ਧੰਨੇ ਭਗਤਾ ਤੇਰਾ ਕੌਣ ਬੇਲੀ

(ਸਮਾਜ ਵੀਕਲੀ)

ਪੰਜਾਬ ਅਤੇ ਭਾਰਤ ਦੇ ਹੋਰ ਭਾਗਾਂ ਵਿੱਚ ਖੇਤੀ ਆਰਡੀਨੈਂਸਾਂ ਦੇ ਪਾਸ ਹੋਣ ਤੋਂ ਬਾਅਦ ਕਿਸਾਨਾਂ ਵੱਲੋਂ ਕੁਦਰਤੀ ਕਰੋਪੀ ਸਮੇਂ ਸੜਕਾਂ ਤੇ ਉਤਰਨਾ ਤੇ ਸਰਕਾਰ ਦੇ ਇਹਨਾਂ ਕਾਨੂਨਾਂ ਵਿਰੁੱਧ ਉੱਠ ਰਿਹਾ ਵਿਦਰੋਹ ਇਹ ਜ਼ਾਹਰ ਕਰਦਾ ਹੈ ਕਿ ਕਿਸਾਨੀ ਉੱਤੇ ਆਉਣ ਵਾਲ਼ੇ ਦਿਨਾਂ ਵਿੱਚ ਦੁੱਖਾਂ ਦੇ ਪਹਾੜ ਟੁੱਟਣ ਵਾਲ਼ੇ ਹਨ। ਇੱਕ ਪੇਂਡੂ ਪਿਛੋਕੜ ਹੋਣ ਕਰਕੇ ਅਤੇ ਇਸ ਕਿੱਤੇ ਨਾਲ ਸਬੰਧਿਤ ਸਮੱਸਿਆਵਾਂ ਨਾਲ ਜਾਣੂਹੋਣ ਕਰਕੇ ਮੈਂ ਇਸ ਸਘੰਰਸ਼ ਦੌਰਾਨ ਵਾਰਤਾ ਲਿਖਕੇ eਸਿ ਸਘੰਰਸ਼ ਵਿੱਚ ਤਿਲ-ਫੁਲ ਪਾ ਰਿਹਾ ਹਾਂ।ਸਘੰਰਸ਼ ਵਿੱਚ ਯੋਗਦਾਨ ਪਾ ਰਹੇ ਆਪਣੇ ਚਾਚਿਆਂ, ਤਾਇਆਂ, ਵੀਰਾਂ ਭੈਣਾਂ ਅਤੇ ਮਾਵਾਂ ਨੂੰ ਦਿਲੋਂ ਸਲਾਮ ਕਰਦਾ ਹਾਂ।

