ਨਗਰ ਕੌਂਸਲ ਨੂਰਮਹਿਲ ਖਿਲਾਫ਼ ਲੱਗੇ ਨਾਅਰੇ, 16 ਨੂੰ ਹੋਵੇਗਾ ਜ਼ਬਰਦਸਤ ਪ੍ਰਦਰਸ਼ਨ – ਅਸ਼ੋਕ ਸੰਧੂ ਨੰਬਰਦਾਰ

ਨੂਰਮਹਿਲ ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) : ਨਗਰ ਕੌਂਸਲ ਨੂਰਮਹਿਲ ਦੀ ਅਣਗਹਿਲੀ ਦੇ ਚਲਦਿਆਂ ਬੀਤੇ ਇੱਕ ਮਹੀਨੇ ਤੋਂ ਨੂਰਮਹਿਲ ਦੀ ਇੱਕ ਪ੍ਰਮੁੱਖ ਸੜਕ ਜੋ ਫਿਲੌਰ ਰੋਡ ਤੋਂ ਜਲੰਧਰ ਰੋਡ ਨੂੰ ਜੋੜਦੀ ਹੈ, ਸੜਕ ਵਿਚਕਾਰ ਇੱਕ ਵੱਡਾ ਟੋਇਆ ਪੈ ਚੁੱਕਾ ਹੈ ਅਤੇ ਇਸ ਸੜਕ ਨੇ ਛੱਪੜ ਦਾ ਰੂਪ ਧਾਰਣ ਕੀਤਾ ਹੋਇਆ ਹੈ।

ਜਿਸ ਕਾਰਣ ਰੋਜ਼ਾਨਾ ਹੀ ਹਾਦਸੇ ਹੁੰਦੇ ਹਨ। 8 ਤਰੀਕ ਦਿਨ ਮੰਗਲਵਾਰ ਨੂੰ ਇਸ ਸੜਕ ਉੱਪਰ ਜ਼ਬਰਦਸਤ ਹਾਦਸਾ ਹੋਇਆ ਜਿਸ ਵਿੱਚ 23/24 ਸਾਲ ਦਾ ਨੌਜਵਾਨ ਜ਼ਬਰਦਸਤ ਜ਼ਖਮੀ ਹੋ ਗਿਆ ਅਤੇ ਉਸਦਾ ਮੋਟਰਸਾਈਕਲ ਵੀ ਬੇਕਾਰ ਹੋ ਗਿਆ। ਇਹ ਹਾਦਸਾ ਇੱਕ ਧਾਰਮਿਕ ਅਸਥਾਨ ਸ਼ਾਹ ਫ਼ਤਹਿ ਅਲੀ / ਗੁਰਦੁਆਰਾ ਸ਼੍ਰੀ ਸਤਵੀਂ ਪਾਤਸ਼ਾਹੀ ਦੇ ਬਾਹਰ ਹੋਇਆ ਜਿੱਥੇ ਇਹ ਸੜਕ ਨਗਰ ਕੌਂਸਲ ਦੀ ਲਾਪਰਵਾਹੀ ਦੇ ਕਾਰਣ ਨਿੱਤ ਰਾਹਗੀਰਾਂ ਦਾ ਖੂਨ ਚੂਸਦੀ ਹੈ।

