ਧਾਗਾ ਫੈਕਟਰੀ ’ਚ ਅੱਗ ਲੱਗੀ; ਲੱਖਾਂ ਦਾ ਨੁਕਸਾਨ

ਸਨਅਤੀ ਸ਼ਹਿਰ ਦੇ ਚੰਡੀਗੜ੍ਹ ਰੋਡ ਸਥਿਤ ਫੋਰਟਿਸ ਹਸਪਤਾਲ ਨੇੜੇ ਐਨਐਚ ਇੰਟਰਨੈਸ਼ਨਲ ਫੈਕਟਰੀ ’ਚ ਅੱਜ ਸਵੇਰੇ ਅਚਾਨਕ ਅੱਗ ਲੱਗ ਗਈ। ਆਸਪਾਸ ਦੇ ਲੋਕਾਂ ਨੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਕਾਮਯਾਬ ਨਹੀਂ ਹੋ ਸਕੇ। ਚੋਣਾਂ ਕਾਰਨ ਸੀਆਰਪੀਐਫ਼ ਦੇ ਨਾਕੇ ’ਤੇ ਖੜ੍ਹੇ ਸੀਆਰਪੀਐਫ਼ ਦੇ ਮੁਲਾਜ਼ਮ ਵੀ ਪੁਲੀਸ ਨਾਲ ਉੱਥੇ ਪੁੱਜ ਗਏ ਅਤੇ ਬਚਾਅ ਕਾਰਜ ’ਚ ਲੱਗ ਗਏ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ 22 ਗੱਡੀਆਂ ਮੌਕੇ ’ਤੇ ਪੁੱਜ ਗਈਆਂ ਜਿਨ੍ਹਾਂ ਨੇ ਅੱਗ ਨੂੰ ਕਾਬੂ ਕੀਤਾ। ਹਾਲੇ ਤੱਕ ਦੀ ਜਾਂਚ ’ਚ ਇਹੀ ਪਤਾ ਲੱਗਿਆ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਸੀ। ਅੱਗ ਲੱਗਣ ਦੇ ਕਾਰਨ ਫੈਕਟਰੀ ’ਚ ਪਈਆਂ ਮਸ਼ੀਨਾਂ ਤੇ ਲੱਖਾਂ ਰੁਪਏ ਦਾ ਧਾਗਾ ਸੜ ਕੇ ਸੁਆਹ ਹੋ ਗਿਆ।
ਇਸ ਸਬੰਧੀ ਫੈਕਟਰੀ ਮਾਲਕ ਸਾਜਨ ਨੇ ਦੱਸਿਆ ਕਿ ਫੈਕਟਰੀ ’ਚ ਤਿੰਨ ਮਸ਼ੀਨਾਂ ਲੱਗੀਆਂ ਹਨ, ਜਿੱਥੋਂ ਧਾਗਾ ਤਿਆਰ ਕੀਤਾ ਜਾਂਦਾ ਹੈ। ਫੈਕਟਰੀ ’ਚ ਘਟਨਾ ਦੇ ਸਮੇਂ ਤਿੰਨ ਤੋਂ ਚਾਰ ਵਰਕਰ ਹੀ ਕੰਮ ਕਰ ਰਹੇ ਸਨ। ਸਵੇਰੇ ਸਾਢੇ 9 ਵਜੇ ਇੱਕ ਵਾਰ ਲਾਈਟ ਚਲੀ ਗਈ। ਜਦੋਂ ਲਾਈਟ ਆਈ ਤਾਂ ਤਾਰ ਵਿੱਚੋਂ ਚੰਗਿਆੜੀ ਨਿਕਲੀ ਤੇ ਧਾਗੇ ’ਤੇ ਜਾ ਡਿੱਗੀ, ਜਿਸ ਨਾਲ ਅੱਗ ਲੱਗ ਗਈ। ਤੇਜ਼ ਹਵਾ ਕਾਰਨ ਕੁੱਝ ਹੀ ਸਮੇਂ ਵਿੱਚ ਅੱਗ ਜ਼ਿਆਦਾ ਫੈਲ ਗਈ। ਅੱਗ ’ਚੋਂ ਧੂੰਆ ਨਿਕਲਦਾ ਦੇਖ ਕੇ ਬਾਹਰ ਨਾਕੇ ’ਤੇ ਖੜ੍ਹੇ ਸੀਆਰਪੀਐਫ਼ ਦੇ ਮੁਲਾਜ਼ਮ ਅੰਦਰ ਚਲੇ ਗਏ। ਉਨ੍ਹਾਂ ਮਜ਼ਦੂਰਾਂ ਨੂੰ ਬਾਹਰ ਕੱਢ ਕੇ ਉਨ੍ਹਾਂ ਨਾਲ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਕਾਮਯਾਬ ਨਹੀਂ ਹੋ ਸਕੇ। ਅੱਗ ਕਾਰਨ ਫੈਕਟਰੀ ਦੇ ਕੁਝ ਹਿੱਸੇ ਦੀ ਛੱਤ ਵੀ ਡਿੱਗ ਗਈ। ਅੱਗ ਲੱਗਣ ਨਾਲ ਆਸਪਾਸ ਦੀਆਂ ਫੈਕਟਰੀਆਂ ਦਾ ਵੀ ਸਾਮਾਨ ਕੰਧਾਂ ਦੇ ਨਾਲੋਂ ਹਟਵਾ ਦਿੱਤਾ ਸੀ। ਸੂਚਨਾ ਮਿਲਣ ਤੋਂ ਬਾਅਦ ਅੱਗ ਬੁਝਾਊ ਅਮਲੇ ਦੀਆਂ ਗੱਡੀਆਂ ਮੌਕੇ ’ਤੇ ਪੁੱਜ ਗਈਆਂ ਜਿਨ੍ਹਾਂ ਨੇ ਤੁਰੰਤ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਤਿੰਨ ਘੰਟੇ ਦੀ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ।

Previous articleਪਵਨ ਬਾਂਸਲ ਨੇ ਹਰਮੋਹਨ ਧਵਨ ਦੇ ਝਾੜੂ ਦਾ ਤੀਲਾ-ਤੀਲਾ ਖਿੰਡਾਇਆ
Next articleਮਹਿਲਾ ਹਾਕੀ: ਭਾਰਤ ਨੇ ਮਲੇਸ਼ੀਆ ਨੂੰ ਡਰਾਅ ’ਤੇ ਰੋਕਿਆ