ਧੀਆਂ ਦੇ ਜਜ਼ਬਾਤ

(ਸਮਾਜ ਵੀਕਲੀ)

ਜ਼ਰੂਰੀ ਨਹੀਂ ਕੇ ਰੋਸ਼ਨੀ ਦੀਵੇ ਨਾਲ ਹੀ ਹੋਵੇ, ਧੀਆਂ ਵੀ ਘਰ ਰੁਸ਼ਨਾਉਦੀਆਂ ਨੇ
ਧੀਆਂ ਕਹਿਣ ਨੂੰ ਤਾਂ ਬਹੁਤ ਛੋਟਾ ਜਿਹਾ ਸ਼ਬਦ ਹੈ ,ਪਰ ਇਹਨਾਂ ਧੀਆਂ ਸ਼ਬਦ ਵਿੱਚ ਪੂਰੀ ਕਾਇਨਾਤ ਸਮਾਈ ਹੋਈ ਹੈ।ਜਦ ਜਨਮ ਹੋਇਆ ਤਾਂ ਸਾਰੇ ਘਰ ਵਿੱਚ ਇਸ ਤਰ੍ਹਾਂ  ਸੋਗ ਪੈ ਗਿਆ ਜਿਵੇਂ ਪੱਕੀ ਕਣਕ ਉੱਤੇ ਮੀਂਹ  ਦਾ ਭਿਆਨਕ ਕਹਿਰ ਢਹਿ ਗਿਆ ਹੋਵੇ। ਪੂਰਾ ਪਰਿਵਾਰ ਡੂੰਘੀਆਂ ਸੋਚਾਂ ਵਿੱਚ ਡੁੱਬ ਗਿਆ , ਕੋਈ ਕਹਿੰਦਾ ਸਾਡੇ ਘਰ ਪੱਥਰ ਕਿਉਂ ਜੰਮ ਪਿਆ,ਤੇ ਕੋਈ ਬੋਲਦਾ ਖੌਰੇ ਕਿਹੜੇ ਪਾਪ ਕੀਤੇ ਸੀ ਜਿਹਨਾਂ ਦਾ ਫਲ ਸਾਨੂੰ ਇਕ ਪੱਥਰ ਦੇ ਰੂਪ ਵਿੱਚ ਵਿੱਚ ਮਿਲ ਗਿਆ।ਪਿਉ ਦਾਦੇ ਦੇ ਦਿਮਾਗ ‘ਚ ਇਹੀ ਗੱਲ ਵਾਰ ਵਾਰ ਫੇਰਾ ਪਾ ਰਹੀ ਸੀ ਕਿ ਕਿੱਧਰੇ ਵੱਡੀ ਹੋਕੇ ਸਾਡੀ ਪੱਗ ਦਾ ਦਾਗ਼ ਹੀ ਨਾ ਬਣਜੇ।ਪਰ ਉਹ ਮਾਂ ਜਿਸਦੀ ਕੁੱਖ ਹੀ ਧੀ ਦੇ ਆਉਣ ਨਾਲ ਸੁਲੱਖਣੀ  ਹੋਈ ਸੀ ਉਸ ਨੇ ਇਕ ਪਾਸੇ ਖੁਸ਼ੀ ਦੇ ਦੂਜੇ ਪਾਸੇ ਆਪਣੀ ਸੱਸ ਦੇ ਬੋਲਾਂ ਬਾਰੇ ਸੋਚ ਦੁੱਖ ਹੋ ਰਿਹਾ ਸੀ। ਇੱਕ ਅਜੀਬ ਜਿਹੀ ਦੁਬਿਧਾ ਸੀ , ਉਸ ਮਾਂ ਲਈ , ਪਤਾ ਨਹੀਂ ਕਿਉ ਇਹ ਸਮਾਜ ਧੀ ਦੇ ਜਨਮ ਤੇ ਇੰਨਾ ਦੁੱਖ ਪ੍ਰਗਟ ਕਿਉਂ ਕਰਦਾ। ਜੇ ਪੁੱਤਰ ਜਨਮੇ ਤਾਂ ਘਰ-ਘਰ ਜਾ ਕੇ ਸਹਿਰੇ ਬੰਨੇ ਜਾਂਦੇ ਨੇ ,ਮਿਠਿਆਈਆਂ ਵੰਡੀਆਂ ਜਾਦੀਆਂ ਨੇ, ਚਾਰੇ ਪਾਸੇ ਖੁਸ਼ੀ ਦੇ ਮਾਹੌਲ ਹੁੰਦਾ  ਦਾ ।ਪਰ ਇੱਕ ਧੀ ਦੇ ਜਨਮ ਤੇ ਦੁੱਖ ਜ਼ਾਹਿਰ ਕੀਤਾ ਜਾਂਦਾ ਹੈ।
