ਧੂੜਾਂ ਨੇ ਸਰਬੱਤ

ਸਤਗੁਰ ਸਿੰਘ

(ਸਮਾਜ ਵੀਕਲੀ)

ਬਿੰਦਰ ਮਾਨ ਦੀ ਕਵਿਤਾ ਪ੍ਰਤੀਕਮਈ ਅੰਸ਼ਾਂ ਨਾਲ ਲਬਰੇਜ਼ ਹੈ। ਇਸ ਵਿੱਚ ਇੰਨੀ ਜ਼ਿਆਦਾ ਬਿੰਬਾਵਲੀ ਤੇ ਪ੍ਰਤੀਕ ਹਨ ਕਿ ਤੁਸੀਂ ਨਵੇਂ ਬਿੰਬਾਂ ਪ੍ਰਤੀਕਾਂ ਨੂੰ ਉਸਾਰ ਸਕਦੇ ਹੋ। ਬਿੰਦਰ ਦੀ ਕਵਿਤਾ ਦਾ ਕਮਾਲ ਵੇਖੋ ਉਸਨੇ ਉਪਮਾ,ਰੂਪਕ ਨੂੰ ਇਕੱਠਾ ਕਰਕੇ ਮੁਕਾਬਲਾ (ਟੱਕਰ) ਅਲੰਕਾਰ ਸਿਰਜਿਆ ਹੈ। ਜੋ ਕਿ ਦੋਵਾਂ ਦੀ ਨੀੰਹ ਤੇ ਬਿਰਾਜਮਾਨ ਹੈ।

ਅਕਸਰ ਅਸੀਂ ਰੂਪਕ ਅਤੇ ਉਪਮਾ ਅਲੰਕਾਰ ਦੀ ਵਰਤੋਂ ਕੀਤੀ ਦੇਖਦੇ ਹਾਂ।ਉਹ ਵੀ ਅਲੱਗ ਅਲੱਗ।ਜਿਵੇਂ ਕਿਸੇ ਮਾਨਵੀ ਰੂਪ ਨੇ ਵਸਤੂ ਦਾ ਰੂਪ ਲੈ ਲੈਣਾ ਜਾਂ ਉਪਮਾ ਬਣ ਜਾਣਾ ਜਿਸ ਵਿੱਚ ਵਿਰੋਧਭਾਸ਼ੀ ਨਹੀਂ ਸੀ ਹੁੰਦਾ। ਸਭ ਸਮਾਨ ਸਮਾਨ। ਪਰ ਬਿੰਦਰ ਨੇ ਆਪਣੀ ਕਵਿਤਾ ਵਿਚ ਇਨ੍ਹਾਂ ਅਲੰਕਾਰਾਂ ਪ੍ਰਤੀ ਕੁਝ ਨਵਾਂ ਕੀਤਾ ਹੈ ਆਓ ਵੇਖਦੇ ਹਾਂ।

ਰੂਹ ਤੋਂ ਵੱਧ ਚਿੱਟੇ
ਪੈਰਾਂ ਹੇਠ ਵਿਛਣੇ ਲਈ
ਕਿੱਕਰਾਂ ਦੇ ਪੀਲੇ ਫੁੱਲ ਝੜਦੇ।
ਜੋਬਨਾਂ ਦੀ ਗਰਮੀ ਦੇ
ਝਾਕਿਆਂ ਦਾ ਸੇਕ ਪਾ ਕੇ
ਕੱਚੇ ਦੁੱਧ ਵੀ ਨੇ ਹਾਰਿਆਂ ਕੜ੍ਹਦੇ।
ਵੇਖੋ ਕਮਾਲ:-
ਰੂੰ+ਪੈਰ(ਉਪਮਾਂ)=ਪੀਲੇ ਫੁੱਲ(ਟੱਕਰ ਅਲੰਕਾਰ।
ਗਰਮੀ ਰੁੱਤ ਦੀ+ਜਵਾਨੀ ਦੀ(ਰੂਪਕ)=
ਕੜਦੇ ਦੁੱਧ ਦੀ(ਟੱਕਰ ਅਲੰਕਾਰ)