ਇੱਕ ਲੋਕ ਬੋਲੀ ਵਿੱਚ ਜ਼ਿਮੀਦਾਰ ਦੀ ਹਾਲਤ ਦਾ ਵਰਨਣ ਕੀਤਾ ਗਿਆ ਹੈ ਕਿ ‘ਜੱਟਾ ਤੇਰੀ ਜੂਨ ਬੁਰੀ ਹਲ਼ ਛੱਡ ਕੇ ਚਰੀ ਨੂੰ ਜਾਣਾ। ਜੱਟ ਦੇ ਸਿਰ ਤੇ ੨੪ ਘੰਟੇ ਕੰਮਾਂ ਦਾ ਬਣਿਆ ਰਹਿੰਦਾ ਹੈ ਪਰ ਪ੍ਰਮਾਤਮਾ ਨੇ ਉਸ ਨੂੰ ਅਜਹਾ ਹੌਂਸਲਾ ਦਿੱਤਾ ਤੇ ਦਰਿਆ-ਦਿਲੀ ਦਿੱਤੀ ਹੈ, ਕਿ ਉਹ ਸੰਕਟ ਵਿੱਚ ਵੀ ਨਹੀਂ ਡੋਲਦਾ। ਏਸ ਲਿਖਤ ਵਿੱਚ ਅਜਿਹੇ ਤਜ਼ਰਬੇ ਸਾਂਝੇ ਕਰਾਂਗਾ ਜੋ ਅੱਖੀਂ ਦੇਖੇ ਤੇ ਹੰਡਾਏ ਹਨ। ਸਾਡਾ ਸਾਰਾ ਪਿੰਡ ਰੰਚਣਾ ਨੇੜੇ ਧੂਰੀ (ਬਹੁਮੱਤ) ਬ੍ਰਾਹਮਣਾਂ ਦਾ ਹੈ। ਸਾਰੇ ਘਰ ਜ਼ਮੀਨਾਂ ਜਾਇਦਾਦਾਂ ਵਾਲ਼ੇ ਹਨ ਸਾਰਿਆਂ ਨੇ ਖੇਤੀ ਨਾਲ਼ ਸਬੰਧਿਤ ਸਾਰੇ ਸੰਦ ਵੀ ਬਣਾ ਰੱਖੇ ਹਨ। ਮੇਰੇ ਖਿਆਲ ਮੁਤਾਬਿਕ ਜੋ ਪਰਿਵਾਰ ਖੇਤੀ ਕਰਦਾ,ਉੁਹ ਕਿਸਾਨ ਪਰਿਵਾਰ ਹੈ, ਜ਼ਾਤ ਬਰਾਦਰੀ ਜੋ ਪਰਜ਼ੀ ਹੋਵੇ, ਇਸੇ ਕਰਕੇ ਸਾਡੇ ਪਿੰਡਾਂ ਦੇ ਆਲ਼ੇ-ਦੁਆਲ਼ੇ ਦੇ ਕਿਸਾਨ, ਸਾਡੇ ਪਿੰਡ ਦੇ ਕਿਸਾਨਾਂ ਨੂੰ ਜੱਟ ਬ੍ਰਾਹਮਣ ਵੀ ਕਹਿਕੇ ਬੁਲਾਉਂਦੇ ਹਨ। ਪਿੰਡ ਦੇ ਕਿਸਾਨਾਂ ਵਿੱਚੋਂ ਮੈਨੂੰ ਗੁਰਦਿਆਲ ਸਿੰਘ ਦੇ ਨਾਵਲ ਵਾਲ਼ਾ ਪਰਸਾ ਦਿਖਾਈ ਦਿੰਦਾ ਹੈ ।

ਮੈਨੂੰ ਅੱਜ ਵੀ ਉਹ ਘਟਨਾ ਯਾਦ ਹੈ, ਜਦੋਂ ਛੇ ਮਹੀਨਿਆਂ ਬਾਅਦ ਬਾਪੂ ਅੜਤੀਏ ਨਾਲ਼ ਹਿਸਾਬ ਕਰਕੇ, ਕੁੱਝ ਨਹੀਂ ਬਚਿਆ, ਕੁਝ ਨਹੀਂ ਬਚਿਆ ਕਹਿੰਦਾ ਘਰੇ ਵੜਦਾ ਹੁੰਦਾ ਸੀ, ਫਿਰ ਦੂਸਰੇ ਦਿਨ ਉਹ ਹਿਸਾਬ ਦਿਆਲੇ ਸੀਰੀ ਨਾਲ਼ ਕਾਪੀ ਖੋਲ੍ਹ ਕੇ ਕਰਿਆ ਕਰਦਾ ਸੀ।ਜਿਸ ਵਿੱਚ ਸਾਰਾ ਖਰਚਾ ਲਿਖਿਆ ਹੁੰਦਾ ਸੀ, ਉੱਥੇ ਵੀ ਬੱਚਤ ਨਿਲ ਹੀ ਨਿਕਲਦੀ ਹੁੰਦੀ ਸੀ ਦੋ ਕੁ ਮਿੰਟ ਚੁੱਪ ਰਹਿਣ ਤੋਂ ਬਾਅਦ ਬਾਪੂ ਤੇ ਸੀਰੀ ਦਿਆਲਾ ਇਹ ਕਹਿ ਕੇ ਕੰਮ ਤੇ ਜੁੱਟ ਜਾਂਦੇ ਸਨ, ਕੋਈ ਗੱਲ ਨਹੀਂ, ਜੇ ਨਹੀਂ ਕੁੱਝ ਬਚਿਆ ਫਸਲ ਚੋਂ ਐਤਕੀਂ, ਆਪਾਂ ਤਾਂ ਬਚ ਗਏ, ਇਹੀ ਸ਼ੁਕਰ ਮਨਾਈਏ, ਇਸ ਤੋਂ ਵੱਡੀ ਜ਼ਿੰਦਾ-ਦਿਲੀ ਹੋਰ ਕੀ ਹੋ ਸਕਦੀ ਹੈ।

