ਬਠਿੰਡਾ ਨਗਰ ਨਿਗਮ ਵੱਲੋਂ ਬਠਿੰਡਾ ਦੀ ਕੇਂਦਰੀ ਜੇਲ੍ਹ ਬਠਿੰਡਾ ਤੋਂ ਇਲਾਵਾ ਆਦਰਸ਼ ਨਗਰ, ਕਰਤਾਰ ਕਾਲੋਨੀ, ਐੱਨਐੱਫਐੱਲ ਖੇਤਰ, ਸੁੱਚਾ ਸਿੰਘ ਨਗਰ ਸਮੇਤ ਬਠਿੰਡਾ ਦੀ ਬਸਤੀਆਂ ਦੇ ਸੀਵਰੇਜ ਦਾ ਗੰਦਾ ਪਾਣੀ ਚੰਦਭਾਨ ਡਰੇਨ ਵਿੱਚ ਸੁੱਟਣ ਦਾ ਮਾਮਲਾ ਇੱਕ ਵਾਰ ਫੇਰ ਭਖ ਗਿਆ ਹੈ।
ਜ਼ਿਕਰਯੋਗ ਹੈ ਕਿ ਪਹਿਲਾਂ ਵੀ ਪਿੰਡਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਸੀ। ਕੁਝ ਸਮਾਂ ਸਿਵੀਆ ਪਿੰਡ ਤੱਕ ਪਾਈਪ ਲਾਈਨ ਪਾਉਣ ਦਾ ਕੰਮ ਰੁਕ ਗਿਆ ਸੀ ਪਰ ਸੀਵਰੇਜ ਵਿਭਾਗ ਨੇ ਪਿੰਡਾਂ ਦੇ ਵਿਰੋਧ ਤੋਂ ਬਾਅਦ 6 ਕਿਲੋਮੀਟਰ ਪਾਈਪ ਲਾਈਨ ਤੋਂ ਬਾਅਦ ਕੰਮ ਰੋਕ ਦਿੱਤਾ ਗਿਆ ਸੀ। ਸੀਵਰੇਜ ਵਿਭਾਗ ਵੱਲੋਂ 16 ਕਿੱਲੋਮੀਟਰ ਪਾਈਪ ਲਾਈਨ ਰਾਹੀਂ ਸ਼ਹਿਰ ਦੇ ਸੀਵਰੇਜ ਦਾ ਪਾਣੀ ਸੁੱਟਿਆ ਜਾਣਾ ਹੈ। ਦੁਬਾਰਾ ਪਾਈਪ ਲਾਈਨ ਦਾ ਕੰਮ ਸ਼ੁਰੂ ਹੋਣ ਤੋਂ ਬਾਅਦ ਅੱਜ ਪਿੰਡ ਮਹਿਮਾ ਸਰਕਾਰੀ, ਮਹਿਮਾ ਸਰਜਾ, ਅਬਲੂ ਤੇ ਕੋਠੇ ਲਾਲ ਸਿੰਘ ਵਾਲੇ ਆਦਿ ਪਿੰਡਾਂ ਵੱਲੋਂ ਸੀਵਰੇਜ ਵਿਭਾਗ ਅਤੇ ਪੰਜਾਬ ਸਰਕਾਰ ਖ਼ਿਲਾਫ਼ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ ਗਈ। ਸਾਬਕਾ ਅਕਾਲੀ ਸਰਪੰਚ ਰਾਜਵਿੰਦਰ ਸਿੰਘ, ਨਹਿਰੂ, ਸਰਬਜੀਤ ਸ਼ਰਮਾ, ਸੁਖਰਾਜ ਸਿੰਘ ਰਾਜ਼ੀ, ਭੋਲੋ ਕੌਰ, ਭੋਲਾ ਸਿੰਘ ਅਬਲੂ ਆਦਿ ਨੇ ਪੰਜਾਬ ਸਰਕਾਰ ’ਤੇ ਦੋਸ਼ ਲਗਾਏ ਕਿ ਸ਼ਹਿਰ ਪਿੰਡਾਂ ਵਿੱਚ ਪਹਿਲਾ ਕੈਂਸਰ ਵਰਗੀਆਂ ਅਲਾਮਤਾਂ ਤੋਂ ਲੋਕ ਦੁਖੀ ਹਨ ਅਤੇ ਸ਼ਹਿਰ ਦਾ ਸੀਵਰੇਜ ਦਾ ਬਰਸਾਤੀ ਨਾਲੇ ਵਿੱਚ ਪਾਣੀ ਸੁੱਟਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ।