ਕਹਿਣ ਤੋਂ ਭਾਵ ਪੀਲੇ ਫੁੱਲਾਂ ਦੀ ਕੋਮਲਤਾ ਤੋਂ ਵੱਧ ਪੈਰਾਂ ਦੀ ਕੋਮਲਤਾ ਹੈ। ਕੜਦੇ ਦੁੱਧ ਤੋਂ ਵੱਧ ਗਰਮੀ ਸਰੀਰ ਦੀ ਗਰਮੀ ਹੈ।
ਕਿਤੇ ਕਿਤੇ ਉਸ ਦੀ ਕਵਿਤਾ ਵਿੱਚ ਅਭਿਧਾ, ਲਕਸ਼ਣਾ ਤੇ ਵਿਅੰਜਨਾ ਨਿਰਮੂਲ ਰੂਪ ਵਿੱਚ ਨਿਭਾਏ ਦਿਖਾਈ ਦਿੰਦੇ ਹਨ, ਜਿਵੇਂ ਕਿ

“ਲਹਿੰਗੇ ਘੱਗਰੇ ਤੀਆਂ ਦੇ ਵਿੱਚ
ਦੂਹਰੇ ਹੋ ਹੋ ਨੱਚਦੇ।
ਆਸ਼ਿਕ ਫੱਕਰ ਰੇਤੇ ਵਿਚੋਂ
ਟੋਟੇ ਲੱਭਣ ਕੱਚ ਦੇ।

1. ਅਭਿਧਾ- ਮਤਲਬ ਜਦੋਂ ਕੁੜੀਆਂ ਨੱਚਦੀਆਂ ਨੇ ਤਾਂ ਜੋਸ਼ ਵਿੱਚ ਚੂੜੀਆਂ ਤੋੜ ਦਿੰਦੀਆਂ ਹਨ।

2. ਲਕਸ਼ਨਾ -ਕਿੰਨੇ ਹੀ ਆਸ਼ਕ ਹਨ, ਜਿਨ੍ਹਾਂ ਦੇ ਦਿਲਾਂ ਦੀਆਂ ਸੱਧਰਾਂ ਪੂਰੀਆਂ ਨਾ ਹੋਣ ਕਰਕੇ ਕੱਚ ਵਾਂਗ ਮਿੱਟੀ ਵਿੱਚ ਮਿਲ ਜਾਂਦੀਆਂ ਹਨ, ਪਰ ਇਹ ਮਜਾਜਣਾਂ ਥਾਹ ਨਹੀਂ ਦਿੰਦੀਆਂ।

3.ਵਿਅੰਜਨਾ-ਫੱਕਰ ਤਬੀਅਤ ਆਸ਼ਕਾਂ ਨੂੰ ਜਵਾਨੀ ਕੱਚ ਲੱਗਦੀ ਹੈ। ਜਿਸ ਨੇ ਅੰਤ ਮਿੱਟੀ ਵਿੱਚ ਮਿਲ ਜਾਣਾ ਹੈ ਪਰ ਫੇਰ ਵੀ ਚਮਕਦੀ ਰਹੇਗੀ। ਜਿਨ੍ਹਾਂ ਦੇ ਸੀਨੇ ਪ੍ਰੀਤ ਝਨਾਂ ਦੀ ਮਿੱਟੀ ਵਾਂਗ।

ਲੇਖਕ ਇੱਕ ਜਗ੍ਹਾ ਤੇ ਆਪ ਲਿਖਦੈ,” ਵੰਗਾਂ ਦੇ ਟੋਟੇ ਹੁੰਦੇ ਬੀਬਾ ਚਮੜੇ ਨੈਣ ਪ੍ਰਾਣ।”

