(ਸਮਾਜ ਵੀਕਲੀ)
ਔਰਤ ਨੂੰ ਮੁੱਢ ਕਦੀਮ ਤੋਂ ਦੁਰਕਾਰਿਆ ਜਾਂਦਾ ਰਿਹਾ ਹੈ ਅਤੇ ਮੰਦਬੁੱਧੀ ਵਿਦਵਾਨਾਂ ਨੇ ਇਸਨੂੰ ਪੈਰ ਦੀ ਜੁੱਤੀ, ਬਾਘਣੀ ਹੋਰ ਪਤਾਂ ਨਹੀਂ ਕਿਹੜੇ ਕਿਹੜੇ ਨਾਵਾਂ ਨਾਲ ਜੋੜ ਕੇ ਇਸਨੂੰ ਮਰਦ ਦੀ ਗੁਲਾਮੀ ਦਾ ਪ੍ਰਤੀਕ ਬਣਾਇਆ ਹੈ। ਜਦਕਿ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ ਕਿ ਜਿਹੜੀ ਇਸਤਰੀ ਰਾਜੇ ਅਤੇ ਮਹਾਰਾਜਿਆਂ ਨੂੰ ਜਨਮ ਦਿੰਦੀ ਹੈ ਉਹ ਭੈੜੀ ਕਿਵੇਂ ਹੋ ਸਕਦੀ ਹੈ । ਇਹ ਗੱਲ ਬਿਲਕੁੱਲ ਸੋਲਾਂ ਆਨੇ ਸਹੀ ਹੈ ਅੱਜ ਔਰਤਾਂ ਨੇ ਸਮਾਜ ਵਿੱਚ ਆਪਣਾ ਉਹ ਰੁਤਬਾ ਬਣਾਇਆ ਹੈ ਜਿਹੜਾ ਮਰਦ ਪ੍ਰਧਾਨ ਸਮਾਜ ਸਦੀਆਂ ਦੀ ਪ੍ਰਧਾਨਗੀ ਕਰਦਾ ਵੀ ਨਹੀਂ ਬਣਾ ਸਕਿਆ।
ਔਰਤਾਂ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀਂ ਰਹੀਆਂ ਭਾਵੇਂ ਉਹ ਸਮਾਜਿਕ ਖੇਤਰ, ਧਾਰਮਿਕ ਖੇਤਰ , ਰਾਜਨੀਤੀ ਜਾਂ ਸਿੱਖਿਆ ਦਾ ਖੇਤਰ ਹੋਵੇ ਔਰਤਾਂ ਨੇ ਹਮੇਸ਼ਾ ਹੀ ਆਪਣੀ ਝੰਡੀ ਗੱਡੀ ਹੈ। ਔਰਤ ਸਮਾਜ ਦੀ ਜਨਣੀ ਹੈ ਘਰ ਦੀ ਕੰਜੀ ਹੈ ਜਿਸ ਬਿਨ੍ਹਾਂ ਘਰ ਖੁੱਲਦੇ ਨਹੀਂ ਘਰ ਚੱਲਦੇ ਨਹੀ। ਆਉ ਅੱਜ ਅਜਿਹੀ ਔਰਤ ਬਾਰੇ ਗੱਲ ਕਰਦੇ ਹਾਂ ਜਿਸਨੇ ਕੁਦਰਤ ਦੀ ਬਖਸ਼ੀ ਸਾਬਤ ਸੂਰਤ ਦਾਤ ਨੂੰ ਜਿਉਂ ਦਾ ਤਿਉਂ ਰੱਖਿਆ ਅਤੇ ਗੁਰੂ ਨਾਨਕ ਦੀ ਵਿਚਾਰਧਾਰਾ ਉੱਪਰ ਚੱਲਦਿਆਂ ਆਪਣੇ ਅੰਦਰ ਬਚਪਨ ਵਿੱਚ ਪੈਦਾ ਹੋਏ ਢਾਡੀ ਕਲਾ ਦੇ ਸੁਲਘਦੇ ਜ਼ਜਬੇ ਨੂੰ ਅੱਗੇ ਚੱਲ ਕੇ ਆਪਣਾ ਪੇਸ਼ਾ ਬਣਾ ਲਿਆ।