ਉਨ੍ਹਾਂ ਖ਼ਦਸ਼ਾ ਜ਼ਾਹਿਰ ਕੀਤਾ ਕਿ ਖੇਤਾਂ ਨਾਲ ਲੰਘਦੀ ਡਰੇਨ ਅੰਦਰ ਸੀਵਰੇਜ ਦਾ ਪਾਣੀ ਪਾਉਣ ਨਾਲ ਖੇਤਾਂ ਵਿੱਚ ਲੱਗੀਆਂ ਮੋਟਰਾਂ ਅਤੇ ਟਿਊਬਵੈੱਲ ਦਾ ਪਾਣੀ ਖ਼ਰਾਬ ਹੋ ਜਾਵੇਗਾ ਅਤੇ ਜਿਸ ਨਾਲ ਡਰੇਨ ਲਗਦੇ ਹਜ਼ਾਰਾ ਏਕੜ ਜ਼ਮੀਨ ਦੇ ਕਿਸਾਨ ਦੀ ਫ਼ਸਲ ਖ਼ਰਾਬ ਹੋ ਜਾਵੇਗੀ। ਉਨ੍ਹਾਂ ਚਿਤਾਵਨੀ ਜਾਰੀ ਕੀਤੀ ਕਿ ਜੇਕਰ ਠੇਕੇਦਾਰ ਵੱਲੋਂ ਦੁਬਾਰਾ ਕੰਮ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਲੰਮਾ ਸੰਘਰਸ਼ ਵਿੱਢਣਗੇ ਅਤੇ ਸੀਵਰੇਜ ਪਾਈਪ ਲਾਈਨ ਦਾ ਵਿਰੋਧ ਕਰਨਗੇ। ਉੁਹ ਭਲਕੇ ਡਿਪਟੀ ਕਮਿਸ਼ਨਰ ਬਠਿੰਡਾ ਅਤੇ ਡਰੇਨ ਵਿਭਾਗ ਦੇ ਅਧਿਕਾਰੀ ਮਿਲ ਕੇ ਕੰਮ ਰੋਕਣ ਲਈ ਮੰਗ ਪੱਤਰ ਦੇਣਗੇ।
ਕਿਸਾਨ ਦੇ ਖੇਤਾਂ ਨੂੰ ਪਾਣੀ ਟਰੀਟ ਕਰ ਕੇ ਦਿੱਤਾ ਜਾਵੇਗਾ: ਐਕਸੀਅਨ
ਇਸ ਸਬੰਧੀ ਸੀਵਰੇਜ ਬੋਰਡ ਦੇ ਐਕਸੀਅਨ ਅਸ਼ਵਨੀ ਕੁਮਾਰ ਦਾ ਕਹਿਣਾ ਹੈ ਕਿ ਸੀਵਰੇਜ ਦੇ ਪਾਣੀ ਨੂੰ ਟਰੀਟ ਕਰ ਕੇ ਖੇਤਾਂ ਨੂੰ ਦਿੱਤਾ ਜਾਵੇਗਾ। ਇਸ ਲਈ ਪਿੰਡਾਂ ਵਿਚਲੇ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ, ਉਨ੍ਹਾਂ ਕਿਹਾ ਇਸ ਦੀ ਵਰਤੋਂ ਬਰਸਾਤ ਦੇ ਮੌਸਮ ਵਿੱਚ ਕੀਤੀ ਜਾਵੇਗੀ ਜਦੋਂ ਪਾਣੀ ਦੀ ਮਾਤਰਾ ਵਧ ਜਾਂਦੀ ਹੈ ਤਾਂ ਜੋ ਡਰੇਨ ਅੰਦਰ ਸੁੱਟਿਆ ਜਾ ਸਕੇ।