ਧੀਆਂ ਦਾ ਬਾਪ ਧੀ ਅੱਗੇ ਹਾਰਿਆ

(ਸਮਾਜ ਵੀਕਲੀ)

ਹਿੰਮਤ ਸਿੰਘ ਨੇ ਕਦੇ ਵੀ ਮੁਸ਼ਕਿਲ ਦੇ ਸਾਹਮਣੇ ਹਾਰ ਨਹੀਂ ਸੀ।ਹਰ ਮੁਸ਼ਕਲ ਦਾ ਸਾਹਮਣਾ ਬੜੀ ਹਿੰਮਤ, ਦਲੇਰੀ ਤੇ ਹੌਸਲੇ ਨਾਲ਼ ਕੀਤਾ। ਕੁਝ ਸਾਲਾਂ ਦਾ ਸੀ ਜਦੋਂ ਮਾਂ ਛੱਡ ਕੇ ਉਸ ਰੱਬ ਨੂੰ ਪਿਆਰੀ ਹੋ ਗਈ ਅਤੇ ਪਿਤਾ ਸਦਮੇ ਵਿੱਚ ਅਧਰੰਗ ਦਾ ਸ਼ਿਕਾਰ ਹੋ ਕੇ ਮੰਜ਼ੇ ਤੇ ਪੈ ਗਿਆ। ਰੋਟੀ ਟੁੱਕ ਤੇ ਘਰ ਦੀ ਜ਼ਿੰਮੇਵਾਰੀ ਉਸ ਦੇ ਮੋਢਿਆਂ ਤੇ ਆ ਪਈ।ਪਰ ਹਿੰਮਤ ਸਿੰਘ ਨੇ ਹਿੰਮਤ ਨਾ ਹਾਰੀ। ਚੜ੍ਹਦੀ ਵਰੇਸ ਵਿਆਹ ਹੋ ਗਿਆ। ਪੜ੍ਹਨ ਲਿਖਣ ਦੀ ਉਮਰੇ ਉਸ ਨਾਲ਼ ਹੋ ਗੱਲ ਹੋਈ ਜਿਵੇਂ ਸਿਆਣੇ ਕਹਿੰਦੇ ਨੇ,
ਆਕੜੀਆਂ ਤੇ ਬਾਕੜੀਆਂ,
ਤਿੰਨੋਂ ਚੀਜ਼ਾਂ ਯਾਦ ਰਹਿਗੀਆਂ,
ਲੂਣ ਤੇਲ ਤੇ ਲੱਕੜੀਆਂ ।

ਵਿਆਹ ਤੋਂ ਕੁਝ ਸਮਾਂ ਬਾਅਦ ਬਾਪੂ ਵੀ ਰੱਬ ਨੂੰ ਪਿਆਰਾ ਹੋ ਗਿਆ । ਬਾਪੂ ਦੇ ਗੁਜ਼ਰ ਜਾਣ ਤੋਂ ਬਾਅਦ ਹਿੰਮਤ ਸਿੰਘ ਦੇ ਘਰ ਧੀ ਜਨਮ ਲਿਆ ਤਾਂ ਹਿੰਮਤ ਸਿੰਘ ਨੇ ਬੜੇ ਸ਼ਗਨ ਮਨਾਏ।ਪਰ ਇੱਥੇ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਇੱਕ ਤੋਂ ਬਾਅਦ ਇੱਕ ਸੱਤ ਧੀਆਂ ਨੇ ਜਨਮ ਲਿਆ ਪਰ ਹਿੰਮਤ ਸਿੰਘ ਨੇ ਮੱਥੇ ਵੱਟ ਨਾ ਪਾਇਆ। ਆਈਆਂ ਤੇ ਗਲ ਲਾਈਆਂ ਵਾਲ਼ੀ ਗੱਲ ਤੇ ਪਹਿਰਾ ਦਿੱਤਾ।ਸਭ ਨੂੰ ਪੜ੍ਹਨ ਲਿਖਣ ਦੀ ਖੁੱਲ੍ਹ ਦਿੱਤੀ। ਪੁੱਤਾਂ ਵਾਂਗ ਪਾਲੀਆਂ।ਸਭ ਤੋਂ ਛੋਟੀ ਨੇ ਐੱਮ ਏ ਬੀ ਐੱਡ ਕੀਤੀ ਬਾਕੀ ਛੇ ਵੀ ਆਪੋ ਆਪਣੇ ਘਰ ਹੱਸਦੀਆਂ ਵੱਸਦੀਆਂ ਰਾਜ ਕਰਦੀਆਂ ਸਨ। ਕੋਈ ਉਲਾਂਭਾ ਨਾ ਤਕਲੀਫ਼। ਛੋਟੀ ਦੀ ਵੀ ਵਿਆਹ ਦੀ ਉਮਰ ਹੋ ਗਈ ਸੀ ਪਰ ਇਹ ਸੀ ਕਿ ਟੈੱਟ ਪਾਸ ਹੈ ਕੋਈ ਨੌਕਰੀ ਮਿਲ਼ ਜਾਵੇ ਤਾਂ ਕੋਈ ਚੰਗਾ ਰਿਸ਼ਤਾ ਮਿਲ਼ ਜਾਵੇ।