ਬੀਬੀ ਵੀਰਪਾਲ ਕੌਰ ਖਾਲਸਾ ਦਾ ਜਨਮ ਜਿਲ੍ਹਾ ਮੋਗਾ ਦੇ ਪਿੰਡ ਰੌਤਾਂ ਵਿਖੇ 19 ਫਰਵਰੀ 1986 ਨੂੰ ਪਿਤਾ ਸ. ਚੜਤ ਸਿੰਘ ਦੇ ਘਰ ਮਾਤਾ ਛਿੰਦਰ ਕੌਰ ਦੀ ਕੁੱਖੋਂ ਇੱਕ ਸਧਾਰਨ ਪਰਿਵਾਰ ਵਿੱਚ ਹੋਇਆ।ਆਪ ਦੀਆਂ ਦੋ ਵੱਡੀਆਂ ਭੈਣਾ ਅਤੇ ਇੱਕ ਛੋਟਾ ਭਰਾ ਹੈ। ਆਪ ਨੇ ਆਪਣੀ ਮੁੱਢਲੀ ਪੜ੍ਹਾਈ ਪਿੰਡ ਦੇ ਸਰਕਾਰੀ ਹਾਈ ਸਕੂਲ ਤੋਂ ਹੀ ਪ੍ਰਾਪਤ ਕੀਤੀ । ਅਸੀਂ ਬਚਪਨ ਤੋਂ ਹੀ ਅੰਦਾਜ਼ਾ ਲਗਾ ਲੈਂਦੇ ਹਾਂ ਕਿ ਇਹ ਬੱਚੇ ਦਾ ਰੁਝਾਨ ਕਿਸ ਪਾਸੇ ਹੈ ਅਤੇ ਇਹ ਅੱਗੇ ਜਾ ਕੇ ਕੀ ਬਣੇਗਾ।ਅਜਿਹਾ ਦੇਖਣ ਵਿੱਚ ਆਇਆ ਬੀਬੀ ਵੀਰਪਾਲ ਕੌਰ ਦੇ ਜੀਵਨ ‘ਤੇ ਝਾਤ ਮਾਰਦਿਆਂ ।
ਉਹ ਬਚਪਨ ਵਿੱਚ ਹੀ ਢਾਡੀ ਵਾਰਾਂ ਧਾਰਮਿਕ ਪ੍ਰੋਗਰਾਮਾਂ ਅਤੇ ਟੀ.ਵੀ ਉੱਪਰ ਚੱਲਣ ਵਾਲੇ ਧਾਰਮਿਕ ਢਾਡੀ ਪੋ੍ਰਗਰਾਮ ਬਹੁਤ ਹੀ ਚਾਅ ਅਤੇ ਉਮਾਹ ਨਾਲ ਵੇਖਿਆ ਕਰਦੇ ਸਨ ।ਇੱਕ ਦਿਨ ਪਿੰਡ ਰੌਤਾਂ ਵਿਖੇ ਹੀ ਇੱਕ ਧਾਰਮਿਕ ਪ੍ਰੋਗਰਾਮ ਦੌਰਾਨ ਭਾਈ ਗੁਰਚਰਨ ਸਿੰਘ ਜੀ ਜੱਸਲ ਦਾ ਢਾਡੀ ਜੱਥਾ ਆਇਆ ਜਿਸ ਵਿੱਚ ਬੀਬੀਆਂ ਦੇ ਜੱਥੇ ਨੂੰ ਢਾਡੀ ਵਾਰਾਂ ਗਾਉਂਦਿਆਂ ਸੁਣਿਆਂ ਤਾਂ ਆਪਦੇ ਅੰਦਰ ਸੁਲਘਦੀ ਢਾਡੀ ਕਲਾ ਦੀ ਰੀਝ ਫਿਰ ਤੋਂ ਸੁਰਜੀਤ ਹੋ ਗਈ ਅਤੇ ਆਪ ਨੇ ਪੱਕਾ ਨਿਰਣਾ ਕਰ ਲਿਆ ਕਿ ਢਾਡੀ ਕਲਾ ਦੇ ਜੱਥੇ ਵਿੱਚ ਸ਼ਾਮਿਲ ਹੋ ਕਿ ਇਹ ਸੇਵਾ ਕਰਨੀ ਚਾਹੀਦੀ ਹੈ।
