ਅਬੋਹਰ- ਪਹਿਲੀ ਧੁੰਧ ਨੇ ਸੋਮਵਾਰ ਤੜਕੇ ਅਚਾਨਕ ਦਸਤਕ ਦਿੱਤੀ ਤਾਂ ਵੱਖ-ਵੱਖ ਸੜਕਾਂ ‘ਤੇ ਵਾਹਨਾਂ ਦੀ ਟੱਕਰ ਨਾਲ ਅੱਧਾ ਦਰਜਨ ਤੋਂ ਵੱਧ ਲੋਕ ਫੱਟੜ ਹੋ ਗਏ, ਜਿਸ ‘ਚੋਂ ਇੱਕ ਦੀ ਹਾਲਤ ਨੂੰ ਗੰਭੀਰ ਵੇਖਦੇ ਹੋਏ ਰੈਫਰ ਕਰ ਦਿੱਤਾ ਗਿਆ। ਜਦਕਿ ਹੋਰ ਫੱਟੜਾਂ ਨੂੰ ਸਮਾਜ ਸੇਵੀ ਸੰਸਥਾ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੇ ਸਹਿਯੋਗ ਨਾਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਪਿੰਡ ਗਿਦਡਾਂਵਾਲੀ ਦੇ ਨੇੜੇ ਬੀਤੀ ਰਾਤ ਦੋ ਟਰੱਕ ਆਪਸ ਵਿੱਚ ਟਕਰਾ ਗਏ ਜਿਸ ਕਾਰਨ ਗੰਗਾਨਗਰ ਤੋਂ ਅਬੋਹਰ ਆ ਰਹੇ ਇੰਦਰਾ ਨਗਰੀ ਗਲੀ ਨੰਬਰ 6 ਵਾਸੀ ਨੰਦ ਲਾਲ ਅਤੇ ਸ਼ੇਰੂ ਪੁੱਤਰ ਰਣਜੀਤ ਸਿੰਘ ਗੰਭੀਰ ਰੂਪ ਤੋਂ ਫੱਟੜ ਹੋ ਗਏ, ਜਦਕਿ ਮੁਕਤਸਰ ਤੋਂ ਗੰਗਾਨਗਰ ਟਰੱਕ ਵਿੱਚ ਜਾ ਰਹੇ ਮੁਕਤਸਰ ਵਾਸੀ ਮੰਗਾ ਸਿੰਘ ਪੁੱਤਰ ਬਲਦੇਵ ਸਿੰਘ ਵੀ ਫੱਟੜ ਹੋ ਗਿਆ। ਸੂਚਨਾ ਮਿਲਣ ‘ਤੇ ਸਮਾਜ ਸੇਵੀ ਸੰਸਥਾ ਨਰ ਸੇਵਾ ਨਰਾਇਣ ਸੇਵਾ ਦੇ ਮੈਂਬਰ ਸੋਨੂ ਗਰੋਵਰ ਮੌਕੇ ‘ਤੇ ਪੁੱਜੇ ਅਤੇ ਫੱਟੜਾਂ ਨੂੰ ਆਲੇ-ਦੁਆਲੇ ਦੇ ਲੋਕਾਂ ਦੀ ਮਦਦ ਤੋਂ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਨੇ ਸ਼ੇਰੂ ਦੀ ਹਾਲਤ ਨੂੰ ਗੰਭੀਰ ਹੋਣ ‘ਤੇ ਫਰੀਦਕੋਟ ਰੈਫਰ ਕਰ ਦਿੱਤਾ। ਜਦਕਿ ਇਸ ਹਾਦਸੇ ਵਿੱਚ ਹਾਦਸਾਗ੍ਰਸਤ ਦੋਹਾਂ ਟਰੱਕਾਂ ਨੂੰ ਸਾਈਡ ‘ਤੇ ਨਾ ਕੀਤੇ ਜਾਣ ਤੋਂ ਸੋਮਵਾਰ ਤੜਕੇ ਗਹਿਰੀ ਧੁੰਧ ਦੇ ਚਲਦੇ ਕਾਰ ਸਵਾਰ ਤਰਮਾਲਾ ਵਾਸੀ ਅਜੀਤ ਸਿੰਘ ਅਤੇ ਗੰਗਾਨਗਰ ਤੋਂ ਆ ਰਹੇ ਟਰਾਲਾ ਸਵਾਰ ਵੀ ਇਨਾਂ ਨਾਲ ਟਕਰਾ ਗਏ। ਟੱਕਰ ਨਾਲ ਅਜੀਤ ਸਿੰਘ ਅਤੇ ਟਰਾਲਾ ਸਵਾਰ ਵੀ ਫੱਟੜ ਹੋ ਗਏ। ਇੱਕ ਹੋਰ ਮਾਮਲੇ ਵਿੱਚ ਪਿੰਡ ਆਲਮਗੜ ਚੌਕ ਦੇ ਨੇੜੇ ਅੱਜ ਤੜਕੇ ਰਾਜਸਥਾਨ ਤੋਂ ਆ ਰਹੇ ਛਤਰਗੜ ਦੇ ਤਹਿਸੀਲਦਾਰ ਦੀ ਗੱਡੀ ਇੱਕ ਪਿਕਅਪ ਨਾਲ ਟਕਰਾ ਗਈ, ਜਿਸ ਕਾਰਨ ਪਿਕਅਪ ਚਾਲਕ ਪਵਨ ਕੁਮਾਰ ਅਤੇ ਅਲਾਦੀਨ ਵਾਸੀ ਹਿਸਾਰ ਅਤੇ ਤਹਿਸੀਲਦਾਰ ਦੀ ਗੱਡੀ ਵਿੱਚ ਸਵਾਰ ਲੋਕ ਮਾਮੂਲੀ ਰੂਪ ਤੋਂ ਫੱਟੜ ਹੋ ਗਏ। ਘਟਨਾ ਤੋਂ ਬਾਅਦ ਪੁਲੀਸ ਟੀਮ ਨੇ ਮੌਕੇ ’ਤੇ ਪੁੱਜ ਕੇ ਹਾਦਸਾਗ੍ਰਸਤ ਵਾਹਨਾਂ ਨੂੰ ਜੇ.ਸੀ.ਬੀ. ਰਾਹੀਂ ਸਾਈਡ ‘ਤੇ ਕਰਵਾਇਆ।
INDIA ਧੁੰਦ ਕਾਰਨ ਵਾਹਨ ਟਕਰਾਏ, ਅੱਧਾ ਦਰਜਨ ਲੋਕ ਫੱਟੜ