ਜੱਟ ਦੀ ਹੋਰ ਵਰਗਾਂ ਨਾਲ਼ ਸਾਂਝ ਮੈਂ ਅੱਖੀਂ ਦੇਖੀ ਹੈ। ਇਹ ਨਵੇਂ ਕਾਨੂੰਨ ਇਸ ਸਾਂਝ ਨੂੰ ਤਹਿਸ-ਨਹਿਸ ਕਰਕੇ ਰੱਖ ਦੇਣਗੇ। ਪਿੰਡਾਂ ਵਿੱਚ ਕਣਕ ਦੀ ਕਢਾਈ ਲਈ ਡਰੰਮੀ, ਥਰੈਸ਼ਰ, ਤੇ ਕੰਬਾਇਨ ਤੱਕ ਦਾ ਸਫਰ ਦੇਖਿਆ ਹੈ।ਜੱਟ ਤੇ ਸੀਰੀ ਦੀ ਸਾਂਝ ਦੇਖੀ ਹੈ। ਕਣਕ ਵੱਢਦੇ ਕਾਮਿਆਂ ਨੂੰ ਬੀਰ ਸਿੰਘ ਮਸ਼ਕ ਨਾਲ਼ ਪਾਣੀ ਪਿਲਾਂਉਂਦਾ ਦੇਖਿਆ, ਬਾਲ ਕਿਸ਼ਨ ਤਾਏ ਦਾ ਕਾਰਖਾਨਾ ਵੀ ਦੇਖਿਆ ਜਿੱਥੋਂ ਵਾਢੀਆਂ ਦੌਰਾਨ ਦਾਤੀਆਂ ਦੇ ਦੰਦੇ ਕਢਾਉਣ ਦੀ ਜ਼ਿਮੇਵਾਰੀ ਮੇਰੀ ਹੁੰਦੀ ਸੀ। ਉਸ ਨੂੰ ਛੇ ਮਹੀਨਿਆਂ ਬਾਅਦ ੧੦ ਪਨਸੇਰੀਆਂ ਕਣਕ ਤੇ ਪੰਜ ਪੰਡਾਂ ਤੂੜੀ ਲਿਜਾਂਦੇ ਵੀ ਦੇਖਿਆ।

ਨਵੇਂ ਖੇਤੀ ਕਾਨੂੰਨ ਆਉਣ ਨਾਲ਼ ਜੱਟ, ਸੀਰੀ, ਤਰਖਾਣਾ, ਘੁਮਿਆਰਾਂ, ਨਾਲ਼ ਸਬੰਧਿਤ ਸਾਰੇ ਰਿਸ਼ਤੇ ਮਲੀਆ ਮੇਟ ਹੋ ਜਾਣਗੇ। ਜੱਟ ਤੇ ਸੀਰੀ ਦਾ ਰਿਸ਼ਤਾ ਕੇਵਲ ਖੇਤੀ ਦਾ ਸੀਰੀ ਨਹੀਂ, ਸਗੋਂ ਦੁੱਖਾਂ ਤਕਲੀਫਾਂ ਵਿੱਚ ਵੀ ਸੀਰੀ (ਸਾਂਝੀ) ਵਾਲ਼ਾ ਰਿਸ਼ਤਾ ਹੁੰਦਾ ਸੀ। ਮੈਨੂੰ ਅੱਜ ਵੀ ਯਾਦ ਹੈ ਜਿਨ੍ਹਾਂ ਦਿਨਾਂ ਵਿੱਚ ਸਾਡੇ ਰੁਲਦੂ ਸੀਰੀ ਦਾ ਵਿਆਹ ਧਰਿਆ ਹੋਇਆ ਸੀ, ਮੇਰੀ ਭੂਆ ਪਹਿਲੇ ਬੱਚੇ ਦੇ ਜਨਮ ਸਮੇਂ ਹੀ ਸਵਰਗ ਸਿਧਾਰ ਗਈ ਸੀ, ਉਸ ਸਮੇਂ ਰੁਲਦੂ ਦੇ ਬਾਪੂ, ਤਾਏ ਭਜਨ ਅਤੇ ਤਾਈ ਨਰਾਤੀ ਨੇ ਰੁਲਦੂ ਦੇ ਵਿਆਹ ਉੱਤੇ ਲਾਊਡ ਸਪੀਕਰ ਅਤੇ ਬੈਂਡ-ਬਾਜੇ ਵਾਲ਼ਿਆਂ ਸਾਈ ਦੇ ਦਿੱਤੇ ਪੈਸੇ ਵਾਪਿਸ ਕਰਵਾ  ਲਏ ਸਨ। ਸਾਡੇ ਦੁੱਖਾਂ ਦੇ ਸੀਰੀ ਹੋਣ ਦੀ ਮਿਸਾਲ ਦਿੱਤੀ ਸੀ।

