ਭਾਰਤੀ ਹਰਫ਼ਨਮੌਲਾ ਵਿਜੈ ਸ਼ੰਕਰ ਪੈਰ ਦੇ ਅੰਗੂਠੇ ਦੀ ਸੱਟ ਕਾਰਨ ਅੱਜ ਵਿਸ਼ਵ ਕੱਪ ’ਚੋਂ ਬਾਹਰ ਹੋ ਗਿਆ ਅਤੇ ਉਸ ਦੀ ਥਾਂ ਮਯੰਕ ਅਗਰਵਾਲ ਨੂੰ ਟੀਮ ਵਿੱਚ ਰੱਖਣ ਦੀ ਆਈਸੀਸੀ ਨੇ ਮਨਜ਼ੂਰੀ ਦੇ ਦਿੱਤੀ ਹੈ। ਮਯੰਕ ਨੇ ਹੁਣ ਤੱਕ ਕੋਈ ਇੱਕ ਰੋਜ਼ਾ ਮੈਚ ਨਹੀਂ ਖੇਡਿਆ। ਸ਼ੰਕਰ ਦੂਜਾ ਭਾਰਤੀ ਖਿਡਾਰੀ ਹੈ, ਜੋ ਜ਼ਖ਼ਮੀ ਹੋਣ ਕਾਰਨ ਟੂਰਨਾਮੈਂਟ ਤੋਂ ਬਾਹਰ ਹੋਇਆ। ਉਸ ਤੋਂ ਪਹਿਲਾਂ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੂੰ ਆਸਟਰੇਲੀਆ ਖ਼ਿਲਾਫ਼ ਮੈਚ ਦੌਰਾਨ ਅੰਗੂਠੇ ’ਤੇ ਸੱਟ ਲੱਗਣ ਕਾਰਨ ਬਾਹਰ ਹੋਣਾ ਪਿਆ ਸੀ। ਉਸ ਦੀ ਥਾਂ ਰਿਸ਼ਭ ਪੰਤ ਨੇ ਲਈ। ਭਾਰਤ ਲਈ ਇਹ ਬੰਗਲਾਦੇਸ਼ ਖ਼ਿਲਾਫ਼ ਮੰਗਲਵਾਰ ਨੂੰ ਹੋਣ ਵਾਲੇ ਮੈਚ ਤੋਂ ਪਹਿਲਾਂ ਦੂਜਾ ਝਟਕਾ ਹੈ। ਮੱਧਕ੍ਰਮ ਦੀ ਨਾਕਾਮੀ ਤੋਂ ਫ਼ਿਕਰਮੰਦ ਭਾਰਤ ਇਸ ਮੈਚ ਵਿੱਚ ਜਿੱਤ ਦਰਜ ਕਰਕੇ ਸੈਮੀ-ਫਾਈਨਲ ਵਿੱਚ ਆਪਣੀ ਥਾਂ ਪੱਕੀ ਕਰਨ ਲਈ ਟੀਮ ਵਿੱਚ ਕੁੱਝ ਬਦਲਾਅ ਕਰ ਸਕਦਾ ਹੈ। ਬੀਸੀਸੀਆਈ ਦੇ ਮੀਡੀਆ ਵਿਭਾਗ ਨੇ ਕਿਹਾ, ‘‘ਵਿਜੈ ਸ਼ੰਕਰ ਦੇ ਖੱਬੇ ਪੈਰ ਦੇ ਅੰਗੂਠੇ ਵਿੱਚ ਫਰੈਕਚਰ ਹੋ ਗਿਆ ਹੈ, ਜਿਸ ਨੂੰ ਠੀਕ ਹੋਣ ਵਿੱਚ ਘੱਟ ਤੋਂ ਘੱਟ ਤਿੰਨ ਹਫ਼ਤੇ ਲੱਗਣਗੇ। ਜਖ਼ਮੀ ਹੋਣ ਕਾਰਨ ਉਹ ਵਿਸ਼ਵ ਕੱਪ ’ਚੋਂ ਬਾਹਰ ਹੋ ਗਿਆ ਹੈ। ਭਾਰਤੀ ਟੀਮ ਪ੍ਰਬੰਧਨ ਨੇ ਉਸ ਦੀ ਥਾਂ ਮਯੰਕ ਅਗਰਵਾਲ ਨੂੰ ਟੀਮ ਵਿੱਚ ਰੱਖਣ ਦੀ ਇਜਾਜ਼ਤ ਦੇਣ ਲਈ ਆਈਸੀਸੀ ਨੂੰ ਅਪੀਲ ਕੀਤੀ ਹੈ।’’ ਆਈਸੀਸੀ ਨੇ ਵਿਜੈ ਸ਼ੰਕਰ ਦੀ ਥਾਂ ਮਯੰਕ ਨੂੰ ਭਾਰਤੀ ਦਲ ਵਿੱਚ ਸ਼ਾਮਲ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।ਬੀਤੇ ਸਾਲ ਆਸਟਰੇਲੀਆ ਖ਼ਿਲਾਫ਼ ਟੈਸਟ ਕ੍ਰਿਕਟ ਵਿੱਚ ਖੇਡਣ ਵਾਲੇ ਕਰਨਾਟਕ ਦੇ ਸਲਾਮੀ ਬੱਲੇਬਾਜ਼ ਅਗਰਵਾਲ ਨੇ ਹੁਣ ਤੱਕ ਕੋਈ ਇੱਕ ਰੋਜ਼ਾ ਕੌਮਾਂਤਰੀ ਮੈਚ ਨਹੀਂ ਖੇਡਿਆ। ਮੰਨਿਆ ਜਾਂਦਾ ਰਿਹਾ ਹੈ ਕਿ ਰਾਹੁਲ ਦਰਾਵਿੜ ਦੇ ਕੋਚ ਰਹਿੰਦਿਆਂ ਭਾਰਤ ‘ਏ’ ਟੀਮ ਦੇ ਇੰਗਲੈਂਡ ਦੌਰੇ ਦੌਰਾਨ ਚੰਗੇ ਪ੍ਰਦਰਸ਼ਨ ਨੂੰ ਵੇਖਦਿਆਂ ਉਸ ਨੂੰ ਟੀਮ ਵਿੱਚ ਰੱਖਣ ਦਾ ਫ਼ੈਸਲਾ ਕੀਤਾ ਗਿਆ। ਭਾਰਤ ‘ਏ’ ਨੇ ਇੰਗਲੈਂਡ ਲਾਇਨਜ਼ ਅਤੇ ਵੈਸਟ ਇੰਡੀਜ਼ ‘ਏ’ ਨਾਲ ਖੇਡੀ ਗਈ ਤਿਕੋਣੀ ਲੜੀ ਜਿੱਤੀ ਸੀ। ਮਯੰਕ ਅਤੇ ਪ੍ਰਿਥਵੀ ਸ਼ਾਅ ਨੇ ਉਸ ਲੜੀ ਵਿੱਚ ਸਭ ਤੋਂ ਵੱਧ ਦੌੜਾਂ ਬਣਾਈਆਂ ਸਨ। ਸ਼ੰਕਰ ਨੇ ਅਫ਼ਗਾਨਿਸਤਾਨ ਖ਼ਿਲਾਫ਼ 29 ਦੌੜਾਂ ਅਤੇ ਵੈਸਟ ਇੰਡੀਜ਼ ਖ਼ਿਲਾਫ਼ 16 ਦੌੜਾਂ ਬਣਾਈਆਂ ਸਨ। ਉਸ ਨੇ ਪਾਕਿਸਤਾਨ ਖ਼ਿਲਾਫ਼ ਦੋ ਮਹੱਤਵਪੂਰਨ ਵਿਕਟਾਂ ਲਈਆਂ ਸਨ। ਇਸ ਦੌਰਾਨ ਬੀਸੀਸੀਆਈ ਸੂਤਰਾਂ ਨੇ ਕਿਹਾ, ‘‘ਭਾਰਤੀ ਟੀਮ ਪ੍ਰਬੰਧਨ ਉਸ ਦੀ ਥਾਂ ਮਯੰਕ ਅਗਰਵਾਲ ਨੂੰ ਟੀਮ ਵਿੱਚ ਸ਼ਾਮਲ ਹੋਣ ਲਈ ਕਹਿ ਸਕਦਾ ਹੈ ਕਿਉਂਕਿ ਉਹ ਸਲਾਮੀ ਬੱਲੇਬਾਜ਼ ਹੈ ਅਤੇ ਜੇਕਰ ਰਿਸ਼ਭ ਪੰਤ ਅਗਲੇ ਦੋ ਮੈਚਾਂ ਵਿੱਚ ਅਸਫਲ ਰਹਿੰਦਾ ਹੈ ਤਾਂ ਇਸ ਨਾਲ ਕੇਐਲ ਰਾਹੁਲ ਵਾਪਸ ਨੰਬਰ ਚਾਰ ਦੀ ਜ਼ਿੰਮੇਵਾਰੀ ਸੰਭਾਲ ਸਕਦਾ ਹੈ।’’
Sports ਧਵਨ ਮਗਰੋਂ ਹੁਣ ਵਿਜੈ ਸ਼ੰਕਰ ਵਿਸ਼ਵ ਕੱਪ ’ਚੋਂ ਬਾਹਰ