ਕਈ ਵਾਰ ਕਵੀ ਅਜਿਹੇ ਬਿੰਬ ਘੜ ਲੈਂਦਾ ਹੈ ਜੋ ਸਾਹਿਤ ਵਿਚ ਪਹਿਲਾਂ ਨਹੀਂ ਘੜੇ ਜੋ ਕਾਵਿਕ ਨਿਆਂ ਦੇ ਕਾਇਦੇ ਦੇ ਉਲਟ ਭਾਸਦੇ ਹਨ ਜਿਵੇਂ ਕਿ ਪੁਰਾਣੇ ਕਵੀਆਂ ਨੇ ਖਾਸਕਰ ਜਗਤਾਰ ਨੇ ਤਿਤਲੀਆਂ ਨੂੰ ਕੋਮਲ ਤੇ ਆਜ਼ਾਦੀ ਦਾ ਪ੍ਰਤੀਕ ਮੰਨ ਕੇ ਬਿੰਬਾਬਲੀ ਕੀਤੀ ਹੈ। ਪਰ ਬਿੰਦਰ ਮਾਨ ਇਨ੍ਹਾਂ ਨੂੰ ਉੱਡਦੀਆਂ ਲਾਲਸਾਵਾਂ, ਵਾਸ਼ਨਾਵਾਂ ਅਤੇ ਹਊਮੈਂ ਦੀਆਂ ਉਡਾਰੀਆਂ ਆਖਦਾ ਹੈ ਜੇ ਵਸ ਵਿੱਚ ਆ ਜਾਣ ਤਾਂ ਪਤਾ ਲੱਗਦਾ ਹੈ ਕਿ ਸਾਡੀ ‘ਮੈੰ’ ਕੁਝ ਵੀ ਨਹੀਂ ਜਿਵੇਂ ਤਿਤਲੀਆਂ ਉੱਡਦੀਆਂ ਸੋਹਣੀਆਂ ਲੱਗਦੀਆਂ ਹਨ ਪਰ ਪਕੜਿਆ ਉਹ ਖ਼ੂਬਸੂਰਤੀ ਗ਼ਾਇਬ ਹੋ ਜਾਂਦੀ ਹੈ। ਪਤਾ ਨਹੀਂ ਕਵੀ ਜ਼ਿੰਦਗੀ ਨੂੰ ਕਿਸ ਕਿਸ ਕੋਣ ਤੋਂ ਕਿਸ ਕਿਸ ਤਰੀਕੇ ਨਾਲ ਵੇਖਦਾ ਹੈ।

ਉਸ ਦੀ ਪੁਸਤਕ ਵਿੱਚ ਖ਼ੁਦਗਰਜ਼ੀ ਤੇ ਸਰਬੱਤ ਦੋ ਗੰਢਾਂ ਨਜ਼ਰ ਆਉਂਦੀਆਂ ਨੇ, ਦੋਵੇਂ ਖੋਲ੍ਹਣੀਆਂ ਪੈਣਗੀਆਂ, ਜੇਕਰ ਦੋਵੇਂ ਖੋਲ੍ਹ ਲਈਆਂ ਤਾਂ ਸਾਰੀ ਕਿਤਾਬ ਆਪ ਮੁਹਾਰੇ ਖੁੱਲ੍ਹ ਜਾਵੇਗੀ। ਅੱਖਰ ਅੱਖਰ ਸਮਝ ਆ ਜਾਵੇਗਾ।

ਉਸ ਦੀ ਕਵਿਤਾ ਦਾ ਵਾਧਾ ਇਹੋ ਹੈ ਕਿ ਉਹ ਕੁਦਰਤ ਅਤੇ ਮਨੁੱਖਤਾ ਦਾ ਮਾਨਵੀਕਰਨ ਕਰਦਾ ਹੋਇਆ। ਦੋਵਾਂ ਦਾ ਸਮਤੋਲ ਤੇ ਬੇਤੋਲ ਪੇਸ਼ ਕਰਦਾ ਹੈ ਜਿਵੇਂ ਕਿ ਮਨੁੱਖਤਾ ਅੰਦਰ ਆਪਸੀ ਸਾਂਝ ਦਾ ਪਾੜਾ ਨਜ਼ਰ ਆਉਂਦਾ ਹੈ ਪਰ ਕੁਦਰਤ ਉਸੇ ਲਏ ਤੇ ਰਵਾਨਗੀ ਵਿੱਚ ਚੱਲਦੀ ਪਈ ਤੇ ਬਿਰਾਜਮਾਨ ਨਜ਼ਰ ਆਉਂਦੀ ਹੈ ਜਿਵੇਂ ਉਸ ਦੀ ਕਵਿਤਾ ਮਾਣ ਸਕਦੇ ਹਾਂ ਇਸ ਦੀ ਖ਼ਾਸ ਉਦਾਹਰਨ ਹੈ।