ਫਿਰ ਆਪ ਨੇ ਭਾਈ ਗੁਰਚਰਨ ਸਿੰਘ ਜੱਸਲ ਦੇ ਜੱਥੇ ਵਿੱਚ ਸ਼ਾਮਿਲ ਹੋ ਕਿ ਢਾਡੀ ਕਲਾ ਦੀਆਂ ਬਰੀਕੀਆਂ ਨੂੰ ਸਿੱਖਿਆ ਅਤੇ ਢਾਡੀ ਵਾਦਕ ਦੇ ਤੌਰ ਤੇ ਕਾਫੀ ਸਮਾਂ ਉਨ੍ਹਾਂ ਨਾਲ ਇਹ ਸੇਵਾ ਕੀਤੀ। ਇਹ ਆਪ ਦੀ ਢਾਡੀ ਕਲਾ ਵੱਲ ਪੁੱਟਿਆ ਹੋਇਆ ਪਹਿਲਾ ਕਦਮ ਸੀ ਜਿਸ ਤੋਂ ਬਾਅਦ ਆਪ ਨੇ ਇਸਨੂੰ ਆਪਣਾ ਜਨੂੰਨ ਬਣਾ ਲਿਆ ਅਤੇ ਪਿੱਛੇ ਮੁੜ ਕੇ ਨਹੀਂ ਵੇਖਿਆ ।
ਨਿਰੰਤਰ ਭਾਈ ਸਾਧੂ ਸਿੰਘ ਧੰਮੂ ਧੂੜਕੋਟ ਵਾਲਿਆਂ ਦੇ ਜੱਥੇ ਵਿੱਚ ਵੀ ਢਾਡੀ ਵਾਦਕ ਦੇ ਵਜੋਂ ਕੰਮ ਕਰਦੇ ਰਹੇ ਅਤੇ ਆਪਣੀ ਕਲਾ ਵਿੱਚ ਹੌਲੀ ਹੌਲੀ ਨਿਖਾਰ ਲਿਆਉਂਦੇ ਗਏ। ਇਸ ਜੱਥੇ ਵਿੱਚ ਹੀ ਆਪਨੇ ‘ਮਾਂ ਦੀਆਂ ਅਸ਼ੀਸ਼ਾਂ, ਕੁਰਬਾਨੀ ਫੌਜ਼ੀ ਦੀ ਆਦਿ ਆਡੀਉ ਕੈਸਿਟਾਂ ਰਿਕਾਰਡ ਕਰਵਾਈਆਂ।ਇਸ ਤਰ੍ਹਾਂ ਆਪ ਦਾ ਇਹ ਸਫਰ ਨਿਰੰਤਰ ਚਲਦਾ ਰਿਹਾ ਅਤੇ ਕਈ ਧੁੱਪਾਂ ਛਾਂਵਾਂ ਆਈਆਂ ਆਪਨੇ ਉਨ੍ਹਾਂ ਨੂੰ ਵਾਹਿਗੁਰੂ ਦੇ ਭਾਣੇ ਅੰਦਰ ਖਿੜ੍ਹੇ ਮੱਥੇ ਕਬੂਲ ਕਰਦਿਆਂ ਆਪਣੀ ਮੰਜ਼ਿਲ ਵੱਧਦੇ ਗਏ।
ਆਪ ਦੀ ਜ਼ਿੰਦਗੀ ਵਿੱਚ ਇੱਕ ਵੱਡਾ ਮੋੜ ਉਦੋਂ ਆਇਆ ਜਦੋਂ ਆਪ ਦਾ ਵਿਆਹ 2009 ਵਿੱਚ ਪਿੰਡ ਸਮਾਲਸਰ ਵਾਸੀ ਭਾਈ ਮੱਖਣ ਸਿੰਘ ਮੁਸ਼ਾਫਿਰ ( ਪ੍ਰਸਿੱਧ ਕਵਿਸ਼ਰੀ ਜੱਥੇ ਦੇ ਪ੍ਰਚਾਰਕ ) ਨਾਲ ਹੋਇਆ । ਕਿਉਂਕਿ ਇਹ ਆਪ ਦੀ ਸੋਚ ਦੇ ਧਾਰਨੀ ਅਤੇ ਧਾਰਮਿਕ ਖਿਆਲਾਂ ਦੇ ਇਨਸਾਨ ਸਨ ਜਿਹੜੇ ਕਿ ਸਮਾਜ ਵਿੱਚ ਚੱਲ ਰਹੀਆਂ ਅਨੇਕਾਂ ਪ੍ਰਕਾਰ ਦੀਆਂ ਭੈੜੀਆਂ ਕੁਰਤੀਆਂ ਨੂੰ ਆਪਣੇ ਕਵੀਸ਼ਰੀ ਜੱਥੇ ਦੇ ਜ਼ਰੀਏ ਬੇ ਨਕਾਬ ਕਰਦੇ ਰਹਿੰਦੇ ਸਨ ।