ਇੱਥੋਂ ਤੱਕ ਆਖਦੇ ਨੇ ਕਿ ਪੱਥਰ ਜੰਮ ਪਿਆ , ਪਰ ਸੱਚ ਤਾਂ ਇਹ ਹੈ ਕਿ ਇਹ ਪੱਥਰ ਹੀ ਸਭ ਕੁੱਝ ਹੁੰਦਾ ਹੈ,ਜੋ ਕਿਸੇ ਦੀ ਮਾਂ ,ਧੀ,ਭੈਣ ,ਨੂੰਹ ਅਤੇ ਸੱਸ ਦੇ ਰੂਪ ਵਿੱਚ ਹੁੰਦਾ ਹੈ। ਪਰ ਅਸਲ ਵਿੱਚ ਔਰਤ ਨੂੰ ਪੱਥਰ ਕਹਿਣ ਵਾਲੇ ਭੁੱਲਗੇ ਕੇ ਜੋ ਧੀ ਹੈ ਜਿਸ ਤੋਂ ਹਰ ਰਿਸ਼ਤੇ ਦੀਆਂ ਸਖਾਵਾਂ ਅੱਗੇ ਪੁੰਗਰਦੀਆਂ ਹਨ।ਸਾਰੀਆਂ ਰਿਸ਼ਤੇਦਾਰੀਆਂ ਬਣਦੀਆਂ ਹਨ।
ਕਹਿੰਦੇ ਪੁੱਤ ਹੋਵੇ ਤਾਂ ਵੰਸ਼ ਅੱਗੇ ਵੱਧਦਾ , ਪਰ ਇੱਕ ਪੁੱਤ ਨੂੰ ਜਨਮ ਵੀ ਤਾਂ ਦੇਣ ਵਾਲੀ ਵੀ ਤਾਂ ਇੱਕ ਪੱਥਰ ਹੀ ਹੁੰਦੀ ਹੈ।ਗੱਲ ਸਿਰਫ ਇੰਨੀ ਹੀ ਨਹੀਂ ਹੈ ਇਸ ਪੱਥਰ ਦੇ ਰੂਪ ਵੀ ਸਮੇਂ ਸਮੇਂ ਨਾਲ ਬਦਲ ਜਾਂਦੇ ਨੇ , ਕਦੇ ਇਹ ਪੱਥਰ ਨੂੰਹ ਬਣ ਜਾਂਦੀ ਹੈ, ਕਦੇ ਮਾਂ ,ਕਦੇ ਭੈਣ , ਕਦੇ ਸੱਸ।
ਸਾਰੀ ਦੁਨੀਆਂ ਦੀ ਸਿਰਜਣਹਾਰ ਇੱਕ ਪੱਥਰ ਹੀ ਹੀ ਤਾਂ ਹੁੰਦੀ ਹੈ । ਇੱਕ ਧੀ ਨੂੰ ਪੁੱਤ ਕਹਿ ਕੇ ਬੁਲਾਇਆ ਜਾ ਸਕਦਾ , ਪਰ ਇੱਕ ਪੁੱਤ ਨੂੰ ਧੀ ਕਹਿਕੇ ਨਹੀਂ ਬੁਲਾਇਆ ਜਾ ਸਕਦਾ। ਰੱਬ ਧੀਆਂ ਵੀ ਉਹਨਾਂ ਨੂੰ ਹੀ ਦਿੰਦਾ ਹੈ ਜਿਹੜੇ ਇਹਨਾਂ ਨੂੰ  ਪਾਲਣ ਦੀ ਔਕਾਤ ਰੱਖਦੇ ਹਨ। ਕਿਉਂ ਕਿ ਧੀਆਂ ਨੂੰ ਪਾਲਣ ਦੀ ਗੱਲ ਹਰ ਇੱਕ ਦੇ ਵਸ ਦੀ ਨਹੀਂ ਹੁੰਦੀ। ਕਿਉਂ ਕਿ ਇਹ ਅਸੀਂ ਹਰ ਰੋਜ਼ ਹੀ ਦੇਖਦੇ  ਕੇ ਧੀਆਂ ਨੂੰ ਕੂੜੇ ਦੇ ਢੇਰ ਤੇ ,ਨਾਲੇ ‘ਚ , ਸੁੰਨੇ ਥਾਂਵਾਂ ਤੇ ਆਦਿ ਸੁੱਟਣ ਵਾਲੇ ਆਪਣੀ ਔਕਾਤ ਦਿਖਾਉਦੇਂ ਹਨ।
ਜਿਹਨਾਂ ਘਰਾਂ ਵਿੱਚ ਧੀਆਂ ਦੇ ਹਾਸਿਆਂ ਦੀ ਚਹਿਚਰਾਟ ਹੁੰਦੀ ਹੈ ਉਸ ਘਰ ਰੱਬ ਆਪ ਵਾਸ ਕਰਦਾ ਹੈ।ਪਰ ਇੱਕ ਧੀ ਦੀ ਕਿਸਮਤ ਇਸ ਤਰ੍ਹਾਂ ਦੀ ਹੈ ਕਿ ਇਸ ਦਾ ਆਪਣਾ ਕੁਝ ਵੀ ਨਹੀਂ ,ਕਹਿਣ ਨੂੰ ਤਾਂ ਘਰ ਦੋ ਹੁੰਦੇ ਹਨ ,ਪਰ ਆਪਣਾ ਤਾਂ ਕੋਈ ਨਹੀਂ । ਮਾਪੇ ਕਹਿ ਦਿੰਦੇ ਧੀ ਪਰਾਇਆ ਧਨ ਹੈ ਤੇ ਸਹੁਰੇ ਕਹਿੰਦੇ ਇਹ ਤਾਂ ਬੇਗਾਨੀ ਆਈ ਹੈ।ਪਰ ਸੱਚ ਕਹਾਂ ਕੇ ਧੀਆਂ ਬਿਨਾਂ ਕੋਈ ਵੀ ਘਰ ਨਹੀਂ ਹੁੰਦਾ
ਜਿੰਨੀਆਂ ਮੋਹ ਦੀਆਂ ਤੰਦਾਂ ਧੀਆਂ ਦੀਆਂ ਮਾਪਿਆਂ ਨਾਲ ਗੂੜੀਆਂ  ਹੁੰਦੀਆਂ ,ਪੁੱਤਰਾਂ ਦੀਆਂ ਨਹੀਂ ਹੁੰਦੀਆਂ। ਹਾਂ ਪਰ ਕੋਈ ਵੀ ਮਾਂ ਬਾਪ ਧੀ ਦੇ ਜਨਮ ਤੋ ਨਹੀਂ ਡਰਦਾ ,ਬਸ ਡਰਦਾ ਹੈ ਤਾਂ ਉਸਦੇ ਨਸੀਬ ਤੋਂ ,ਕਿਉਕਿ ਇਹ ਮਾਂ ਬਾਪ ਨੂੰ ਵੀ ਨਹੀਂ ਪਤਾ ਹੁੰਦਾ ਕਿ ਇਸਦਾ ਅੱਗੇ ਕੀ ਹੋਵੇਗਾ।  ਜੇ ਧੀ ਨੂੰ ਵਿਆਹਿਆ ਤੇ ਜਵਾਈ ਚੰਗਾ ਮਿਲਜੇ ਤਾਂ ਮਾਪਿਆਂ ਨੂੰ ਸੁੱਖ ਤੇ ਖੁਸ਼ੀ ਹੁੰਦੀ। ਪਰ ਜੇ ਜਵਾਈ ਨਾ ਚੰਗਾ ਮਿਲੇ ਤਾਂ ਮਾਪਿਆਂ ਵੀ ਪਛਤਾਉਂਦੇ ਹਨ ਤੇ ਧੀ ਵੀ ਫਸ ਜਾਂਦੀ ਹੈ।