ਅੱਜ ਵੀ ਮੈਨੂੰ ਸਾਡੇ ਨਾਲ ਸੀਰੀ ਰਹੇ ਸੀਰੀਆਂ ਦਿਆਲ ਸਿੰਘ, ਸੁੱਚਾ ਸਿੰਘ, ਕੈਲਾ, ਕਾਕਾ, ਨੇਕ, ਸੇਵਾ, ਦਰਬਾਰਾ ਤੇ ਭੋਲੀ ਯਾਦ ਹਨ।ਸੀਰੀ ਚਾਚੇ, ਤਾਏ ਸਨ, ਸੁਹਨਾਂ ਸਾਨੂੰ ਮੋਢਿਆਂ ਤੇ ਚੁੱਕ-ਚੁੱਕ ਕੇ ਖਿਡਾਇਆ, ਪਰ ਨਵੇਂ ਕਾਨੂੰਨਾਂ ਨਾਲ ਇਹ ਸਾਰੇ ੇਸ਼ਤੇ ਖਤਮ ਹੋ ਜਾਣਗੇ।ਤਾਇਆ ਬਾਬੂ ਸਿੰਘ ਜਦੋਂ ਲੱਕ ਨਾਲ਼ ਸਰੋਂ ਦਾ ਬੀਜ ਬੰਨ੍ਹ ਕੇ ਹਲ਼ੀ ਨਾਲ਼ ਕਣਕ ਦੇ ਵਿੱਚ ਜਦੋਂ ਸਰੋਂ ਦੀਆਂ ਆਂਡਾਂ ਕੱਢਣੀਆਂ ਸ਼ੁਰੂ ਕਰਦਾ ਸੀ, ਤੇ ਨਾਲ ਗੁਣ ਗੁਣਾਉਂਦਾ ਸੀ, ਹਾਲ਼ੀ, ਪਾਲ਼ੀ, ਦੇ ਭਾਗੀ, ਚਿੜੀ ਜਨੌਰ ਦੇ ਭਾਗੀ, ਅਜਿਹੀ ਅਰਦਾਸ ਕਰਨ ਵਾਲ਼ੇ ਰਿਸ਼ਤੇ ਮਿੱਟੀ ਵਿੱਚ ਮਿਲ ਜਾਣਗੇ। ਖੇਤਾਂ ਦੇ ਰਾਜੇ ਕਹਾਉਣ ਵਾਲ਼ੇ, ਅਡਾਨੀਆਂ, ਅੰਬਾਨੀਆਂ,ਮਹਿੰਦਰਾ ਦੇ ਸੀਰੀ ਬਣਕੇ ਰਹਿ ਜਾਣਗੇ।ਪਰ ਇਹ ਰਿਸ਼ਤਾ, ਪੁਰਾਤਨ ਜੱਟ ਤੇ ਸੀਰੀ ਵਰਗਾ ਨਹੀਂ ਹੋਵੇਗਾ। ਪਿਆਰ ਦੀ ਥਾਂ ਤੇ ਮੁਨਾਫਾ ਮੁੱਖ ਹੋਵੇਗਾ। ਖੇਤੀ ਨਾਲ਼ ਜੁੜੇ ਸਾਰੇ ਵਰਗਾਂ ਪੱਲੇਦਾਰਾਂ, ਆੜਤੀਏ, ਟਰਾਂਸਪੋਰਟਰਾਂ ਦੀਆਂ ਬਾਰੀਕ ਤੰਦਾਂ ਤਾਰ-ਤਾਰ ਹੋ ਜਾਣਗੀਆਂ।