“ਦੁੱਧਾਂ ਦੇ ਰਿਸ਼ਤੇ ਫਿੱਕੇ ਪੈ ਗਏ
ਨਾ ਹੁਣ ਨਿੱਘ ਦੇ ਲਾਡ ਲੜੇ।
ਝੂਠ ਤੇ ਗਰਜ਼ਾਂ ਸਣ ਦੀ ਰੱਸੀ
ਨਾ ਕੋਈ ਸੱਚ ਦੀ ਪੈੜ ਫੜੇ।
(ਮਨੁੱਖਤਾ ਚ ਉਦਾਸੀ, ਉਦਰੇਵਾ, ਲਾਲਸਾ, ਖੁਦਗਰਜ਼ੀ)
ਬਗਲੀ ਨਾਲ ਨੇ ਖਹਿ ਖਹਿ ਹੱਸਦੇ
ਕਲੀਆਂ ਬਣਕੇ ਰਿੰਡ ਕਰੀਰ
ਆ ਜੋ ਝੱਗਿਆਂ ਦੇ ਨਾਲ ਖੇਡਦੇ
ਰੇਤੇ ਧੂੜਾਂ ਕਣ- ਕਸੀਰ।

(ਖੇੜਾ, ਖ਼ੁਸ਼ੀ, ਵਿਗਾਸ, ਨਿਰਛਲਤਾ, ਸਰਬੱਤ ਦੇ ਚਿੰਨ੍ਹ ਕੁਦਰਤ ਵਿੱਚੋਂ)

ਕਈ ਵਾਰ ਜਾਪਦਾ ਹੈ ਕਵੀ ਪਤਾ ਨਹੀਂ ਕੀ ਲਿਖ ਦਿੰਦੇ ਹਨ ਤੇ ਕਿਹੜੀ ਦੁਨੀਆਂ ਵਿੱਚ ਜਿਉਂਦੇ ਹਨ ਜੋ ਨਹੀਂ ਹੋ ਸਕਦਾ ਉਹ ਵੀ ਕਰਵਾ ਲੈਂਦੇ ਹਨ ਜਿਵੇਂ:-

“ਤੇਰੇ ਹੱਥੋਂ ਚੁਗਦੇ ਦਾਣੇ
ਮੋਰ ਨੀਂ ਖੇਸਾਂ ਦਰੀਆਂ ਦੇ।”

ਦਰੀਆਂ ਦੇ ਨਿਰਜਿੰਦ ਮੋਰਾਂ ਨੇ ਵੀ ਦਾਣੇ ਚੁਗਣੇ ਹੋਏ। ਪਰ ਇਹ ਤਾਂ ਕਵਿਤਾ ਦੀ ਲੁਕੀ ਖੂਬਸੂਰਤੀ ਹੈ। ਇੱਥੇ ਉਸ ਮੁਟਿਆਰ ਦਾ ਜ਼ਿਕਰ ਹੈ ਜਿਸ ਨੂੰ ਮਨਪਸੰਦ ਪਿਆਰ ਜਾਂ ਸਹੁਰਾ ਪਰਿਵਾਰ ਹਾਸਿਲ ਹੋ ਜਾਵੇ।ਉਸ ਦੇ ਮੋਰਾਂ ਤੋਤਿਆਂ ਦਾ ਮੁੱਲ ਪੈ ਜਾਂਦਾ ਹੈ ਮੈਨੂੰ ਇਹ ਕਵਿਤਾ ਤਾਂ ਸਮਝ ਲੱਗੀ ਕਿਉਂਕਿ ਮੈਂ ਵੀ ਇਸ ਤਰ੍ਹਾਂ ਦੀ ਕਵਿਤਾ ਲਿਖ ਰੱਖੀ ਸੀ:-

