ਹਿਮਾਚਲ ਹਾਕੀ ਦੇ ਵਿਕਾਸ ਲਈ ਕਰਵਾਇਆ ਦੋ ਰੋਜ਼ਾ ਸਮਾਗਮ ਅੱਜ ਇੱਥੇ ਸਮਾਪਤ ਹੋ ਗਿਆ। ਆਖ਼ਰੀ ਦਿਨ ਹਾਜ਼ਰੀਨ ਨੇ ਅਹਿਦ ਲਿਆ ਕਿ ਹਾਕੀ ਦੇ ਮਹਾਨ ਖਿਡਾਰੀ ਮੇਜਰ ਧਿਆਨ ਚੰਦ ਨੂੰ ‘ਭਾਰਤ ਰਤਨ’ ਦੇਣ ਦੀ ਮੁਹਿੰਮ ਹਿਮਾਚਲ ਤੋਂ ਆਰੰਭੀ ਜਾਵੇਗੀ। ਇਸ ਦੌਰਾਨ ਫ਼ੈਸਲਾ ਹੋਇਆ ਕਿ ਪੰਜ ਲੱਖ ਲੋਕਾਂ ਦੇ ਦਸਤਖਤਾਂ ਵਾਲਾ ਖਰੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ ਨੂੰ ਸੌਂਪਿਆ ਜਾਵੇਗਾ। ਹਿਮਾਚਲ ਪ੍ਰਦੇਸ਼ ਹਾਕੀ ਐਸੋਸੀਏਸ਼ਨ ਅਤੇ ਜ਼ਿਲ੍ਹਾ ਸੋਲਨ ਹਾਕੀ ਇਕਾਈ ਦੇ ਸਹਿਯੋਗ ਨਾਲ ਹਾਕੀ ਓਲੰਪੀਅਨ ਮੇਜਰ ਧਿਆਨ ਚੰਦ ਸਿੰਘ ਹਾਕੀ ਸੁਸਾਇਟੀ ਕੰਡਾਘਾਟ ਵੱਲੋਂ ਵਿਉਂਤੇ ਸਮਾਗਮ ਦੇ ਦੂਜੇ ਤੇ ਆਖ਼ਰੀ ਦਿਨ ਜ਼ਿਲ੍ਹਾ ਸੋਲਨ ਹਾਕੀ ਇਕਾਈ ਦੇ ਪ੍ਰਧਾਨ ਰਣਧੀਰ ਸਿੰਘ ਨੇ ਹਾਜ਼ਰੀਨ ਦਾ ਸਵਾਗਤ ਕਰਦਿਆਂ ਕਿਹਾ ਕਿ ਸੋਲਨ ਤੇ ਕੰਡਾਘਾਟ ’ਚ ਹਾਕੀ ਨੂੰ ਸੰਜੀਵਨੀ ਮਿਲਣ ਨਾਲ ਹਿਮਾਚਲ ਪ੍ਰਦੇਸ਼ ਦਾ ਨਾਮ ਇਕ ਦਿਨ ਆਲਮੀ ਹਾਕੀ ਦੀਆਂ ਸੁਰਖ਼ੀਆਂ ਬਣੇਗਾ। ਉਨ੍ਹਾਂ ਕਿਹਾ ਕਿ ਮੇਜਰ ਧਿਆਨ ਚੰਦ ਨੂੰ ‘ਭਾਰਤ ਰਤਨ’ ਦੇਣ ਦੀ ਮੁਹਿੰਮ ਹਿਮਾਚਲ ਤੋਂ ਆਰੰਭੀ ਜਾਵੇਗੀ ਅਤੇ ਪੰਜ ਲੱਖ ਲੋਕਾਂ ਦੇ ਦਸਤਖਤਾਂ ਵਾਲਾ ਖਰੜਾ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਦੀ ਅਗਵਾਈ ਵਿੱਚ ਪ੍ਰਧਾਨ ਮੰਤਰੀ ਮੋਦੀ ਤੇ ਕੇਂਦਰੀ ਖੇਡ ਮੰਤਰੀ ਨੂੰ ਸੌਂਪਿਆ ਜਾਵੇਗਾ। ਜ਼ਿਲ੍ਹਾ ਸੋਲਨ ਦੇ ਏਡੀਐੱਮ ਵਿਵੇਕ ਚੰਦੇਲ ਨੇ ਜ਼ਿਲ੍ਹਾ ਸੋਲਨ ਤੇ ਕੰਡਾਘਾਟ ’ਚ ਮਹਿਲਾ ਅਤੇ ਪੁਰਸ਼ ਹਾਕੀ ਦੇ ਵਿਕਾਸ ਲਈ ਕੀਤੀਆਂ ਜਾ ਰਹੀਆਂ ਪਹਿਲਕਦੀਆਂ ’ਤੇ ਚਾਨਣਾ ਪਾਇਆ। ਐੱਸਡੀਐੱਮ ਸੰਜੀਵ ਧੀਮਾਨ ਨੇ ਕਿਹਾ ਕਿ ਕੰਡਾਘਾਟ ਦੇ ਹਾਕੀ ਤੇ ਫੁਟਬਾਲ ਮੈਦਾਨ ਦਾ ਨਿਰਮਾਣ 2-3 ਮਹੀਨੇ ’ਚ ਪੂਰਾ ਹੋ ਜਾਵੇਗਾ। ਚਾਰ ਵਿਸ਼ਵ ਹਾਕੀ ਕੱਪ ਅਤੇ ਦੋ ਵਾਰ ਓਲੰਪਿਕ ਹਾਕੀ ਖੇਡ ਚੁੱਕੇ ਓਲੰਪੀਅਨ ਅਸ਼ੋਕ ਕੁਮਾਰ ਸਿੰਘ ਨੇ ਹਰ ਖੇਡ ’ਚ ਖਿਡਾਰੀਆਂ ਨਾਲ ਹੁੰਦੇ ਪੱਖਪਾਤ ਦੀ ਗੱਲ ਕੀਤੀ। ਉਨ੍ਹਾਂ ਸੋਲਨ ਅਤੇ ਕੰਡਾਘਾਟ ਦੀਆਂ ਮਹਿਲਾ ਹਾਕੀ ਖਿਡਾਰਨਾ ਨੂੰ ਸਲਾਮ ਕਰਦਿਆਂ ਕਿਹਾ ਕਿ ਇਨ੍ਹਾਂ ਦੇ ਨੇਕ ਇਰਾਦਿਆਂ ਨੂੰ ਇਕ ਦਿਨ ਬੂਰ ਜ਼ਰੂਰ ਪਵੇਗਾ। ਉਨ੍ਹਾਂ ਹਿਮਾਚਲ ’ਚ ਹਾਕੀ ਦੀਆਂ ਸਰਗਰਮੀਆਂ ਆਰੰਭੇ ਜਾਣ ’ਤੇ ਜ਼ਿਲ੍ਹਾ ਸੋਲਨ ਹਾਕੀ ਇਕਾਈ ਅਤੇ ਖਾਸ ਕਰ ਮੇਜਰ ਧਿਆਨ ਚੰਦ ਸਿੰਘ ਹਾਕੀ ਸੁਸਾਇਟੀ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਹਾਕੀ ਓਲੰਪੀਅਨ ਅਜੀਤ ਸਿੰਘ ਨੇ ਕਿਹਾ ਕਿ ਕੁੱਝ ਨਵਾਂ ਕਰਨ ਲਈ ਕੁੱਝ ਗਵਾਉਣਾ ਵੀ ਪੈਂਦਾ ਹੈ। ਉਨ੍ਹਾਂ ਉਦਾਹਰਣ ਦਿੱਤੀ ਕਿ ਉਸ ਦੇ ਹਾਕੀ ਓਲੰਪੀਅਨ ਪੁੱਤਰ ਗਗਨਅਜੀਤ ਦਾ ਨਾਮ ਸਕੂਲ ’ਚ ਇਸ ਕਰਕੇ ਕੱਟ ਦਿੱਤਾ ਗਿਆ ਕਿਉਂਕਿ ਹਾਕੀ ਖੇਡਣ ਕਾਰਨ ਉਹ ਸਕੂਲ ਦਾ ਕੰਮ ਨਹੀਂ ਕਰ ਸਕਿਆ। ਉਨ੍ਹਾਂ ਕਿਹਾ ਕਿ ਦੇਸ਼ ਨੇ ਹੁਣ ਤੱਕ ਓਲੰਪਿਕ ’ਚ 9 ਸੋਨ ਤਗਮੇ ਹਾਸਲ ਕੀਤੇ ਹਨ। ਇਨ੍ਹਾਂ ’ਚੋਂ ਅੱਠ ਸੋਨ ਤਗ਼ਮੇ ਹਾਕੀ ਦੇ ਨਾਮ ਦਰਜ ਹਨ। ਉਨ੍ਹਾਂ ਕਿਹਾ, ‘‘ਅੱਜ ਗਨੀਮਤ ਇਹ ਹੈ ਕਿ ਸਾਨੂੰ ਸੈਮੀਨਾਰਾਂ ਰਾਹੀਂ ਦੇਸ਼ ’ਚ ਹਾਕੀ ਦੇ ਵਿਕਾਸ ਦੀ ਵਕਾਲਤ ਕਰਨੀ ਪੈ ਰਹੀ ਹੈ।’’