ਇਸ ਹਾਦਸੇ ਤੋਂ ਪ੍ਰਭਾਵਿਤ ਹੋ ਕੇ ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਨੇ ਡੀ.ਸੀ. ਜਲੰਧਰ ਪਾਸ ਸੜਕ ਨੂੰ ਤੁਰੰਤ ਪ੍ਰਭਾਵ ਨਾਲ ਠੀਕ ਕਰਵਾਉਣ ਦੀ ਗੁਹਾਰ ਲਗਾਈ ਅਤੇ ਉਸ ਲਿਖਤੀ ਪੱਤਰ ਦੀ ਕਾਪੀ ਕਾਰਜਸਾਧਕ ਅਫ਼ਸਰ ਨੂਰਮਹਿਲ ਨੂੰ ਭੇਜੀ, ਪਰ ਨਗਰ ਕੌਂਸਲ ਦੀ ਢਿੱਲੀ-ਮਿੱਠੀ ਚਾਲ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ ਨੇ ਲੋਕ ਸ਼ਕਤੀ ਨੂੰ ਨਾਲ ਲੈ ਕੇ ਨਗਰ ਕੌਂਸਲ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਐਲਾਨ ਕੀਤਾ ਕਿ ਜੇਕਰ 16 ਤਰੀਕ ਯਾਨੀ ਬੁੱਧਵਾਰ ਤੱਕ ਜੇਕਰ ਸੜਕ ਨੂੰ ਸੁਚੱਜੇ ਢੰਗ ਨਾਲ ਠੀਕ ਨਾ ਕੀਤਾ ਤਾਂ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਦਾ ਇਸੇ ਖੂਨੀ ਸੜਕ ਉੱਪਰ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਜਾਵੇਗਾ। ਉਪਰੰਤ ਨਗਰ ਕੌਂਸਲ ਦੇ ਦਫ਼ਤਰ ਵੀ ਪ੍ਰਦਰਸ਼ਨ ਕੀਤਾ ਜਾਵੇਗਾ।

ਨਗਰ ਕੌਂਸਲ ਖਿਲਾਫ਼ ਪ੍ਰਦਰਸ਼ਨ ਕਰਨ ਮੌਕੇ ਆਸ ਪਾਸ ਦੇ ਨੌਜਵਾਨਾਂ ਨੇ ਬੜਾ ਉਤਸ਼ਾਹ ਦਿਖਾਇਆ ਅਤੇ ਉਹਨਾਂ ਸਭ ਨੇ 16 ਤਰੀਕ ਦੇ ਪੁਤਲਾ ਫੂਕ ਮੁਜ਼ਾਹਰਾ ਕਰਨ ਵਿੱਚ ਵੱਡੀ ਗਿਣਤੀ ਸ਼ਾਮਲ ਹੋਣ ਦਾ ਭਰੋਸਾ ਦਿੱਤਾ। ਲੋਕਾਂ ਨੇ ਦੱਸਿਆ ਕਿ ਲੋਕਲ ਪ੍ਰਸ਼ਾਸਨ ਨੂੰ ਲੋਕਾਂ ਦੀ ਜਾਨ-ਮਾਲ ਦੀ ਕੋਈ ਪ੍ਰਵਾਹ ਨਹੀਂ ਜਿਸ ਕਾਰਣ ਜ਼ੋਰਦਾਰ ਪ੍ਰਦਰਸ਼ਨ ਕਰਨਾ ਅਤਿ ਜਰੂਰੀ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ, ਸਾਹਿਲ ਮੈਹਨ, ਰਵੀ ਥਾਪਰ, ਸੀਤਾ ਰਾਮ ਸੋਖਲ, ਸ਼ਰਨਜੀਤ ਸਿੰਘ ਬਿੱਲਾ, ਹਰਜਿੰਦਰ ਸਿੰਘ, ਹਰਪ੍ਰੀਤ ਸਿੰਘ, ਦਿਨਕਰ ਸੰਧੂ, ਗੈਰੀ, ਓਮ ਪ੍ਰਕਾਸ਼, ਲਾਡੀ ਸਿੱਪੀ, ਓਮ ਪ੍ਰਕਾਸ਼ ਜੰਡੂ ਅਤੇ ਹੋਰ ਉਸਾਰੂ ਸੋਚ ਵਾਲੇ ਨੌਜਵਾਨਾਂ ਨੇ ਹਿੱਸਾ ਲਿਆ।

Previous articleਝੋਨੇ ਦੀ ਨਵੀ ਕਿਸਮ ਦੇ ਬੀਜ ਨੇ ਕਿਸਾਨਾਂ ਦਾ ਦੇ ਝੋਨੇ ਦਾ ਕੀਤਾ ਨੁਕਸਾਨ
Next articleIPL ‘ਚ ਸਭ ਤੋਂ ਜ਼ਿਆਦਾ ਵਾਰ ‘0’ ‘ਤੇ ਆਊਟ ਹੋਣ ਵਾਲੇ ਟਾਪ 5 ਖਿਡਾਰੀ, ਸੂਚੀ ‘ਚ ਕਈ ਦਿੱਗਜ ਵੀ ਸ਼ਾਮਲ