ਪਰ ਧੀਆਂ ਤਾਂ ਸਭ ਦੁੱਖ ਪੀੜਾਂ ‘ਚੋ ਲੰਘਦੀਆਂ ਹੋਈਆਂ  ਹਰ ਰਿਸ਼ਤਾ ਬਾਖੂਬੀ ਨਿਭਾਉਂਦੀਆਂ । ਹਰ ਹਾਲ ਵਿੱਚ ਇੱਜ਼ਤ ਆਣ ਨੂੰ ਕਾਇਮ ਰੱਖਦੀ ਆਂ ਹਨ।ਧੀਆਂ ਭਾਵੇਂ ਕਿੰਨੇ ਵੀ ਦੁੱਖਾਂ ਵਿੱਚ ਕਿਉਂ ਨਾ ਹੋਣ ਕਦੇ ਵੀ ਆਪਣਾ ਦੁੱਖ ਜ਼ਾਹਿਰ ਨਹੀਂ ਕਰਦੀਆਂ। ਸਾਰੇ ਦੁੱਖਾਂ ਨੂੰ ਮੁਕਾਉਣ ਦੀ ਅਦਾਕਾਰੀ ਉਹਨਾਂ ਦੀ ਨਿੱਕੀ ਜਿਹੀ ਮੁਸਕਾਨ ਵਿੱਚ ਬਹੁਤ ਸੋਹਣੀ ਹੁੰਦੀ ਹੈ।
ਬਚਪਨ ਵਿੱਚ ਹੀ ਧੀ ਨੂੰ ਸਮਾਜ ,ਦੁਨਿਆਦਾਰੀ ਦਾ ਪਾਠ ਪੜਾਇਆ ਜਾਂਦਾ ਹੈ, ਇੱਜ਼ਤਾਂ , ਅਣਖਾਂ ਬਾਰੇ ਉਸਨੂੰ ਸਮਝਾਇਆ ਜਾਂਦਾ ਹੈ। ਬਚਪਨ ਵਿੱਚ ਹੀ ਕਿਹਾ ਜਾਂਦਾ ਹੈ ਜਿਆਦੇ ਨੀ ਬੋਲਣਾ ,ਅਗਲੇ ਘ ਰ ਜਾਣਾ ਤੂੰ,ਤੇਰੀ ਇਹੀ ਆਦਤ  ਪੱਕ ਜਾਣੀ ,ਜਿੰਨਾਂ ਬਾਰੇ ਧੀ ਨੂੰ ਪਤਾ ਵੀ ਨਹੀਂ ਹੁੰਦਾ ਉਹਨਾਂ ਗੱਲਾਂ ਨੂੰ ਵਾਰ ਵਾਰ ਸਮਝਾਇਆ ਜਾਂਦਾ ਹੈ। ਇਸ ਤਰ੍ਹਾਂ ਹੋਰ ਵੀ ਗੱਲਾਂ ਨਾਲ ਧੀ ਦਾ ਬਚਪਨ ਵੀ ਜਕੜਿਆਂ ਜਾਂਦਾ । ਫੇਰ ਵੱਡੀ ਹੋ ਜਾਂਦੀ  ਤਾਂ ਫਿਰ ਤੋਂ ,ਉਹੀ ਗੱਲਾਂ ,ਇੱਥੇ ਨੀ ਜਾਣਾ , ਇਹ ਨਹੀਂ ਕਰਨਾ , ਉਹ ਨੀ ਕਰਨਾ, ਆਦਿ।ਹਰ ਰੋਜ਼ ਮਾਂ ਵੱਲੋਂ ਨਸੀਹਤ ਹੁੰਦੀ ਕਿ ਧੀਏ ਅੱਖ ਨੀਵੀਂ ਕਰਕੇ ਰਹੀਦਾ, ਆਪਣੇ ਪਿਉ ਦਾਦੇ ਦੀ ਇੱਜ਼ਤ ਦਾ ਖਿਆਲ ਰੱਖੀ , ਕਦੇ ਕੋਈ ਏਦਾਂ ਦਾ ਕੰਮ ਨਾ ਕਰੀਂ  ਕਿ ਤੇਰੇ ਪਿਉ ਦਾਦੇ ਦੇ ਨਾਮ ਤੇ ਕਲੰਕ ਲੱਗ ਜਾਵੇ।