ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਦਿੱਲੀ ਤੋਂ ਸ੍ਰੀ ਨਨਕਾਣਾ ਸਾਹਿਬ ਤੱਕ ਸਜਾਏ ਜਾ ਰਹੇ ਨਗਰ ਕੀਰਤਨ ਦਾ ਅੱਜ ਸੰਗਤਾਂ ਵੱਲੋਂ ਜੈਕਾਰਿਆਂ ਦੀ ਗੂੰਜ ਵਿੱਚ ਸਵਾਗਤ ਕੀਤਾ ਗਿਆ। ਨਗਰ ਕੀਰਤਨ ਵਿੱਚ ਸੋਨੇ ਦੀ ਪਾਲਕੀ, ਜੋ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਸੁਸ਼ੋਭਿਤ ਕੀਤੀ ਜਾਣੀ ਹੈ, ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ। ਨਗਰ ਕੀਰਤਨ ਸਵੇਰੇ ਦਿੱਲੀ ਤੋਂ ਚੱਲ ਕੇ ਬੀਤੀ ਦੇਰ ਰਾਤ ਲੁਧਿਆਣਾ ਪੁੱਜਿਆ ਸੀ ਅਤੇ ਗੁਰੂ ਨਾਨਕ ਖਾਲਸਾ ਕਾਲਜ ਮਾਡਲ ਟਾਊਨ ਵਿੱਚ ਵਿਸ਼ਰਾਮ ਉਪਰੰਤ ਅੱਜ ਸਵੇਰੇ ਅਗਲੇ ਪੜਾਅ ਲਈ ਰਵਾਨਾ ਹੋਇਆ। ਨਗਰ ਕੀਰਤਨ ਗੁਲਾਟੀ ਚੌਕ, ਚਾਰ ਖੰਭਾ ਚੌਕ, ਬਾਬਾ ਦੀਪ ਸਿੰਘ ਗੁਰਦੁਆਰਾ ਚੌਕ, ਦੀਪ ਹਸਪਤਾਲ, ਪ੍ਰੀਤ ਪੈਲੇਸ, ਗਿੱਲ ਚੌਕ, ਵਿਸ਼ਵਕਰਮਾ ਚੌਕ, ਜਗਰਾਉਂ ਪੁੱਲ ਕੱਟ, ਪੁਰਾਣੀ ਜੇਲ ਰੋਡ, ਗੁਰਦੁਆਰਾ ਕਲਗੀਧਰ ਸਾਹਿਬ, ਸੁਭਾਨੀ ਬਿਲਡਿੰਗ, ਰੇਲਵੇ ਸਟੇਸ਼ਨ, ਘੰਟਾ ਘਰ, ਸਲੇਮ ਟਾਬਰੀ, ਜਲੰਧਰ ਬਾਈਪਾਸ, ਲਾਡੋਵਾਲ ਬਾਈਪਾਸ ਹੁੰਦਾ ਹੋਇਆ ਫਿਲੌਰ ਲਈ ਰਵਾਨਾ ਹੋਇਆ। ਇਸ ਮੌਕੇ ਜ਼ਿਲ੍ਹਾ ਪੁਲੀਸ ਵੱਲੋਂ ਨਗਰ ਕੀਰਤਨ ਨੂੰ ਗਾਰਡ ਆਫ਼ ਆਨਰ ਪੇਸ਼ ਕੀਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ ਵੀ ਹਾਜ਼ਰ ਸਨ। ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਦੇ ਪ੍ਰਧਾਨ ਪ੍ਰਿਤਪਾਲ ਸਿੰਘ, ਨਾਇਬ ਸ਼ਾਹੀ ਇਮਾਮ ਮੁਹੰਮਦ ਉਸਮਾਨ ਰਹਿਮਾਨ ਦਾ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਜਨਰਲ ਸਕੱਤਰ ਹਰਵਿੰਦਰ ਸਿੰਘ ਸਰਨਾ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਜਸਵਿੰਦਰ ਸਿੰਘ ਬਲੀਏਵਾਲ, ਆਲ ਇੰਡੀਆ ਕਾਂਗਰਸ ਕਮੇਟੀ ਦੇ ਰਾਸ਼ਟਰੀ ਕੋਆਰਡੀਨੇਟਰ ਪ੍ਰਿਤਪਾਲ ਸਿੰਘ ਬਲੀਏਵਾਲ, ਮਲਕੀਤ ਸਿੰਘ ਦਾਖਾ, ਪੁਲੀਸ ਕਮਿਸ਼ਨਰ ਰਾਕੇਸ਼ ਅਗਰਵਾਲ, ਡਾ.ਐੱਸਪੀ ਸਿੰਘ, ਪ੍ਰੋ. ਗੁਰਭਜਨ ਸਿੰਘ ਗਿੱਲ ਅਤੇ ਡਾ. ਅਮਰਜੀਤ ਸਿੰਘ ਦੂਆ ਆਦਿ ਵੀ ਹਾਜ਼ਰ ਸਨ।