‘ਮੋਦੀ ਤੇ ਟਰੰਪ ਦੇ ਹੁੰਦਿਆਂ ਸਭ ਮੁਮਕਿਨ’
ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਧਾਰਮਿਕ ਆਜ਼ਾਦੀ ਦੇ ਹੱਕ ਵਿੱਚ ‘ਮਜ਼ਬੂਤੀ’ ਨਾਲ ਬੋਲਣ ਦਾ ਸੱਦਾ ਦਿੰਦਿਆਂ ਜ਼ੋਰ ਦਿੱਤਾ ਕਿ ਜੇਕਰ ਇਨ੍ਹਾਂ (ਹੱਕਾਂ) ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਕੀਤਾ ਗਿਆ ਤਾਂ ਦੁਨੀਆ ਦਾ ਬੁਰਾ ਹਾਲ ਹੋ ਜਾਵੇਗਾ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਸਦਰ ਡੋਨਲਡ ਟਰੰਪ ਦੀ ਤਾਰੀਫ਼ ਕਰਦਿਆਂ ਕਿਹਾ ਕਿ ਦੋਵੇਂ ਆਗੂ ਨਿਡਰ ਹਨ, ਜੋ ਜੋਖ਼ਮ ਲੈਣ ਤੋਂ ਨਹੀਂ ਡਰਦੇ। ਧਾਰਮਿਕ ਆਜ਼ਾਦੀ ਬਾਰੇ ਸ੍ਰੀ ਪੌਂਪੀਓ ਦੀ ਇਹ ਟਿੱਪਣੀ ਇਸ ਲਈ ਵੀ ਅਹਿਮ ਹੈ ਕਿਉਂਕਿ ਅਮਰੀਕੀ ਵਿਦੇਸ਼ ਵਿਭਾਗ ਨੇ ਅਜੇ ਪਿਛਲੇ ਹਫ਼ਤੇ ਕੌਮਾਂਤਰੀ ਧਾਰਮਿਕ ਆਜ਼ਾਦੀ ਬਾਰੇ ਆਪਣੀ ਸਾਲਾਨਾ ਰਿਪੋਰਟ-2018 ਵਿੱਚ ਇਹ ਕਥਿਤ ਦਾਅਵਾ ਕੀਤਾ ਹੈ ਕਿ ਸਾਲ 2018 ਵਿੱਚ ਕੱਟੜਵਾਦੀ ਹਿੰਦੂ ਜਥੇਬੰਦੀਆਂ ਨੇ ਹਜੂਮੀ ਹਿੰਸਾ ਰਾਹੀਂ ਘੱਟਗਿਣਤੀਆਂ ਖਾਸ ਕਰਕੇ ਮੁਸਲਮਾਨਾਂ ਨੂੰ ਗਾਂ ਦੇ ਮੀਟ ਜਾਂ ਵਪਾਰ ਦੇ ਬਹਾਨੇ ਨਿਸ਼ਾਨਾ ਬਣਾਉਣਾ ਜਾਰੀ ਰੱਖਿਆ। ਇਥੇ ਇੰਡੀਆ ਇੰਟਰਨੈਸ਼ਨਲ ਸੈਂਟਰ ਵਿੱਚ ਇੰਡੀਆ ਪਾਲਿਸੀ ਬਾਰੇ ਆਪਣੀ ਤਕਰੀਰ ਦੌਰਾਨ ਸ੍ਰੀ ਪੌਂਪੀਓ ਨੇ ਕਿਹਾ, ‘ਭਾਰਤ, ਵਿਸ਼ਵ ਦੇ ਚਾਰ ਪ੍ਰਮੁੱਖ ਧਰਮਾਂ ਦਾ ਜਨਮ ਅਸਥਾਨ ਹੈ। ਆਓ ਸਾਰਿਆਂ ਦੀ ਧਾਰਮਿਕ ਆਜ਼ਾਦੀ ਲਈ ਮਿਲ ਕੇ ਖੜ੍ਹੇ ਹੋਈਏ। ਆਓ ਇਨ੍ਹਾਂ ਹੱਕਾਂ ਦੀ ਹਮਾਇਤ ਵਿੱਚ ਇਕੱਠਿਆਂ ਹੋ ਕੇ ਸਖ਼ਤੀ ਨਾਲ ਆਵਾਜ਼ ਚੁੱਕੀਏ। ਜਿਉਂ ਹੀ ਅਸੀਂ ਇਨ੍ਹਾਂ (ਹੱਕਾਂ) ਨਾਲ ਸਮਝੌਤਾ ਕੀਤਾ, ਕੁਲ ਆਲਮ ਦਾ ਬੇੜਾ ਬਹਿ ਜਾਵੇਗਾ।’ ਵਿਦੇਸ਼ ਮੰਤਰੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਵੱਲੋਂ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਆਲਮੀ ਦਹਿਸ਼ਤਗਰਦ ਨਾਮਜ਼ਦ ਕੀਤੇ ਜਾਣ ਤੋਂ ਅਮਰੀਕਾ ਖੁ਼ਸ਼ ਹੈ। ਉਨ੍ਹਾਂ ਕਿਹਾ, ‘ਭਾਰਤ ਆਲਮੀ ਮੰਚ ’ਤੇ ਤੇਜ਼ੀ ਨਾਲ ਉਭਰ ਰਿਹਾ ਹੈ ਤੇ ਅਮਰੀਕਾ, ਭਾਰਤ ਦੇ ਇਸ ਨਿਸ਼ਚੇ ਨੂੰ ਜੀ ਆਇਆਂ ਆਖਦਾ ਹੈ।’ ਪੌਂਪੀਓ ਨੇ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਤਾਰੀਫ਼ ਕਰਦਿਆਂ ਕਿਹਾ ਕਿ ਦੋਵੇਂ ਆਗੂ ਜੋਖ਼ਮ ਲੈਣ ਤੋਂ ਨਹੀਂ ਡਰਦੇ ਤੇ ਦੋਵੇਂ ਮੁਲਕ ‘ਇਕੱਠਿਆਂ ਮਿਲ ਕੇ ਨਾਮੁਮਕਿਨ ਨੂੰ ਮੁਮਕਿਨ’ ਬਣਾਉਣ ਲਈ ਯਤਨਸ਼ੀਲ ਹਨ।