ਆੜਤੀਏ ਜੋ ਜੱਟ ਦੀ ਪੱਤ ਰੱਖਣ ਦਾ ਸਬੱਬ ਬਣਦੇ ਸਨ, ਮਾਰਕੀਟ ਵਿੱਚੋਂ ਗਾਇਬ ਹੋ ਜਾਣਗੇ। ਜੱਟ ੇ ਆੜਤੀਏ ਦੇ ਰਿਸ਼ਤੇ ਦੀ ਗਾਥਾ ਵੀ ਯਾਦ ਹੈ। ਜਦੋਂ ਸਾਡੇ ਗੁਆਂਡੀ ਪਾਲੇ ਦੀ ਦਾਦੀ ਸਵਰਗ ਸਿਧਾਰ ਗਈ ਸੀ ਤਾਂ ਪਾਲੇ ਦਾ ਬਾਪੂ ਸਿਵਿਆਂ ਵਿੱਚੋਂ ਮਾਂ ਦੇ ਫੁੱਲ ਚੁਗ ਕੇ ਚਿੱਟੀ ਪੋਟਲੀ ਵਿੱਚ ਬੰਨ੍ਹ ਕੇ ਆੜਤੀਏ ਦੀ ਦੁਕਾਨ ਵਿੱਚ ਜਾ ਵੜਿਆ ਸੀ, ਹਰਿਦੁਆਰ ਫੁੱਲ ਤਾਰਣ ਲਈ ਕਿਰਾਏ ਦੇ ਪੈਸੇ ਆੜਤੀਏ ਤੋਂ ਲੈ ਕੇ ਹੀ ਤੁਰਿਆ ਸੀ। ਆੜਤੀਏ ਨੇ ਦੁੱਖ ਪ੍ਰਗਟਾਉਂਦਿਆਂ ਕਿਹਾ ਸੀ, ਮਾਤਾ ਤੁਹਾਡੀ ਪੂਰੀ ਨਹੀਂ ਹੋਈ, ਇਹ ਤਾਂ ਸਾਡੀ ਮਾਂ ਹੀ ਪੂਰੀ ਹੋਈ ਹੈ। ਹੁਣ ਫੁੱਲ ਪਾਉਣ ਤੋਂ ਲੈ ਕੇ ਭੋਗ ਤੱਕ ਦਾ ਸਾਰਾ ਖਰਚਾ ਮੈਂ ਹੀ ਕਰਾਂਗਾ,ਤੁਹਾਡੇ ਨਾਲ ਹਾੜੀ, ਸਾਉਣੀ ਹੀ ਸਮਝਾਂਗਾ। ਬੜੇ ਲੰਮੇ ਸਮੇਂ ਤੋਂ ਆੜਤੀਏ ਕਿਸਾਨਾਂ ਦੇ ਏ.ਟੀ.ਐਮ. ਬਣੇ ਆ ਰਹੇ ਹਨ।

