(ਸਮਾਜ ਵੀਕਲੀ)
ਢਲ਼ਦਾ,ਢਲ਼ਦਾ;ਢਲ਼ ਜਾਂਦਾ ਏ,
ਮਿੱਟੀ ਵਿੱਚ ਹੀ,ਰਲ਼ ਜਾਂਦਾ ਏ।
ਖੁਦੀ ਕਰਾਉਂਦੈ,ਨਿੱਗਰ ਜੁੱਸਾ,
ਨਿੱਗਰ ਵੀ ਤਾਂ,ਢਲ਼ ਜਾਂਦਾ ਏ।
ਕਿਹੜੇ ਬਾਗ ਦੀ,ਤੂੰ ਹੈਂ ਮੂਲ਼ੀ,
ਕਾਲ਼ ਹਰੇਕ ਨੂੰ,ਛਲ਼ ਜਾਂਦਾ ਏ।
ਸੀ ਸਿਕੰਦਰ,ਲੋਹਾ ਮਨਵਾਉਂਦਾ,
ਲੋਹਾ ਵੀ ਤਾਂ,ਗਲ਼ ਜਾਂਦਾ ਏ।
ਝੱਖੜ ਦਾ,ਸਤਿਕਾਰ ਹੈ ਝੁਕਣਾਂ,
ਹੰਭ-ਹਾਰ,ਉਹ ਟਲ਼ ਜਾਂਦਾ ਏ।
ਅਮਰ ਹੋ ਰਹੀ,ਵੇਲ ਪਾਪ ਦੀ,
ਪਰ ਕੀਤਾ ਪੁੰਨ ਵੀ,ਫਲ਼ ਜਾਂਦਾ ਏ।
ਕੋੜਕੂ ਦਾ,ਅੰਦਾਜ਼ ਹੈ ਆਕੜ,
ਪੁੜਾਂ ‘ਚ ਓੜਕ,ਦਲ਼ ਜਾਂਦਾ ਏ।
ਸੱਚ ਤਾਂ ਅਾਖਰ,ਸੱਚ ਹੀ ਰਹਿੰਦੈ,
ਭਾਵੇਂ ਕੁਝ ਨੂੰ,ਖਲ਼ ਜਾਂਦਾ ਏ।
ਲੱਥੀ-ਚੜ੍ਹੀ ਦਾ,ਬੇਸ਼ਰਮ ਨੂੰ ਕੀ ਏ?
ਥੁੱਕ ਵਿੱਚ ਪਕੌੜਾ,ਉਹ ਤਲ਼ ਜਾਂਦਾ ਏ।
ਆਓ ਲਾਈਏ,ਕਿਤੇ ਮੁਹੱਬਤੀ ਬੂਟਾ,
ਪਲ਼ਦਾ,ਪਲ਼ਦਾ;ਪਲ਼ ਜਾਂਦਾ ਏ।
ਢਲ਼ਦਾ,ਢਲ਼ਦਾ;ਢਲ਼ ਜਾਂਦਾ ਏ,
ਮਿੱਟੀ ਵਿੱਚ ਹੀ,ਰਲ਼ ਜਾਂਦਾ ਏ।
ਬਲਦੇਵ ਕ੍ਰਿਸ਼ਨ ਸ਼ਰਮਾ