ਬਸ ਇੰਨਾਂ ਗੱਲਾਂ ਕਰਕੇ ਧੀਆਂ ਨੂੰ ਗੁਲਾਮੀ ਦੀ ਜ਼ੰਜੀਰ ‘ਚ ਬੰਨ੍ਹ ਕੇ ਰੱਖਿਆ ਜਾਂਦਾ। ਧੀਆਂ ਭੋਲੀਆਂ ਹੁੰਦੀਆਂ ਨੇ, ਤੇ ਇਹ ਸਭ ਸਹਿਣ ਕਰਨਾ ਸਿੱਖ ਲੈਦੀਆਂ ਨੇ । ਜੇ ਪਸੰਦ ਦੀ ਚੀਜ਼ ਨਾ ਮਿਲੇ ਤਾਂ ਗੁੱਸਾ ਨੀ ਕਰਦੀਆਂ , ਜੇ ਹਮਸਫ਼ਰ ਦੀ ਗੱਲ ਹੋਵੇ ਤਾਂ ਮਾਪਿਆਂ ਦੀ ਮਰਜ਼ੀ ਦਾ ਹਮਸਫ਼ਰ , ਤੇ ਮਾਪਿਆਂ ਜਿੱਥੇ ਤੋਰੀ ਉੱਥੇ ਤੁਰ ਜਾਂਦੀਆਂ ਨੇ। ਬਸ ਇਹ ਹੈ ਕਿ ਧੀਆਂ ਚਿੜੀਆਂ ਹੁੰਦੀਆਂ ਪਰ ਇਹਨਾਂ ਦੇ ਖੰਭ ਨਹੀਂ ਹੁੰਦੇ।
ਹਰ ਧੀ  ਦੇ ਅੰਦਰ ਵੀ ਨਿੱਕੇ ਨਿੱਕੇ ਚਾਅ ਹੁੰਦੇ ਹਨ,ਉਸਦੇ ਅੰਦਰ ਵੀ ਹਰ ਰੋਜ਼ ਰੀਝਾਂ ਪੈਦਾ ਹੁੰਦੀਆਂ ਹਨ। ਪਰ ਧੀ ਦੀ ਜ਼ਿੰਦਗੀ ਹੀ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਇਹ ਹਰ ਰੋਜ਼ ਦੀਆਂ ਰੀਝਾਂ ,ਉਮੰਗਾਂ ਸੂਰਜ ਦੇ ਢਲਣ ਦੇ ਨਾਲ ਹੀ ਕਿਹੜੇ ਸਮੁੰਦਰ ਵਿੱਚ ਡੁੱਬ ਜਾਂਦੀਆਂ ਹਨ। ਹਰ ਧੀ ਆਪਣੇ ਸ਼ੌਕ ਆਪਣੇ ਘਰ ਦੇ ਰਹਿਣ ਸਹਿਣ ਨਾਲ ਬਦਲ ਲੈਦੀਂ ਹੈ। ਜਿਵੇਂ ਘਰ ਦੇ ਕਹਿੰਦੇ ਨੇ ਉਂਝ ਹੀ ਕਰ ਲੈਦੀਂ ਹੈ। ਧੀ ਹੋਣਾ ਕੋਈ ਸੌਖੀ ਗੱਲ਼ ਨਹੀਂ ਪਤਾ ਨਹੀਂ ਸ਼ਾਮ ਹੋਣ ਤੱਕ ਕਿੰਨੀਆਂ ਹੀ ਉਮੰਗਾਂ ਨੂੰ ਕਿੰਨੇ ਹੀ ਜ਼ਜਬਾਤਾਂ ਨੂੰ ਮਰਦੇ ਦੇਖਣਾ ਪੈਦਾਂ ਹੈ। ਕਦੇ ਕੁਝ ਬੋਲ ਕੇ ਨਹੀਂ ਕਹਿੰਦੀਆਂ ਧੀਆਂ ਬਸ ਸਹਿੰਦੀਆਂ ਨੇ ਸਭ ਕੁਝ।