ਦੇਸ਼ ਵਿੱਚ ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਤੋਂ ਪਹਿਲਾਂ ਛੱਤੀਸਗੜ੍ਹ ਦੇ ਨਕਸਲੀ ਹਿੰਸਾ ਤੋਂ ਪ੍ਰਭਾਵਿਤ ਜ਼ਿਲ੍ਹਾ ਦਾਂਤੇਵਾੜਾ ਵਿੱਚ ਭਾਜਪਾ ਵਿਧਾਇਕ ਦੇ ਕਾਫਲੇ ਉਤੇ ਹੋਏ ਹਮਲੇ ਵਿੱਚ ਵਿਧਾਇਕ ਭੀਮਾ ਮੰਡਵੀ ਅਤੇ ਚਾਰ ਸੁਰੱਖਿਆ ਕਰਮੀ ਮਾਰੇ ਗਏ ਹਨ। ਇਹ ਹਮਲਾ ਸੂਬੇ ਦੀ ਰਾਜਧਾਨੀ ਰਾਏਪੁਰ ਤੋੋਂ 450 ਕਿਲੋਮੀਟਰ ਦੂਰ ਸ਼ਿਆਮਗਿਰੀ ਪਹਾੜੀਆਂ ਵਿੱਚ ਉਦੋਂ ਹੋਇਆ ਜਦੋਂ ਕਾਫਲਾ ਕੁਵਾਕੋਂਡਾ ਤੋਂ ਬਛੇਲੀ ਦੀ ਵੱਲ ਜਾ ਰਿਹਾ ਸੀ। ਨਕਸਲੀਆਂ ਨੇ ਕਾਫਲੇ ਨੂੰ ਨਿਸ਼ਾਨਾ ਬਣਾਉਂਦਿਆਂ (ਆਈਈਡੀ ਵਿਸਫੋਟ) ਬੰਬ ਧਮਾਕਾ ਕਰਕੇ ਇੱਕ ਵਾਹਨ ਨੂੰ ਉਡਾ ਦਿੱਤਾ ਅਤੇ ਗੋਲੀਬਾਰੀ ਸ਼ਰੂ ਕਰ ਦਿੱਤੀ। ਹਮਲੇ ਵਿੱਚ ਵਿਧਾਇਕ ਭੀਮਾ ਮੰਡਵੀ ਅਤੇ ਚਾਰ ਸੁਰੱਖਿਆ ਮੁਲਾਜ਼ਮ ਮਾਰੇ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਹਮਲਾਵਰ ਬਖ਼ਸ਼ੇ ਨਹੀਂ ਜਾਣਗੇ ਜਦੋਂਕਿ ਕਾਂਗਰਸ ਨੇ ਹਮਲੇ ਦੀ ਨਿਖੇਧੀ ਕੀਤੀ ਹੈ। ਪੁਲੀਸ ਅਧਿਕਾਰੀਆਂ ਅਨੁਸਾਰ ਇਲਾਕੇ ਦੀ ਘੇਰਾਬੰਦੀ ਕਰਕੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਇਹ ਖੇਤਰ ਨਕਸਲੀ ਹਿੰਸਾ ਤੋਂ ਪ੍ਰਭਾਵਿਤ ਹੈ। ਇਹ ਹਮਲਾ ਉਦੋਂ ਹੋਇਆ ਹੈ ਜਦੋਂ ਸੁਰੱਖਿਆ ਏਜੰਸੀਆਂ ਨੇ ਨਕਸਲੀਆਂ ਵਿਰੁੱਧ ਇਲਾਕੇ ਵਿੱਚ ਵੱਡੇ ਪੱਧਰ ਉੱਤੇ ਕਾਰਵਾਈ ਆਰੰਭੀ ਹੋਈ ਹੈ। ਸਰਕਾਰੀ ਸੂਤਰਾਂ ਅਨੁਸਾਰ ਇਹ ਹਮਲਾ ਮਈ 2013 ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਨਕਸਲੀ ਹਿੰਸਾ ਤੋਂ ਪ੍ਰਭਾਵਿਤ ਬਸਤਰ ਜ਼ਿਲ੍ਹੇ ਵਿੱਚ ਹੋਏ ਹਮਲੇ ਦੇ ਨਾਲ ਮਿਲਦਾ ਜੁਲਦਾ ਹੀ ਹੈ। ਇਸ ਹਮਲੇ ਵਿੱਚ ਕਾਂਗਰਸ ਦੇ ਸੀਨੀਅਰ ਆਗੂ ਮਹਿੰਦਰ ਕਰਮਾ ਅਤੇ ਸਾਬਕਾ ਕੇਂਦਰੀ ਮੰਤਰੀ ਵੀਸੀ ਸ਼ੁਕਲਾ ਸਮੇਤ 27 ਲੋਕ ਮਾਰੇ ਗਏ ਸਨ। ਪਿਛਲੇ ਸਾਲ ਨਵੰਬਰ ਮਹੀਨੇ ਵਿੱਚ ਵੀ ਦਾਂਤੇਵਾੜਾ ਵਿੱਚ ਨਕਸਲੀਆਂ ਵੱਲੋਂ ਕੀਤੇ ਬੰਬ ਧਮਾਕੇ ਵਿੱਚ ਸੀਆਈਐੱਸਐੱਫ ਦੇ ਇੱਕ ਮੁਲਾਜ਼ਮ ਸਮੇਤ ਚਾਰ ਨਾਗਰਿਕ ਮਾਰੇ ਗਏ ਸਨ। ਦਾਂਤੇਵਾੜਾ ਬਸਤਰ ਲੋਕ ਸਭਾ ਹਲਕੇ ਵਿੱਚ ਆਉਂਦਾ ਹੈ, ਇੱਥੇ ਲੋਕ ਸਭਾ ਲਈ 11 ਅਪਰੈਲ ਨੂੰ ਵੋਟਾਂ ਪੈਣੀਆਂ ਹਨ। ਇਸ ਘਟਨਾ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਭੁਪੇਸ਼ ਬਾਘੇਲ ਨੇ ਨਕਸਲ ਵਿਰੋਧੀ ਓਪਰੇਸ਼ਨ ਦੇ ਇੰਚਾਰਜ ਡੀਆਈਜੀ ਪੀ ਸੰਦਰ ਰਾਜ ਨਾਲ ਗੱਲਬਾਤ ਕਰਕੇ ਜਾਣਕਾਰੀ ਹਾਸਲ ਕੀਤੀ ਹੈ। ਸ੍ਰੀ ਬਘੇਲ ਨੇ ਭਾਜਪਾ ਵਧਾਇਕ ਭੀਮਾ ਮੰਡਵੀ ਅਤੇ ਚਾਰ ਸੁਰੱਖਿਆ ਮੁਲਾਜ਼ਮਾਂ ਦੇ ਨਕਸਲੀ ਹਮਲੇ ਵਿੱਚ ਮਾਰੇ ਜਾਣ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮ੍ਰਿਤਕ ਸੁਰੱਖਿਆ ਜਵਾਨਾਂ ਦੀ ਪਛਾਣ ਡਰਾਈਵਰ ਦੰਤੇਸ਼ਵਰ ਮੌਰੀਆ, ਜ਼ਿਲ੍ਹਾ ਪੁਲੀਸ ਦੇ ਜਵਾਨਾਂ ਛਗਨ ਕੁਲਦੀਪ, ਸੋਮਦੂ ਕਵਾਸੀ ਅਤੇ ਰਾਮਲਾਲ ਓਯਾਮੀ ਵਜੋਂ ਹੋਈ ਹੈ। ਇਸ ਦੌਰਾਨ ਭਾਜਪਾ ਨੇ ਨਕਸਲੀ ਹਮਲੇ ਤੋਂ ਬਾਅਦ ਮੰਗ ਕੀਤੀ ਕਿ ਚੋਣ ਕਮਿਸ਼ਨ ਛੱਤੀਸਗੜ੍ਹ ਵਿੱਚ ਸੁਰੱਖਿਆ ਦੀ ਜ਼ਿੰਮੇਵਾਰੀ ਲਏ। ਸੂਬਾਈ ਭਾਜਪਾ ਮੁਖੀ ਵਿਕਰਮ ਓਸੇਂਡੀ ਅਤੇ ਸਾਬਕਾ ਮੰਤਰੀ ਬ੍ਰਿਜਮੋਹਨ ਅਗਰਵਾਲ ਦੀ ਅਗਵਾਈ ਹੇਠ ਪਾਰਟੀ ਆਗੂਆਂ ਨੇ ਦੇਰ ਸ਼ਾਮ ਛੱਤੀਸਗੜ੍ਹ ਦੇ ਮੁੱਖ ਚੋਣ ਅਧਕਾਰੀ ਨੂੰ ਇਸ ਸਬੰਧੀ ਪੱਤਰ ਸੌਂਪਿਆ।
HOME ਨਕਸਲੀ ਹਮਲੇ ’ਚ ਭਾਜਪਾ ਵਿਧਾਇਕ ਤੇ 4 ਸੁਰੱਖਿਆ ਕਰਮੀ ਹਲਾਕ