ਬਾਰਾਮੂਲਾ (ਜੰਮੂ ਕਸ਼ਮੀਰ) (ਸਮਾਜ ਵੀਕਲੀ): ਸਾਬਕਾ ਕਾਂਗਰਸੀ ਆਗੂ ਗੁਲਾਮ ਨਬੀ ਆਜ਼ਾਦ ਨੇ ਅੱਜ ਕਿਹਾ ਕਿ ਉਹ ਧਾਰਾ 370 ਦੇ ਮਸਲੇ ’ਤੇ ਲੋਕਾਂ ਨੂੰ ਗੁਮਰਾਹ ਨਹੀਂ ਕਰਨਗੇ ਕਿਉਂਕਿ ਸੰਸਦ ਵਿੱਚ ਦੋ-ਤਿਹਾਈ ਬਹੁਮਤ ਵਾਲੀ ਸਰਕਾਰ ਹੀ ਇਸ ਵਿਵਸਥਾ ਦੀ ਬਹਾਲੀ ਨੂੰ ਯਕੀਨੀ ਬਣਾ ਸਕਦੀ ਹੈ। ਪਿਛਲੇ ਮਹੀਨੇ ਕਾਂਗਰਸ ਨੂੰ ਅਲਵਿਦਾ ਆਖਣ ਮਗਰੋਂ ਆਜ਼ਾਦ ਅੱਜ ਇਥੇ ਕਸ਼ਮੀਰ ਵਾਦੀ ਵਿੱਚ ਆਪਣੀ ਪਲੇਠੀ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਆਜ਼ਾਦ ਨੇ ਕਿਹਾ, ‘‘ਆਜ਼ਾਦ ਨੂੰ ਪਤਾ ਹੈ ਕਿ ਕੀ ਕੀਤਾ ਤੇ ਕੀ ਨਹੀਂ ਕੀਤਾ ਜਾ ਸਕਦਾ। ਮੈਂ ਜਾਂ ਕਾਂਗਰਸ ਪਾਰਟੀ ਜਾਂ ਤਿੰਨ ਖੇਤਰੀ ਪਾਰਟੀਆਂ ਤੁਹਾਨੂੰ ਧਾਰਾ 370 ਵਾਪਸ ਨਹੀਂ ਦਿਵਾ ਸਕਦੀਆਂ, ਨਾ ਹੀ ਇਹ (ਟੀਐੱਮਸੀ ਮੁਖੀ) ਮਮਤਾ ਬੈਨਰਜੀ ਜਾਂ ਡੀਐੱਮਕੇ ਜਾਂ (ਐੱਨਸੀਪੀ ਮੁਖੀ) ਸ਼ਰਦ ਪਵਾਰ ਦੇ ਹੱਥ ਹੈ।’’ ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਉਹ ਅਜਿਹਾ ਕੋਈ ਮੁੱਦਾ ਨਹੀਂ ਚੁੱਕਣਗੇ, ਜੋ ਉਨ੍ਹਾਂ ਦੇ ਕੰਟਰੋਲ ਵਿੱਚ ਨਹੀਂ ਹੈ। ਉੱਤਰੀ ਕਸ਼ਮੀਰ ਦੇ ਡਾਕ ਬੰਗਲਾ ਬਾਰਾਮੂਲਾ ਵਿੱਚ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ, ‘‘ਕੁਝ ਲੋਕ ਕਹਿੰਦੇ ਹਨ ਕਿ ਮੈਂ ਧਾਰਾ 370 ਦੀ ਗੱਲ ਨਹੀਂ ਕਰਦਾ। ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਆਜ਼ਾਦ ਵੋਟਾਂ ਖਾਤਿਰ ਲੋਕਾਂ ਨੂੰ ਮੂਰਖ ਨਹੀਂ ਬਣਾਉਂਦਾ। ਮੈਂ ਅੱਲ੍ਹਾ ਅੱਗੇ ਸਹੁੰ ਖਾਂਦਾ ਹਾਂ ਕਿ ਮੈਂ ਤੁਹਾਨੂੰ ਗੁਮਰਾਹ ਨਹੀਂ ਕਰਾਂਗਾ। ਮੈਂ ਅਜਿਹਾ ਕੋਈ ਨਾਅਰਾ ਨਹੀਂ ਦੇਵਾਂਗਾ ਜਾਂ ਅਜਿਹਾ ਕੋਈ ਮੁੱਦਾ ਨਹੀਂ ਚੁੱਕਾਂਗਾ, ਜੋ ਮੇਰੇ ਕੰਟਰੋਲ ਤੋਂ ਬਾਹਰ ਹੈ।’’ ਆਜ਼ਾਦ ਨੇ ਕਿਹਾ ਕਿ ਸੰਸਦ ਵਿੱਚ ਦੋ-ਤਿਹਾਈ ਬਹੁਮਤ ਹਾਸਲ ਪਾਰਟੀ ਹੀ ਜੰਮੂ ਕਸ਼ਮੀਰ ਦੇ ਰਾਜ ਵਜੋਂ ਵਿਸ਼ੇਸ਼ ਰੁਤਬੇ ਨੂੰ ਬਹਾਲ ਕਰ ਸਕਦੀ ਹੈ, ਜੋ ਅਗਸਤ 2019 ਵਿੱਚ ਕੇਂਦਰ ਸਰਕਾਰ ਨੇ ਵਾਪਸ ਲੈ ਲਿਆ ਸੀ।
ਆਜ਼ਾਦ ਨੇ ਕਾਂਗਰਸ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ, ‘‘ਕਾਂਗਰਸ ਪਿਛਲੇ ਦਸ ਸਾਲਾਂ ਵਿੱਚ 85 ਤੋਂ ਵੱਧ ਲੋਕ ਸਭਾ ਸੀਟਾਂ ਨਹੀਂ ਜਿੱਤ ਸਕੀ। ਹਰੇਕ ਸੂਬੇ ਵਿੱਚ ਹਾਰ ਨਾਲ ਰਾਜ ਸਭਾ ਵਿੱਚ ਇਸ ਦੀ ਸਮਰੱਥਾ ਲਗਾਤਾਰ ਨਿੱਘਰਦੀ ਜਾ ਰਹੀ ਹੈ। ਮੈਂ ਇਸ (ਵਿਸ਼ੇਸ਼ ਰੁਤਬੇ) ਨੂੰ ਕਿੱਥੋਂ ਲਿਆਵਾਂਗਾ? ਫਿਰ ਲੋਕਾਂ ਨੂੰ ਕਿਉਂ ਗੁਮਰਾਹ ਕਰਨਾ।’’ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਹ ਲੋਕਾਂ ਨਾਲ ਚੰਨ ਤੇ ਤਾਰਿਆਂ ਦੇ ਨਹੀਂ ਬਲਕਿ ਉਹੀ ਵਾਅਦੇ ਕਰਨਗੇ ਜਿਹੜੇ ਪੂਰੇ ਕੀਤੇ ਜਾ ਸਕਣਗੇ।