਵਾਂਗ ਸਾਹਮਣੇ ਹੈ ਇਸ ਕਰਕੇ ਹੁਣ ਲੋਕਾਂ ਨੂੰ ਫ਼ਿਰਕੂ ਨਫ਼ਰਤ ਫੈਲਾਅ ਕੇ ਸਿਆਸਤ ਕਰਨ ਵਾਲ਼ਿਆਂ ਤੇ ਸਿਆਸੀ ਕੁਰਸੀਆਂ ਮੱਲਣ ਵਾਲ਼ਿਆਂ ਦਾ ਸਫਾਇਆ ਕਰ ਹੀ ਦੇਣਾ ਚਾਹੀਦਾ ਹੈ ਕਿਉਂਕਿ ਪਹਿਲਾ ਹੀ ਬਹੁਤ ਦੇਰ ਹੋ ਗਈ ਹੈ । ਇਸ ਦੇ ਨਾਲ ਹੀ ਇਹ ਵੀ ਸਮਝ ਲੈਣਾ ਜ਼ਰੂਰੀ ਹੈ ਕਿ ਪਾਕਿਸਤਾਨ ਦੇ ਲੋਕ ਹਮਸਾਏ ਹਨ, ਨਫ਼ਰਤ ਕਿਸੇ ਮਸਲੇ ਦਾ ਵੀ ਹੱਲ ਨਹੀਂ , ਬੇਸ਼ਕ ਪਾਕਿਸਤਾਨ ਚ ਸਰਕਾਰ ‘ਤੇ ਫ਼ੌਜੀ ਗ਼ਲਬਾ ਹੋਵੇਗਾ ਪਰ ਉੱਥੋਂ ਦੀ ਸਰਕਾਰ ਇਸ ਵੇਲੇ ਸਹੀ ਤੇ ਕਾਬਲ ਲੋਕਾਂ ਦੇ ਹੱਥਾਂ ਚ ਹੈ ਜਿਸ ਦਾ ਫ਼ਾਇਦਾ ਭਾਰਤ ਦੇ ਲੋਕਾਂ ਨੂੰ ਜ਼ਰੂਰ ਲੈਣਾ ਚਾਹੀਦਾ ਹੈ ।
-ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