“ਤੋਤੇ ਉੱਡ ਗਏ ਦਸੂਤੀ ਉੱਤੇ ਉਕਰੇ
ਵੇ ਪਹਿਲੀ ਰਾਤੇ ਪੀ ਕੇ ਆ ਗਿਆ।

(ਪੋਥੀ ਪਰਬਤ)

ਬਿੰਦਰ ਪਿੰਡਾਂ ਦੀ ਰਹਿਤਲ ਨਾਲ ਜੁੜਿਆ ਹੈ। ਉਹ ਜਾਣਦਾ ਹੈ ਕਿ ਅੱਗੇ ਬਜ਼ੁਰਗ ਕਿਸੇ ਜਵਾਨ ਸਾਊ ਬੱਚਾ ਜਾਂ ਬੱਚੀ ਦੀਆਂ ਹਰਕਤਾਂ ਸੰਕੇਤਾਂ ਤੋਂ ਪਛਾਣ ਲੈਂਦੇ ਸਨ ਕਿ ਹੁਣ ਇਹ ਵਿਆਹ ਕਰਵਾਉਣ ਦੀ ਕਾਹਲ ਕਰ ਰਿਹਾ/ਰਹੀ ਹੈ।

ਬਿੰਦਰ ਲਿਖਦਾ ਹੈ:-

“ਅਨਪੜ੍ਹ ਗੁੱਡੀਆਂ ਨੇ ਛੱਡ ਜਾਣਾ ਦੇਸਾਂ ਨੂੰ ਰਾਤਾਂ ਨਾਲ ਖੋਲ੍ਹਦੀਆਂ ਮਨ ਦੇ ਭੇਤਾਂ ਨੂੰ ਪਾਣੀ ਦੇਣ ਲਈ ਕਾਲੀਆਂ ਨੇ ਬਾਪੂ ਦੇ ਫਸਲਾਂ ਖੇਤਾਂ ਨੂੰ।”

ਫਸਲਾਂ ਨੂੰ ਪਾਣੀ ਦੇਣਾ ਭਾਵ ਜਲਦੀ ਜਲਦੀ ਫ਼ਸਲਾਂ ਜਵਾਨ ਹੋਣ।ਕਿਉਂਕਿ ਕਿਸਾਨਾਂ ਲਈ ਫਸਲਾਂ ਹੀ ਉਨ੍ਹਾਂ ਦੀ ਕਮਾਈ ਸਨ ਤੇ ਫ਼ਸਲਾਂ ਨੂੰ ਵੱਢ ਕੇ ਵਿਆਹ ਕਾਰਜ ਰਚਾਏ ਜਾਂਦੇ ਸੀ।

ਮੈਂ ਇੱਕ ਵਾਰ ਫਿਰ ਇਹੋ ਆਖਦਾ ਹਾਂ ਕਿ ਖ਼ੁਦਗਰਜ਼ੀ ਤੇ ਸਰਬੱਤ ਦਾ ਜੋੜ ਹੀ ਉਸ ਦੀ ਕਵਿਤਾ ਵਿੱਚੋਂ ਸਾਫ਼ ਝਲਕਦਾ ਹੈ, ਜਿਵੇਂ
“ਐਸੀ ਖੁੱਲੀ ਹਵਾ ਤੋਂ ਗੁਲਾਮ ਚੰਗੇ ਸੀ