ਬਹੁਤ ਸਾਰੇ ਸੁਪਨੇ ,ਜਜ਼ਬਾਤ ਦਿਲ ਵਿੱਚ ਰੱਖਣੇ ਪੈਂਦੇ ਨੇ ਕਿਸੇ ਆਪਣੇ ਦੀ ਖੁਸ਼ੀ ਲਈ ,ਤੇ ਕਿਸੇ ਆਪਣੇ ਦੀ ਇੱਜ਼ਤ ਲਈ।
ਭਾਂਵੇ ਅੱਜ ਤੱਕ ਸਮਾਜ ਦਾ ਨਜ਼ਰੀਆਂ ਧੀਆਂ ਪ੍ਰਤੀ ਬਹੁਤ ਬਦਲ ਚੁੱਕਿਆ ਹੈ ,ਪਰ ਕਿਤੇ ਨੇ ਕਿਤੇ ਅਜੇ ਵੀ ਸਾਡਾ ਸਮਾਜ ਉਸ ਰੂੜੀਵਾਦੀ ਸੋਚ ਦੇ ਭਰੇ ਦਰਿਆ ਵਿੱਚੋਂ ਬਾਹਰ ਨਹੀਂ ਆ ਪਾਇਆ। ਅੱਜ ਸਾਰੇ ਖੇਤਰਾਂ ਵਿੱਚ ਕੁੜੀਆਂ ਬੁਲੰਦੀਆਂ ਨੂੰ ਛੋਹ ਰਹੀਆਂ ਹਨ, ਚਾਹੇ ਉਹ ਸਿੱਖਿਆ ਦਾ ਖੇਤਰ ਹੋਵੇ ,ਖੇਡਾਂ ਦਾ ਖੇਤਰ ਹੋਵੇ,ਭਾਵ ਸਾਰੇ ਪਾਸੇ ਧੀਆਂ ਪੁੱਤਾਂ ਨਾਲੋਂ ਵੱਧ ਕੇ ਤਰੱਕੀਆਂ ਕਰ ਰਹੀਆਂ ਹਨ। ਧੀਆਂ ਵੀ ਪੁੱਤਰਾਂ ਵਾਂਗ ਮਾਪਿਆਂ ਦਾ ਨਾਮ ਰੋਸ਼ਨ ਕਰਦੀਆਂ ਹਨ। ਧੀਆਂ ਬਹੁਤ ਅਨਮੋਲ ਦਾਤ ਹੈ ਜੋ ਪ੍ਰਮਾਤਮਾ ਕਿਸੇ ਕਿਸੇ ਨੂੰ  ਬਖਸ਼ਦਾ ਹੈ। ਆਖਿਰ ਵਿੱਚ ਦੋ ਧੀਆਂ ਦੇ ਲਈ:
ਧੀਆਂ ਇੱਜਤਾਂ ਹੁੰਦੀਆ ਨੇ
ਧੀਆਂ ਆਣ ਹੁੰਦੀਆਂ ਨੇ
ਤੇ ਇੱਜ਼ਤਾਂ ਸਭ ਦੀਆਂ
ਇੱਕ ਸਮਾਨ ਹੁੰਦੀਆਂ ਨੇ
ਮਨਵੀਰ ਕੌਰ (ਮਾਹਲਾਂ ਕਲਾਂ)
Previous articleਸਮਾਂ
Next articleਮੋਰਚਾ ਵਾਪਸ ਲੈਣ ਦੇ ਫੈਸਲੇ ਤੋਂ ਸ:ਲਾਲਪੁਰਾ ਤੇ ਗਿਆਨੀ ਅਜਮੇਰ ਸਿੰਘ ਆਪਸ ਵਿਚ ਉਲਝੇ-ਸਤਨਾਮ ਸਿੰਘ ਚਾਹਲ