ਲੁਧਿਆਣਾ– ਸੂਹੀ ਸਵੇਰ ਮੀਡੀਆ ਵੱਲੋਂ ਆਪਣੀ 8ਵੀਂ ਵਰ੍ਹੇ ਗੰਢ ਮੌਕੇ ਪੰਜਾਬੀ ਭਵਨ ਵਿਚ ਸਾਲਾਨਾ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਕਸ਼ਮੀਰ ਦੇ ਸੀਨੀਅਰ ਪੱਤਰਕਾਰ ਜਲੀਲ ਰਾਠੌਰ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ ਅਤੇ ‘ਮੌਜੂਦਾ ਹਾਲਾਤ ਵਿੱਚ ਕਸ਼ਮੀਰ ਅਤੇ ਮੀਡੀਆ’ ਵਿਸ਼ੇ ਉੱਤੇ ਵਿਸ਼ੇਸ਼ ਭਾਸ਼ਨ ਦਿੱਤਾ। ਉਨ੍ਹਾਂ ਆਖਿਆ ਕਿ ਪਿਛਲੇ ਪੰਜ ਸਾਲਾਂ ਤੋਂ ਦੇਸ਼ ’ਚ ਜਿਹੜੀ 120 ਕਰੋੜ ਆਬਾਦੀ ਦਾ ਜ਼ਿਕਰ ਕੀਤਾ ਜਾ ਰਿਹਾ ਹੈ, ਉਸ ’ਚੋਂ 100 ਕਰੋੜ ਦੀ ਆਬਾਦੀ ਦੀ ਕਿਸੇ ਨੇ ਸਾਰ ਨਹੀਂ ਲਈ।
ਸ੍ਰੀ ਰਾਠੌਰ ਨੇ ਕਿਹਾ ਕਿ ਧਾਰਾ 370 ਬਾਰੇ ਸਰਕਾਰ ਦੀ ਤਿਆਰੀ ਕਾਫੀ ਸਮਾਂ ਪਹਿਲਾਂ ਹੋ ਚੁੱਕੀ ਸੀ ਅਤੇ ਪਿਛਲੇ ਕਰੀਬ 5 ਸਾਲਾਂ ਵਿੱਚ ਸਰਕਾਰ ਮਹਿਜ਼ 20 ਕਰੋੜ ਆਬਾਦੀ ’ਤੇ ਕੇਂਦਰਤ ਹੈ ਜਦਕਿ ਬਾਕੀ 100 ਕਰੋੜ ਲੋਕਾਂ ਦੀ ਕਿਸੇ ਨੇ ਸਾਰ ਨਹੀਂ ਲਈ। ਉਨ੍ਹਾਂ ਕਿਹਾ ਕਿ 370 ਦਾ ਖ਼ਾਤਮਾ ਕਰਨਾ ਕਸ਼ਮੀਰੀਆਂ ਦੀ ਪਛਾਣ ਨੂੰ ਖ਼ਤਮ ਕਰਨਾ ਹੈ। ਇਸ ਧਾਰਾ ਦੇ ਹਟਣ ਮਗਰੋਂ ਕਸ਼ਮੀਰ ਦੇ ਛੋਟੇ ਬੱਚਿਆਂ ਦੀਆਂ ਅੱਖਾਂ ਵਿੱਚ ਹੰਝੂ ਸਨ, ਕਸ਼ਮੀਰ ਦਾ ਕਾਰੋਬਾਰ, ਸੈਰ-ਸਪਾਟਾ, ਸਕੂਲੀ ਸਿਸਟਮ ਹੀ ਪ੍ਰਭਾਵਿਤ ਨਹੀਂ ਹੋਇਆ ਸਗੋਂ ਲੋਕਾਂ ਦੀ ਸੋਚ ਨੂੰ ਦੱਬ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਦੀ ਪੱਤਰਕਾਰੀ ਵਿੱਚ ਪਿਛਲੇ 30 ਸਾਲਾਂ ਵਿੱਚ ਅਜਿਹਾ ਨਹੀਂ ਹੋਇਆ, ਜੋ ਧਾਰਾ 370 ਦੇ ਮਾਮਲੇ ਵਿੱਚ ਹੋਇਆ। ਉਨ੍ਹਾਂ ਦੱਸਿਆ ਕਿ ਕਸ਼ਮੀਰ ਵਿੱਚ ਕਰੀਬ ਛੇ ਮਹੀਨੇ ਇੰਟਰਨੈੱਟ ਸੇਵਾਵਾਂ ਬੰਦ ਰਹੀਆਂ, ਜਿਸ ਨਾਲ ਪੱਤਰਕਾਰੀ ਵੀ ਪ੍ਰਭਾਵਿਤ ਰਹੀ। ਉਨ੍ਹਾਂ ਦੱਸਿਆ ਕਿ ਮੁੱਖ ਧਾਰਾ ਮੀਡੀਆ ਦੇ ਕੁਝ ਬੰਦੇ ਜੋ ਸਰਕਾਰ ਵੱਲੋਂ ਉੱਥੇ ਪਹੁੰਚੇ, ਉਨ੍ਹਾਂ ਕਸ਼ਮੀਰ ਬਾਰੇ ਪ੍ਰਚਾਰ ਕੀਤਾ ਪਰ ਸਥਾਨਕ ਪੱਤਰਕਾਰਾਂ ਦੀ ਕਲਮ ’ਤੇ ਨਕੇਲ ਪਾਈ ਰੱਖੀ।
ਡਾ. ਵਿਕਰਮ ਸਿੰਘ ਨੇ ਕਿਹਾ ਕਿ ਸੂਹੀ ਸਵੇਰ ਮੀਡੀਆ ਲੋਕਧਾਰਾ ਦਾ ਮੀਡੀਆ ਹੈ, ਜੋ ਲੋਕਾਂ ਦੀ ਮਦਦ ਨਾਲ ਚਲਾਇਆ ਜਾ ਰਿਹਾ ਹੈ। ਸੂਹੀ ਸਵੇਰ ਦੇ ਮੁੱਖ ਸੰਪਾਦਕ ਸ਼ਿਵ ਇੰਦਰ ਸਿੰਘ ਨੇ ਕਿਹਾ ਕਿ ਅਦਾਰੇ ਵੱਲੋਂ ਇਸ ਸਾਲ ਦਾ ਸੂਹੀ ਸਵੇਰ ਮੀਡੀਆ ਕੈਨੇਡਾ ਵਿੱਚ ਜਮਹੂਰੀ ਅਧਿਕਾਰਾਂ ਲਈ ਆਵਾਜ਼ ਬੁਲੰਦ ਕਰਨ ਵਾਲੀ ਆਈਏਪੀਆਈ (ਇੰਡੀਅਨਜ਼ ਅਬਰੌਡ ਫਾਰ ਪਲੂਰਲਿਸਟ ਇੰਡੀਆ) ਜਥੇਬੰਦੀ ਨੂੰ ਦਿੱਤਾ ਜਾ ਰਿਹਾ ਹੈ। ਇਸ ਜਥੇਬੰਦੀ ਨੇ ਕੱਟੜਵਾਦ ਤੇ ਨਸਲਵਾਦ ਦਾ ਸਦਾ ਵਿਰੋਧ ਕੀਤਾ ਹੈ। ਇਸ ਮੌਕੇ ਪ੍ਰੋ. ਜਗਮੋਹਨ ਸਿੰਘ, ਸੁਕੀਰਤ ਆਨੰਦ, ਰਾਜੀਵ ਖੰਨਾ ਅਤੇ ਲੋਕ ਕਾਫਲਾ ਦੇ ਸੰਪਾਦਕ ਬੂਟਾ ਸਿੰਘ, ਕਵਿਤਾ ਵਿਦਰੋਹੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
INDIA ਧਾਰਾ 370 ਖ਼ਤਮ ਕਰ ਕੇ ਕਸ਼ਮੀਰੀਆਂ ਦੀ ਪਛਾਣ ਖ਼ਤਮ ਕੀਤੀ: ਰਾਠੌਰ