ਗੋਰੀ ਚਮੜੀ ਨੂੰ ਕੀਤੇ ਹੀ ਸਲਾਮ ਚੰਗੇ ਸੀ। ਆਜ਼ਾਦੀਆਂ ਲਈ ਡੋਲ੍ਹੇ ਲਹੂ ਖ਼ਾਸ ਨਾ ਰਹੇ ਐਸੀਆਂ ਸ਼ਹੀਦੀਆਂ ਤੋਂ ਆਮ ਚੰਗੇ ਸੀ।”
ਜਦੋਂ ਲੇਖਕ ‘ਖੁੱਲ੍ਹੀ ਹਵਾ’ ਦੀ ਗੱਲ ਕਰਦਾ ਹੈ ਤਾਂ ਆਖਦਾ ਹੈ ਕਿ ਇਸ ਤਰ੍ਹਾਂ ਦੀ ਖੁੱਲ੍ਹੀ ਹਵਾ ਵਾਲੀ ਗੁਲਾਮੀ ਤੋਂ ਸਾਨੂੰ ਉਹ ਗੁਲਾਮੀ ਚੰਗੀ ਸੀ ਜੋ ਅਸੀਂ ਗੋਰਿਆਂ ਦੌਰਾਨ ਹੰਢਾਈ ਸੀ ਸਾਨੂੰ ਸਰਬੱਤ ਚਾਹੀਦਾ ਸੀ ਪਰ ਤੁਸੀਂ ਖ਼ੁਦਗਰਜ਼ ਬਣ ਬੈਠੇ। ਸਾਨੂੰ ਸ਼ਾਇਦ ਉਹ ਕੋਈ ਤੀਸਰੀ ਚੀਜ਼ ਲੱਗਦੀ ਹੈ ਜੋ ਅੰਗਰੇਜ਼ਾਂ ਨੇ ਸਾਨੂੰ ਦਿੱਤੀ ਸੀ। ਅਸੀਂ ਉਨ੍ਹਾਂ ਦੇ ਕੰਮਾਂ ਨੂੰ ਅੱਜ ਸਲਾਹੁੰਦੇ ਹਾਂ ਪਰ ਉਨ੍ਹਾਂ ਦੀਆਂ ਨੀਤੀਆਂ ਸਾਨੂੰ ਅੱਜ ਵੀ ਦੁਖੀ ਕਰਦੀਆਂ ਨੇ। ਉਨ੍ਹਾਂ ਕੋਲ ਕਿਸੇ ਕੰਮ ਚ ਤਾਂ ਇਮਾਨਦਾਰੀ ਸੀ ਪਰ ਤੁਹਾਡੇ ਕੋਲ ਕੁਝ ਵੀ ਚੰਗਾ ਨਹੀਂ ।

ਪੂਲ ਬਣਦਾ ਬਾਅਦ ਚ ਹੈ ਟੁੱਟ ਪਹਿਲਾਂ ਜਾਂਦਾ ਹੈ। ਚਲੋ ਤੁਹਾਡੀਆਂ ਬਣਾਈਆਂ ਗਈਆਂ ਨੀਤੀਆਂ ਤਾਂ ਗਲਤ ਨੇ ਪਰ ਕੋਈ ਕੰਮ ਤਾਂ ਚੱਜ ਦਾ ਕਰੋ। ਇਥੇ ਕਵੀ ਕੁਰਬਾਨੀਆਂ ਦੇ ਬੇਅਰਥੀ ਤੇ ਅਜਾਦੀ ਉੱਤੇ ਪ੍ਰਸ਼ਨ ਚਿੰਨ੍ਹ ਲਾਉਂਦਾ ਹੈ। ਕਿਤਾਬ ਦਾ ਹਾਲੇ ਕੁਝ ਹਿੱਸਾ ਹੀ ਪੜ੍ਹਿਆ ਹੈ…ਵੇਖਦੇ ਹਾਂ ਹੋਰ ਕੀ ਕਲਾਕਾਰੀ ਮਿਲਦੀ ਹੈ।

ਅਲੰਕਾਰਾਂ ਦੇ ਤਾਰੇ
ਸ਼ਬਦ ਸੂਝ ਤੋਂ ਭਾਰੇ।
ਵਾਲੋੰ ਪਤਲੀ ਮੱਤ
ਧੂੜਾਂ ਨੇ ਸਰਬੱਤ।

ਪ੍ਰੋ. ਸਤਗੁਰ ਸਿੰਘ
(ਪੋਥੀ ਪਰਬਤ)

Previous articleProtests against farm laws not limited to farmers, says Rahul
Next articleਅਗਿਆਨ