ਜਿੰਨ੍ਹਾਂ ਦੀ ਉਸਤਾਦੀ ਅਤੇ ਸ਼ਗਿਰਦੀ ਆਪ ਦੇ ਲਈ ਸੋਨੇ ‘ਤੇ ਸੁਹਾਗੇ ਵੱਲੀ ਗੱਲ ਸੀ। ਆਪ ਨੇ ਆਪਣੇ ਪਤੀ ਤੋਂ ਪ੍ਰਚਾਰ ਦੀਆਂ ਕਾਫੀ ਬਰੀਕੀਆਂ ਤੋਂ ਜਾਣੂ ਕਰਵਾਇਆ ਆਪ ਨੇ ਜੱਥੇ ਵਿੱਚ ਪ੍ਰਚਾਰ ਕਰਨਾ ਵੀ ਸ਼ੁਰੂ ਕੀਤਾ । ਵਿਆਹ ਤੋਂ ਬਾਅਦ ਆਪ ਨੇ ਭਾਈ ਅਮਰਜੀਤ ਸਿੰਘ ਸਿੱਧਵਾਂ ਵਾਲਿਆਂ ਦੇ ਢਾਡੀ ਜੱਥੇ ਵਿੱਚ ਵੀ ਕਾਫੀ ਸਮਾਂ ਵਾਹਿਗੁਰੂ ਵੱਲੋਂ ਸੋਂਪੀ ਇਹ ਸੇਵਾ ਨਿਭਾਈ।ਪਿਛਲੇ ਦੋ ਸਾਲਾਂ ਤੋਂ ਆਪ ਸ਼ੋਸ਼ਲ ਮੀਡੀਆ ਉੱਪਰ ਇੱਕ ਨਿਧੜਕ ਪ੍ਰਚਾਰਕ ਦੇ ਤੌਰ ਤੇ ਕੰਮ ਕਰ ਕੇ ਸਮਾਜ ਦੀ ਰਹਿਨੁਮਾਈ ਕਰ ਰਹੇ ਹਨ।
ਆਪ ਦੁਆਰਾ ਪਿਛਲੇ ਸਮੇਂ ਪੰਜਾਬੀ ਮਾਂ ਬੋਲੀ ਦੇ ਮਾਨ ਮੰਨੇ ਜਾਣ ਵਾਲੇ ਪੰਜਾਬੀ ਗਾਇਕ ‘ਗੁਰਦਾਸ ਮਾਨ ਦੁਆਰਾ ਪੰਜਾਬੀ ਮਾਂ ਬੋਲੀ ਨਾਲ ਕੀਤੇ ਦੁਰੈਤ ਭਾਵ ਕਰਕੇ ਆਪ ਦੀ ਰੂਹ ਕਲਵਲ ਹੋ ਉੱਠੀ ਅਤੇ ਆਪ ਨੇ ‘ਨੱਕ ਚੱਪਣੀ ਵਿੱਚ ਡੋਬ ਮਾਂਨਾਂ ਮਰ ਜਾ’ ਦੀ ਤਿੱਖੀ ਸ਼ਬਦਾਵਲੀ ਵਰਤ ਕੇ ਉਸ ਕਲਗੀਧਰ ਦੀ ਸਿੰਘਣੀ ਦਾ ਰੋਹ ਆਪਣੇ ਪ੍ਰਚਾਰ ਵਿੱਚ ਜਾਹਿਰ ਕਰਕੇ ਸਾਰੀ ਉਮਰ ਪੰਜਾਬੀ ਮਾਂ ਬੋਲੀ ਦਾ ਨਾ ਵਰਤ ਕੇ ਕਮਾਈ ਖਾਣ ਵਾਲੇ ਬੇ ਗੈਰਤ ਗਾਇਕ ਨੂੰ ਸਿੱਧੀ ਚੇਤਾਵਨੀ ਦੇ ਕੇ ਪੰਜਾਬੀਅਤ ਦਾ ਸਿਰ ਫਖਰ ਨਾਲ ਉੱਚਾ ਕੀਤਾ ਹੈ ।