ਜਿਸ ਦਿਨ ਖੇਤ ਵਿੱਚ ਥਰੈਸ਼ਰ ਜਾਂ ਡਰੰਮੀ ਨਾਲ਼ ਕਣਕ ਕੱਢਣ ਦਾ ਮਹੂਰਤ ਹੁੰਦਾ ਸੀ, ਵਿਆਹ ਵਰਗਾ ਦਿਨ ਲੱਗਦਾ ਸੀ। ਖੇਤ ਵਿੱਚ ਜਿੱਥੇ ਥਰੈਸ਼ਰ ਫਿੱਟ ਕਰਨਾ ਹੁੰਦਾ ਸੀ, ਹਫਤਾ ਪਹਿਲਾਂ ਹੀ ਪਿੜ ਘੜ੍ਹਨ ਦੀ ਤਿਆਰੀ ਹੋ ਜਾਂਦੀ ਸੀ ਜਦੋਂ ਕਣਕ ਦੀਆਂ ਛੱਲਾਂ ਡਰੰਮੀ ਦੇ ਪਾੜਸੇ ਚੋਂ ਤਸਲੇ ਚ ਡਿਗਦੀਆਂ ਸਨ, ਉਹ ਨਜ਼ਾਰਾ ਪੇਸ਼ ਕਰਨਾ ਮੁਸ਼ਕਿਲ ਹੈ। ਥਰੈਸ਼ਰ ਦੇ ਚੱਲਦੇ ਸਮੇਂ ਸੀਰੀਆਂ ਨੂੰ ਭਰੇ ਚੁਕਾਉਣ ਦੀ ਜ਼ਿੰਮੇਵਾਰੀ ਮੈਂ ਵੀ ਨਿਭਾਈ ਹੈ ਤੇ ਨਾਲ਼ੋ ਨਾਲ਼ ਖਾਲੀ ਹੁੰਦੇ ਖੇਤਾਂ ਵਿੱਚੋਂ “ਸੰਤੋ” ਤਾਈ ਦੁਆਰਾ ਬੱਲੀਆਂ ਚੁਗ-ਚੁਗ ਕੇ ਖਾਣ ਜੋਗੀ ਸਾਲ ਭਰ ਦੀ ਕਣਕ ਇਕੱਠੀ ਕਰ ਲੈਣਾ ਅੱਜ ਵੀ ਮੈਨੂੰ ਕੱਲ੍ਹ ਦੀਆਂ ਗੱਲਾਂ ਲੱਗਦੀਆਂ ਹਨ।

ਨਵੇਂ ਕਾਨੂੰਨ ਇਹ ਸਭ ਰਿਸ਼ਤੇ ਖਤਮ ਕਰ ਦੇਣਗੇ।ਹੁਣ ਵੀ ਜਦੋਂ ਪਿੰਡ ਕਣਕ ਜਾਂ ਝੋਨਾ ਕੱਟਣ ਲਈ ਕੰਬਾਇਨ ਆਉਣੀ ਹੁੰਦੀ ਹੈ, ਮੈਂ ਵਾਰ- ਵਾਰ ਫੋਨ ਕਰਕੇ ਪਿੰਦੋਂ ਪੁੱਛਦਾ ਹਾਂਕਿ ਖੂਹ ਵਾਲ਼ੇ ਖੇਤੋਂ ਕਿੰਨੀਆਂ ਟਰਾਲੀਆਂਹੋ ਗਈਆਂ ਅਤੇ ਨਹਿਰੋਂ ਪਾਰੋਂ ਕਿੰਨੀਆਂ, ਨਵੇਂ ਕਾਨੂੰਨ ਲਾਗੂ ਹੋਣ ਨਾਲ਼ ਇਹਨਾਂ ਟਰਾਲੀਆਂ ਦਾ ਚਾਅ ਕਿਸਾਨੀ ਪਰਿਵਾਰਾਂ ਨਾਲ਼ ਜੁੜੇ ਮੇਰੇ ਵਰਗਿਆਂ ਨੂੰ ਪਟਿਆਲਾ ਬੈਠਿਆਂ ਨੂੰ ਨਹੀਂ ਹੋਵੇਗਾ ਸਗੋਂ ਅੰਬਾਨੀਆਂ, ਅਡਾਨੀਆਂ ਅਤੇ ਉਹਨਾਂ ਦੇ ਮੈਨੇਜਰਾਂ ਨੂੰ ਹੋਵੇਗਾ। ਜਦੋਂ ਮੰਡੀ ਵਿੱਚ ਪੱਲੇਦਾਰ ਕਣਕ ਦੀਆਂ ਬੋਰੀਆਂ ਭਰ ਕੇ ਲੰਬੀਆਂ ਲਾਈਨਾਂ ਲਾ ਦਿੰਦੇ ਸਨ ਤਾਂ ਕਿਸਾਨ ਇੱਕ-ਇੱਕ ਕਰਕੇ ਆੜਤੀਏ ਦੇ ਮੁਨੀਮ ਨਾਲ ਬੋਰੀਆਂ ਗਿਣ ਕੇ ਜੋ ਮਹਿਸੂਸ ਕਰਦਾ ਸੀ, ਉਹ ਸਾਰੇ ਚਾਅ ਦਿਲ ਵਿੱਚ ਹੀ ਦਬ ਕੇ ਰਹਿ ਜਾਣਗੇ। ਜਾਨੀ ਮਾਲਕਾਨਾ ਹੱਕਾਂ ਵਾਲ਼ੀ ਚੌਧਰ ਖਤਮ ਹੋ ਜਾਵੇਗੀ।

