ਨਗਰ ਨਿਗਮ ਦੇ ਕਮਿਸ਼ਨਰ ਹਰਬੀਰ ਸਿੰਘ ਵੱਲੋਂ ਅੱਜ ਸਵੇਰੇ ਸ਼ਹਿਰ ਦੇ ਕਈ ਇਲਾਕਿਆਂ ਵਿਚ ਸਫਾਈ ਵਿਵਸਥਾ ਅਤੇ ਇਸ ਲਈ ਕੀਤੇ ਜਾਂਦੇ ਕੰਮਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ ਜਿਸ ਵਿਚ ਕਈ ਸਫਾਈ ਸੇਵਕ ਅਤੇ ਮੁੱਖ ਸੈਨੇਟਰੀ ਇੰਸਪੈਕਟਰ ਆਪਣੀ ਡਿਊਟੀ ਤੋਂ ਗੈਰ-ਹਾਜ਼ਰ ਮਿਲੇ। ਪ੍ਰਾਪਤ ਜਾਣਕਾਰੀ ਅਨੁਸਾਰ ਕਮਿਸ਼ਨਰ ਵੱਲੋਂ ਅੱਜ ਸਵੇਰੇ 6 ਵਜੇ ਤੋਂ ਲੈ ਕੇ ਪੌਣੇ ਅੱਠ ਵਜੇ ਤੱਕ ਆਪਣੀ ਟੀਮ ਨਾਲ ਸ਼ਹਿਰ ਦੇ ਵੇਰਕਾ, ਬਟਾਲਾ ਰੋਡ, ਅੰਦਰੂਨੀ ਸ਼ਹਿਰ, ਜਲਿਆਂਵਾਲਾ ਬਾਗ ਦਾ ਇਲਾਕਾ, ਘਿਓ ਮੰਡੀ, ਚੌਕ ਪਾਸ਼ੀਆ ਆਦਿ ਦੀ ਚੈਕਿੰਗ ਕੀਤੀ ਗਈ। ਉਨ੍ਹਾਂ ਨਾਲ ਨਿਗਮ ਦੇ ਮੈਡੀਕਲ ਅਧਿਕਾਰੀ ਸਮੇਤ ਹੋਰ ਸਟਾਫ ਵੀ ਹਾਜ਼ਰ ਰਿਹਾ। ਜਾਂਚ ਦੌਰਾਨ ਟੈਲੀਫੋਨ ਐਕਸਚੇਂਜ, ਘਿਉ ਮੰਡੀ, ਜਲਿਆਂਵਾਲਾ ਬਾਗ ਅਤੇ ਕੇਸਰ ਦੇ ਢਾਬੇ ਵਾਲੇ ਇਲਾਕੇ ਵਿਚ ਸਫਾਈ ਦੀ ਹਾਲਤ ਠੀਕ ਨਹੀਂ ਸੀ। ਉਨ੍ਹਾਂ ਮੌਜੂਦ ਸਟਾਫ ਨੂੰ ਹਦਾਇਤ ਕੀਤੀ ਕਿ ਸੈਲਾਨੀਆਂ ਕਰ ਕੇ ਸ਼ਹਿਰ ਵਿਚ ਹਰ sਵੇਲੇ ਲੱਖਾਂ ਲੋਕਾਂ ਦੀ ਆਮਦ ਰਹਿੰਦੀ ਹੈ। ਇਸ ਲਈ ਸਫਾਈ ਵਿਚ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਸਟਾਫ ਨੂੰ ਹਦਾਇਤ ਕੀਤੀ ਕਿ ਉਹ ਤੁਰੰਤ ਆਪਣੀ ਡਿਊਟੀ ਵੱਲ ਧਿਆਨ ਦੇਣ। ਕੰਪਨੀ ਬਾਗ ਦੀ ਪੜਤਾਲ ਵੇਲੇ ਵੀ ਸਫਾਈ ਠੀਕ ਨਹੀਂ ਸੀ ਜਿਸ ਨਾਲ ਉਨ੍ਹਾਂ ਇੱਥੇ ਰਾਤ ਦੇ ਵਕਤ ਸਫਾਈ ਕਰਨ ਦਾ ਵਿਕਲਪ ਵਿਚਾਰਿਆ ਤਾਂ ਜੋ ਸਵੇਰੇ ਸੱਜਰੇ ਸੈਰ ਕਰਨ ਆਉਣ ਵਾਲੇ ਸ਼ਹਿਰੀਆਂ ਨੂੰ ਸਾਫ ਤੇ ਸੁੰਦਰ ਪਾਰਕ ਤੇ ਰਸਤੇ ਮਿਲਣ। ਇਸ ਮੌਕੇ ਉਨ੍ਹਾਂ ਵੇਖਿਆ ਕਿ ਸਾਲਿਡ ਵੇਸਟ ਮੈਨੇਜਮੈਂਟ ਕੰਪਨੀ ਦੇ ਕਰਿੰਦੇ ਜੋ ਸ਼ਹਿਰ ਵਿਚ ਵੱਖ-ਵੱਖ ਥਾਵਾਂ ਤੋਂ ਕੂੜਾ ਚੁੱਕਦੇ ਹਨ, ਉਹ ਵੀ ਸਵੇਰੇ 8 ਵਜੇ ਤੱਕ ਆਪਣੀ ਡਿਊਟੀ ਉਤੇ ਨਹੀਂ ਸਨ ਆਏ, ਉਨ੍ਹਾਂ ਮੈਡੀਕਲ ਅਧਿਕਾਰੀ ਨੂੰ ਕੰਪਨੀ ਨੂੰ ਨੋਟਿਸ ਜਾਰੀ ਕਰਕੇ ਕਾਨੂੰਨੀ ਕਾਰਵਾਈ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਸੈਨੇਟਰੀ ਇੰਸਪੈਕਟਰਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਸਵੇਰੇ ਆਪਣੇ ਆਪਣੇ ਇਲਾਕੇ ਵਿਚ ਪਹੁੰਚ ਕੇ ਸਫਾਈ ਕਰਮਚਰੀਆਂ ਦੀ ਹਾਜ਼ਰੀ ਯਕੀਨੀ ਬਣਾਉਣ ਅਤੇ ਸਫਾਈ ਦੀ ਆਪ ਨਿਗਰਾਨੀ ਵੀ ਕਰਨ।
INDIA ਨਗਰ ਨਿਗਮ ਕਮਿਸ਼ਨਰ ਵੱਲੋਂ ਕਈ ਥਾਈਂ ਛਾਪੇ