ਧੂਰੀ ਦੇ ਨੌਜਵਾਨ ਦੀ ਵੈਨਕੂਵਰ ’ਚ ਹਾਦਸੇ ਦੌਰਾਨ ਮੌਤ

ਵੈਨਕੂਵਰ– ਇਥੋਂ ਦੇ ਡਾਊਨ ਟਾਊਨ ਖੇਤਰ ’ਚ ਅੱਜ ਤੜਕਸਾਰ ਕਿਸੇ ਸ਼ਰਾਬੀ ਡਰਾਈਵਰ ਵੱਲੋਂ ਪੰਜਾਬੀ ਨੌਜਵਾਨ ਦੀ ਟੈਕਸੀ (ਕਾਰ) ਨੂੰ ਟੱਕਰ ਮਾਰੇ ਜਾਣ ਕਾਰਣ ਉਸ ਦੀ ਮੌਤ ਹੋ ਗਈ। ਟੈਕਸੀ ’ਚ ਪਿਛਲੀ ਸੀਟ ’ਤੇ ਬੈਠੀਆਂ ਦੋ ਸਵਾਰੀਆਂ ਅਤੇ ਟੱਕਰ ਮਾਰਨ ਵਾਲਾ ਗੰਭੀਰ ਜ਼ਖ਼ਮੀ ਹੋ ਗਏ। ਮ੍ਰਿਤਕ ਦੀ ਪਛਾਣ ਸਨੇਹਪਾਲ ਸਿੰਘ ਰੰਧਾਵਾ (28) ਵਜੋਂ ਹੋਈ ਹੈ, ਜੋ ਧੂਰੀ ਨੇੜੇ ਪਿੰਡ ਮੀਮਸਾ ਦਾ ਰਹਿਣ ਵਾਲਾ ਸੀ। ਉਹ ਕੁੱਝ ਸਾਲ ਪਹਿਲਾਂ ਸਟੱਡੀ ਵੀਜ਼ਾ ’ਤੇ ਕੈਨੇਡਾ ਆਇਆ ਸੀ ਅਤੇ ਪੱਕਾ ਹੋਣ ਤੋਂ ਬਾਅਦ ਇਸੇ ਸਾਲ ਵਿਆਹ ਕਰਵਾ ਕੇ ਕੈਨੇਡਾ ਪਰਤਿਆ ਸੀ। ਵੈਨਕੂਵਰ ਪੁਲੀਸ ਅਨੁਸਾਰ ਤੜਕਸਾਰ ਸਾਢੇ ਤਿੰਨ ਵਜੇ ਸਨੇਹਪਾਲ ਸਵਾਰੀਆਂ ਲੈ ਕੇ ਵੈਨਕੂਵਰ ਦੀ ਪਹਿਲੀ ਐਵੇਨਿਊ ਵੱਲ ਜਾ ਰਿਹਾ ਸੀ। ਉਹ ਰੈਨਫਰਿਊ ਸਟਰੀਟ ਵਾਲਾ ਚੌਕ ਪਾਰ ਕਰ ਰਿਹਾ ਸੀ ਤਾਂ ਲਾਲ ਲਾਈਟਾਂ ਉਲੰਘਦੀ ਦੂਜੀ ਕਾਰ ਉਸ ਦੇ ਖੱਬੇ ਪਾਸੇ ਆ ਟਕਰਾਈ। ਬਾਅਦ ’ਚ ਪਤਾ ਲਗਾ ਕਿ ਟੱਕਰ ਮਾਰਨ ਵਾਲੀ ਕਾਰ ਦਾ ਡਰਾਈਵਰ ਸ਼ਰਾਬੀ ਸੀ ਅਤੇ ਉਹ ਪੁਲੀਸ ਨਾਕੇ ਤੋਂ ਕਾਰ ਭਜਾ ਕੇ ਲਿਆਇਆ ਸੀ। ਤਿੰਨਾਂ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ, ਜਿਥੇ ਟੱਕਰ ਮਾਰਨ ਵਾਲੇ ਦੀ ਹਾਲਤ ਗੰਭੀਰ ਦੱਸੀ ਗਈ ਹੈ।

Previous articleਮਹਾਰਾਸ਼ਟਰ ਮੰਤਰੀ ਮੰਡਲ ’ਚ ਵਾਧਾ, 36 ਮੰਤਰੀ ਸ਼ਾਮਲ
Next articleਕਿਸਾਨਾਂ-ਮਜ਼ਦੂਰਾਂ ਨੇ ਪੰਜਾਬ ਸਰਕਾਰ ਦੀ ਅਰਥੀ ਫ਼ੂਕੀ