ਜਿਸ ਦੇ ਸਬੰਧ ਵਿੱਚ ਆਪ ਨੂੰ ਬੜ੍ਹੀਆਂ ਧਮਕੀਆਂ , ਡਰਾਵੇ ਵੀ ਆਏ ਪਰ ਆਪ ਨੇ ਕਿਹਾ ਕਿ ਅਸੀਂ ਨਾ ਤਾਂ ਕਿਸੇ ਨੂੰ ਡਰਾਉਦੇ ਹਾਂ ਅਤੇ ਨਾ ਹੀ ਕਿਸੇ ਤੋਂ ਡਰਦੇ ਹਾਂ। ਅਜਿਹੇ ਲੋਕਾਂ ਦੇ ਡਰਾਵੇ ਆਪ ਦੇ ਜ਼ਮੀਰ ਨੂੰ ਉਸਦੇ ਸਿਦਕ ਤੋਂ ਡੁਲਾ ਨਾ ਸਕੇ । ਆਪ ਪਿਛਲੇ ਦੋ ਸਾਲਾਂ ਤੋਂ ਢਾਡੀ ਪ੍ਰਚਾਰਕ ਦੇ ਤੌਰ ਤੇ ਸੇਵਾ ਕਰ ਰਹੇ ਹਨ ਜੱਥੇ ਵਿੱਚ ਬੀਬੀ ਕਮਲਜੀਤ ਕੌਰ ਖਾਲਸਾ , ਬੀਬੀ ਵੀਰਪਾਲ ਕੌਰ ਖਾਲਸਾ ਅਤੇ ਸਰੰਗੀ ਵਾਦਕ ਜਸਕਰਨ ਸਿੰਘ ਰਾਮੇਆਣਾ ਉਨ੍ਹਾਂ ਨਾਲ ਸਾਥ ਨਿਭਾ ਰਹੇ ਹਨ ।
ਪ੍ਰਚਾਰ ਦੇ ਨਾਲ ਨਾਲ ਕਵਿਤਾ ਲਿਖਣ ਦਾ ਯਤਨ ਵੀ ਕਰਦੇ ਰਹਿੰਦੇ ਹਨ । ਆਪ ਨੇ ਕਈ ਹੋਰ ਸਮਾਜ ਦੇ ਭਖਦੇ ਮੁੱਦਿਆਂ ਨੂੰ ਲੈ ਕੇ ਆਪਣੀ ਇਸ ਪ੍ਰਚਾਰਕ ਕਲਾ ਅਤੇ ਕਵਿਤਾ ਦੇ ਮਾਧਿਅਮ ਰਾਹੀਂ ਸਮਾਜ ਦੀ ਭੱਖਦੇ ਮੁੱਦਿਆਂ ਨੂੰ ਲੋਕਾਂ ਸਾਹਮਣੇ ਬੇ ਨਕਾਬ ਕਰਦੇ ਰਹਿੰਦੇ ਹਨ ।ਆਪ ਦੇ ਪਤੀ ਮੱਖਣ ਸਿੰਘ ਮੁਸ਼ਾਫਿਰ ਵੀ ਇਸ ਸਫਰ ਵਿੱਚ ਉਹਨਾਂ ਨੂੰ ਪੂਰਾ ਸਹਿਯੋਗ ਦੇ ਰਹੇ ਹਨ ਅਤੇ ਆਪ ਖੁਦ ਵੀ ਸਮੇਂ ਸਿਆਸਤ ਦੁਆਰਾ ਲਗਾਈ ਅੱਗ ਨੂੰ ਆਪਣੇ ਕਵੀਸ਼ਰੀ ਜੱਥੇ ਨਾਲ ਪ੍ਰਚਾਰ ਕਰਕੇ ਬੁਝਾਉਣ ਵਿੱਚ ਲੱਗੇ ਹੋਏ ਹਨ ।
ਭਾਈ ਮੱਖਣ ਸਿੰਘ ਮੁਸ਼ਾਫਿਰ ਨੂੰ ਤਾਂ ਕਈ ਦੇਸ਼ਾਂ ਵਿਦੇਸ਼ਾਂ ਵਿੱਚ ਇਹ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋ ਚੁੱਕਾ ਹੈ ।