ਬੇਰੁਜ਼ਗਾਰੀ ਦੀ ਮਾਰ ਝੱਲਦਾ ਜਦੋਂ ਮੇਰਾ ਭਤੀਜਾ ‘ਵਿਵੇਕ’ ਦੇਸ ਛੱਡ ਕੇ ਪ੍ਰਦੇਸੀ ਬਣ ਨਿਊਜ਼ੀਲੈਂਡ ਵਿੱਚ ਬੈਠਾ ਫੇਸ-ਬੁੱਕ ਤੇ ਮੋਟਰ ਵਾਲ਼ੇ ਕੋਠੇ ਤੇ ਲਹਿਲਹਾਉਂਦੀ ਕਣਕ ਦੀਆਂ ਤਸਵੀਰਾਂ ਪਾਉਂਦਾ ਹੈ, ਅਤੇ ਥੱਲੇ ਕੈਪਸ਼ਨ ਲਿਖਦਾ ਹੈ ਕਿ ਸਾਡੇ ਵੀ ਕੋਠੇ ਤੇ ਖੇਤ ਹੁੰਦੇ ਸਨ, ਪੜ੍ਹ ਕੇ ਅੱਖਾਂ ਭਰ ਆਉਂਦੀਆਂ ਹਨ। ਹੁਣ ਨਵੇਂ ਕਾਨੂੰਨ ਆਉਣ ਨਾਲ਼ ਪਤਾ ਨਹੀਂ ਹੋਰ ਕਿੰਨੇ ਕੁ ਨੌਜਵਾਨਾਂ ਨੂੰ ਜਨਮ ਭੂਮੀ ਛੱਡ ਕੇ ਪ੍ਰਦੇਸੀ ਬਣਨਾ ਪਵੇਗਾ ਤੇ ਪਿੰਡਾਂ ਦਾ ਹੇਰਵਾ ਸਹਿਣਾ ਪਵੇਗਾ।

ਸਖ਼ਤ ਮਿਹਨਤਾਂ ਨਾਲ਼ ਕੱਲਰਾਂ ਵਾਲ਼ੀਆਂ ਜ਼ਮੀਨਾਂ ਵਿੱਚ ਜਿਪਸਮ ਦੀਆਂ ਪਾਈਆਂ ਟਰਾਲੀਆਂ ਨਾਲ ਉਪਜਾਊ ਕੀਤੀ ਜ਼ਮੀਨ ਤੇ ਕਿਸਾਨਾਂ ਦੇ ਟਰੈਕਟਰ ਨਹੀਂ ਚੱਲਣਗੇ ਸਗੋਂ ਧਨਾਢਾਂ ਦੇ ਬੁਲਡੋਜ਼ਰ ਚੱਲਣਗੇ। ਮੈਨੂੰ ਅੱਜ ਵੀ ਕੱਲਰਾਂ ਵਾਲ਼ੀ ਜ਼ਮੀਨ ਚਾਲੂ ਕਰਨ ਸਮੇਂ, ਮਾਤਾ ਦੇ ਵਿਹੜੇ ਵਿੱਚ ਬਣੇ ਚੁੱਲ੍ਹੇ ਉੱਤੇ ਮੰਜਾ ਖੜਾ ਕੇ ਕੀਤੀ ਛਾਂ ਵਿੱਚ ਦਿਹਾੜੀਆਂ ਲਈ ਬਣਾਈਆਂ ਮਣਾਂ-ਮੂੰਹੇ ਰੋਟੀਆਂ ਯਾਦ ਹਨ ਇਹ ਸਭ ਖੂਹ ਖਾਤੇ ਪੈ ਜਾਣਗੀਆਂ। ਮੌਜੂਦਾ ਕਾਨੂੰਨ ਖੇਤਾਂ ਦੇ ਰਾਜੇ ਨੂੰ ਭਿਖਾਰੀ ਬਣਾ ਦੇਣਗੇ। ਕਿਸਾਨ ਘਰਾਂ ਵਿੱਚੋਂ ਡੱਬਿਆਂ ਵਿੱਚ ਰੋਟੀਆਂ ਪਾ ਕੇ ਕੰਟ੍ਰੈਕਟ ਫਾਰਮਿੰਗ ਦੇ ਅਧੀਂ ਧਨਾਢਾਂ ਦੇ ਖੇਤਾਂ ਵਿੱਚ ਕੰਮ ਕਰਿਆ ਕਰਨਗੇ।

