ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਹੈ ਕਿ ਜੰਮੂ ਕਸ਼ਮੀਰ ਵਿਚੋਂ ਧਾਰਾ 370 ਖਤਮ ਕਰ ਕੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਗੁਆਂਢੀ ਦੇਸ਼ ਪਾਕਿਸਤਾਨ ਵੱਲੋਂ ਸਾਲਾਂ ਤੋਂ ਜਾਰੀ ਲੁਕਵੀਂ ਜੰਗ ਤੇ ਅਤਿਵਾਦ ਖ਼ਿਲਾਫ਼ ‘ਫ਼ੈਸਲਾਕੁਨ ਲੜਾਈ’ ਸ਼ੁਰੂ ਕਰ ਦਿੱਤੀ ਹੈ ਤੇ ਇਸ ਫ਼ੈਸਲੇ ਨਾਲ ਜੰਮੂ ਕਸ਼ਮੀਰ ਵਿਚ ਸ਼ਾਂਤੀ ਦਾ ਮਾਹੌਲ ਪੈਦਾ ਹੋਵੇਗਾ। ਸ੍ਰੀ ਸ਼ਾਹ ਨੇ ਇਹ ਗੱਲ ਇੱਥੇ ਅਤਿਵਾਦ ਵਿਰੋਧੀ ਬਲ ਐੱਨਐੱਸਜੀ ਦੇ 35ਵੇਂ ਸਥਾਪਨਾ ਦਿਵਸ ਮੌਕੇ ਸੰਬੋਧਨ ਕਰਦਿਆਂ ਆਖੀ। ਉਹ ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪੁੱਜੇ ਸਨ। ਸ੍ਰੀ ਸ਼ਾਹ ਨੇ ਕਿਹਾ ਕਿ ਇਸ ਫ਼ੈਸਲੇ ਨਾਲ ਜੰਮੂ ਕਸ਼ਮੀਰ ਵਿਚ ਪਾਕਿਸਤਾਨ ਵੱਲੋਂ ਫੈਲਾਏ ਜਾ ਰਹੇ ਅਤਿਵਾਦ ਦਾ ਪੂਰਨ ਸਫ਼ਾਇਆ ਹੋਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਤਿਵਾਦ ਲਈ ‘ਜ਼ੀਰੋ ਸਹਿਣਸ਼ੀਲਤਾ’ ਤੇ ਇਸ ਨੂੰ ਖ਼ਤਮ ਕਰਨ ਲਈ ਵਚਨਬੱਧ ਹੈ। ਨੈਸ਼ਨਲ ਸਕਿਉਰਿਟੀ ਗਾਰਡ (ਐੱਨਐੱਸਜੀ) ਇਸ ਉਦੇਸ਼ ਦੀ ਪ੍ਰਾਪਤੀ ਲਈ ਮਹੱਤਵਪੂਰਨ ਸਾਧਨ ਹੈ। ਸ੍ਰੀ ਸ਼ਾਹ ਨੇ ਕਿਹਾ, ‘‘ਮੈਂ ਸਮਝਦਾ ਹਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਨੇ 370 ਖਤਮ ਕਰ ਕੇ ਪਾਕਿਸਤਾਨ ਵੱਲੋਂ ਸਾਲਾਂ ਤੋਂ ਜਾਰੀ ਲੁਕਵੀਂ ਜੰਗ ਤੇ ਅਤਿਵਾਦ ਖ਼ਿਲਾਫ਼ ਨਿਰਣਾਇਕ ਜੰਗ ਸ਼ੁਰੂ ਕਰ ਦਿੱਤੀ ਹੈ। ਇਸ ਕਦਮ ਨਾਲ ਕਸ਼ਮੀਰ ਤੇ ਸੂਬੇ ਵਿਚ ਸ਼ਾਂਤੀ ਦਾ ਮਾਹੌਲ ਬਣੇਗਾ।’’ ਉਨ੍ਹਾਂ ਕਿਹਾ ਕਿ ਭਾਰਤ ਕਈ ਸਾਲਾਂ ਤੋਂ ਅਤਿਵਾਦ ਦਾ ਸਾਹਮਣਾ ਕਰ ਰਿਹਾ ਹੈ ਤੇ ਵਿਸ਼ਵ ਦੇ ਬਹੁਤ ਘੱਟ ਦੇਸ਼ ਹੋਣਗੇ, ਜਿਨ੍ਹਾਂ ਨੇ ਅਤਿਵਾਦ ਖ਼ਿਲਾਫ਼ ਅਜਿਹੀ ਕੋਈ ਜੰਗ ਸ਼ੁਰੂ ਕੀਤੀ ਹੋਵੇ। ਉਨ੍ਹਾਂ ਦੀ ਸਰਕਾਰ ਅਤਿਵਾਦ ਖ਼ਿਲਾਫ਼ ਜ਼ੀਰੋ ਸਹਿਣਸ਼ੀਲਤਾ ਦੇ ਸਿਧਾਂਤ ’ਤੇ ਕੰਮ ਕਰ ਰਹੀ ਹੈ।
INDIA ਧਾਰਾ 370 ਖ਼ਤਮ ਕਰ ਕੇ ਸਰਕਾਰ ਨੇ ਅਤਿਵਾਦ ਖ਼ਿਲਾਫ਼ ‘ਫ਼ੈਸਲਾਕੁਨ ਲੜਾਈ’ ਆਰੰਭੀ:...