ਇਸਨੂੰ ਵੀ ਬੀਬੀ ਵੀਰਪਾਲ ਕੌਰ ਇਹ ਸਭ ਉਸ ਅਕਾਲ ਪੁਰਖ ਦੀ ਮਿਹਰ ਅਤੇ ਸਾਧ ਸੰਗਤ ਦੇ ਪਿਆਰ ਦਾ ਹੀ ਫਲ ਮੰਨਦੇ ਹਨ। ਆਪ ਧੰਨ ਧੰਨ ਗੁਜ਼ਰੀ ਦੇ ਲਾਲ, ਭਾਗਾਂ ਵਾਲੀ ਕਾਸ਼ੀ ਦੀ ਧਰਤੀ ਆਦਿ ਹੋਰ ਕਈ ਰਿਕਾਰਡਿੰਗਾਂ ਕਰਵਾ ਚੁੱਕੇ ਹਨ ਜਿਹੜੀਆਂ ਕਿ ਯੂ ਟਿਊਬ ਦੇ ਚੈਨਲ ਰਾਹੀ ਸੁਣੀਆ ਜਾ ਰਹੀਆਂ ਹਨ।
ਮਾਨ ਸਨਮਾਨ ਦੇ ਪੱਖੋਂ ਸੰਗਤਾਂ ਦਾ ਬੇ ਸ਼ੁਮਾਰ ਪਿਆਰ ਆਪ ਦੀ ਝੋਲੀ ਵਿੱਚ ਪਿਆ ਜਿਵੇਂ ਸਵੱਦੀ ਕਲਾਂ , ਲੁਧਿਆਣਾ , ਝਿੜੀ ਸਹਿਬ ਗੁਰਦੁਆਰਾ ਸਾਹਿਬ ਅਤੇ ਬਾਬਾ ਨਿਹਾਲ ਸਿੰਘ ਜੀ ਯੂਥ ਵੈਲਫੇਅਰ ਕਲੱਬ ਮੋਤੀ ਲੰਡੇ ਵਿਖੇ ਵਿਸ਼ੇਸ਼ ਸਨਮਾਨ ਮਿਲਿਆ।ਬੀਬੀ ਵੀਰਪਾਲ ਕੌਰ ਖਾਲਸਾ ਦਾ ਕਹਿਣਾ ਹੈ ਕਿ ਜਿੰਨ੍ਹਾਂ ਸਮਾਂ ਉਸ ਅਕਾਲ ਪੁਰਖ ਨੇ ਇਸ ਸਰੀਰ ਵਿੱਚ ਸਵਾਸ ਬਖਸ਼ੇ ਉਸ ਅਕਾਲ ਪੁਰਖ ਦਾ ਜਸ ਗਾਇਨ ਕਰਕੇ ਸਮੁੱਚੀ ਮਨੁੱਖਤਾ ਦਾ ਰਾਹ ਰੁਸ਼ਨਾਉਣ ਲਈ ਹਮੇਸ਼ਾ ਤੱਤਪਰ ਰਹਾਂਗੀ ।
ਉਨ੍ਹਾਂ ਦਾ ਸਮੁੱਚੀ ਮਨੁੱਖ ਜਾਤੀ ਨੂੰ ਸੰਦੇਸ਼ ਹੈ ਕਿ ਪ੍ਰਮਾਤਮਾ ਦੀ ਬਖਸ਼ੀ ਇਸ ਅਮੋਲਕ ਦਾਤ ਮਨੁੱਖੀ ਜੀਵਨ ਨੂੰ ਉਸ ਵਾਹਿਗੁਰੂ ਦੇ ਭਾਣੇ ਅੰਦਰ ਸਾਦਾ ਅਤੇ ਸੁੱਚਾ ਆਚਰਣ ਰੱਖ ਬਤੀਤ ਕਰਨ ਅਤੇ ਧਰਮ ਦੇ ਨਾ ਤੇ ਕੀਤੇ ਜਾਣ ਵਾਲੇ ਝੂਠੇ ਅਡੰਬਰਾਂ ਤੋਂ ਬਚਣਾ ਚਾਹੀਦਾ ਹੈ। ਹਮੇਸ਼ਾ ਹੀ ਚੰਗਾ ਸੁਣਨਾ ਚਾਹੀਦਾ ਹੈ ਸਾਡਾ ਇਹ ਜੀਵਨ ਸਫਲ ਹੋ ਸਕਦਾ ਹੈ।
ਰਮੇਸ਼ਵਰ ਸਿੰਘ ਪਟਿਆਲਾ
ਸੰਪਰਕ: 99148 80392