ਪਟਿਆਲੇ ਵਿੱਚ ਜਦੋਂ ਕਿਸਾਨਾਂ ਦੁਆਰਾ ਇਹਨਾਂ ਕਾਲੇ ਕਾਨੂੰਂਨਾਂ ਵਿਰੁੱਧ ਦਿੱਤੇ ਜਾ ਰਹੇ ਧਰਨੇ ਦੀ ਲਾਈਵ ਟੈਲੀਕਾਸਟ ਦੇਖੀ ਅਤੇ ਉੱਥੇ ਹੁੰਦੇ ਭਾਸ਼ਣ ਤੇ ਜੋਗਿੰਦਰ ਸਿੰਘ ਉਗਰਾਹਾਂ ਦੀ ਚੈਨਲ ਨੂੰ ਦਿੱਤੀ ਇੰਟਰਵਿਊਸੁਣੀ ਤਾਂ ਮਨ ਖਿੜ ਗਿਆ। ਪਿੰਡਾਂ ਵਿੱਚੋਂ ਹੁੰਮਾ- ਹੁੰਮਾ ਕੇ ਉਮੜੀ ਭੀੜ ਵਿੱਚ ਸ਼ਾਮਲ ਬੀਬੀਆਂ, ਨਾਲ ਦੇ ਪਿੰਡਾਂ ਵਿੱਚੋਂ ਚੌਲਾਂ ਦੇ ਕੜਾਹੇ ਦੀ ਅਨਾਊਸਮੈਂਟ ਨੇ ਇਹ ਅਹਿਸਾਸ ਕਰਵਾ ਦਿੱਤਾ ਕਿ ਲੋਕ ਸ਼ਕਤੀ ਅੱਗੇ ਰਾਜ ਸ਼ਕਤੀ ਟਿੱਕ ਨਹੀਂ ਸਕੇਗੀ। ਨਾਲੇ ਇਤਹਾਸ ਤੇ ਮਿਥਹਾਸ ਗਵਾਹ ਹੈ ਕਿ ਧੰਨਾ ਭਗਤ ਜਦੋਂ ਅੜੀ ਫੜ ਲਵੇ ਤਾਂ ਉਹ ਪੱਥਰ ਦੇ ਠਾਕਰ ਨੂੰ ਵੀ ਭੋਗ ਲਗਵਾ ਕੇ ਹਟਦਾ। ਇਹ ਸਰਕਾਰਾਂ ਤਾਂ ਫਿਰ ਕਿਹੜੇ ਬਾਗ ਦੀ ਮੂਲ਼ੀ ਹਨ।

ਪ੍ਰੋ. ਵੇਦ ਪ੍ਰਕਾਸ਼ ਸ਼ਰਮਾ 94178-51707
ਮੁੱਖੀ, ਰਾਜਨੀਤੀ ਸ਼ਾਸਤਰ ਵਿਭਾਗ,
ਮੋਦੀ ਕਾਲਜ, ਪਟਿਆਲਾ।

 

Previous articleSpeak against the caste violence against Dalits
Next articleNew farm laws a dagger through farmers’ hearts: Rahul