ਇੱਕ ਦਿਨ ਅਚਾਨਕ ਇੱਕ ਰਿਸ਼ਤੇ ਦੀ ਗੱਲ ਚੱਲੀ ਤਾਂ ਪੱਕ ਠੱਕ ਹੋ ਗਈ। ਕੁਝ ਮਹੀਨਿਆਂ ਬਾਅਦ ਹੀ ਵਿਆਹ ਹੋ ਗਿਆ।ਵਿਆਹੀ ਅਜੇ ਮਹੀਨਾ ਵੀ ਨਹੀਂ ਹੋਇਆ ਸੀ ਘਰਵਾਲ਼ਾ ਨਿਕੰਮਾ ਕੰਨਾਂ ਦਾ ਕੱਚਾ ਹਰ ਪਲ਼ ਸ਼ੱਕ ਕਰਨ ਵਾਲ਼ਾ ਲਾਈਲੱਗ। ਗੱਲ ਗਾਲ਼ਾਂ ਤੋਂ ਹੁੰਦੀ ਹੋਈ ਹੁਣ ਤਾਂ ਮਾਰ ਕੁਟਾਈ ਤੱਕ ਪਹੁੰਚ ਗਈ ਸੀ।ਇਹ ਸਿਲਸਿਲਾ ਹੁਣ ਆਮ ਜਿਹਾ ਹੋ ਗਿਆ। ਗੱਲ ਹੁੰਦੇ ਹੰਦੋਏ ਹਿੰਮਤ ਸਿੰਘ ਦੇ ਕੰਨੀਂ ਪਈ ਤਾਂ ਧੀ ਦੇ ਘਰ ਜਿਵੇਂ ਤਿਵੇਂ ਪਹੁੰਚਿਆ ਤਾਂ ਉਸ ਦੀਆਂ ਅੱਖਾਂ ਸਾਹਵੇਂ ਧੀ ਕੁੱਟ ਧਰਿਆ। ਜਿਸ ਧੀ ਦੇ ਪਿਤਾ ਨੇ ਕਦੇ ਕੰਡੇ ਜਿਨੀਂ ਪੀੜ ਨਹੀਂ ਦਿੱਤੀ ਸੀ ਉਸ ਦੇ ਸਰੀਰ ਉੱਤੇ ਪਈਆਂ ਲਾਸਾਂ ਕਲੇਜਾ ਰੁੱਗ ਭਰ ਕੇ ਕੱਢ ਲਿਆ। ਗੁੱਸੇ ਵਿੱਚ ਹਿੰਮਤ ਸਿੰਘ ਨੇ ਧੀ ਨੂੰ ਨਾਲ਼ ਚੱਲਣ ਲਈ ਕਿਹਾ, ਪਰ ਧੀ ਦੀ ਇੱਕੋ ਜ਼ਿੱਦ ਕਿ ਮੈਂ ਇੱਥੇ ਹੀ ਵੱਸ ਕੇ ਦਿਖਾਊਂ। ਹਿੰਮਤ ਸਿੰਘ ਕਹਿੰਦਾ ਕਿ ਧੀਏ ਵੱਸੇਂਗੀ ਤਾਂ ਜੇ ਜਿਉਂਦੀ ਰਹੇਗੀ।ਪਰ ਉਸ ਨੇ ਇੱਕ ਨਾ ਮੰਨੀ ਤੇ ਬਾਪੂ ਪਰਨੇ ਦੇ ਲੜ੍ਹ ਨਾਲ਼ ਹੰਝੂ ਪੂੰਝਦਾ ਸਿਰ ਤੇ ਹੱਥ ਧਰ ਹਾਰੇ ਜਿਹੇ ਮਨ ਨਾਲ਼ ਪਿੰਡ ਵੱਲ ਨੂੰ ਹੋ ਤੁਰਿਆ।

ਰਣਬੀਰ ਸਿੰਘ ਪ੍ਰਿੰਸ
ਸ਼ਾਹਪੁਰ ਕਲਾਂ ਆਫ਼ਿਸਰ ਕਾਲੋਨੀ ਸੰਗਰੂਰ
9872299613

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ
Next articleਅੱਜ ਵਿਆਹ ਦੀ 16ਵੀਂ ਵਰ੍ਹੇਗੰਢ ‘ਤੇ