ਮੁਰਾਦਾਬਾਦ (ਸਮਾਜ ਵੀਕਲੀ): ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਦੋਸ਼ ਲਾਇਆ ਕਿ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਧਰਮ ਦੀ ਸਿਆਸਤ ਕਰ ਰਹੇ ਹਨ, ਲੋਕਾਂ ਨੂੰ ਚਾਹੀਦਾ ਹੈ ਕਿ ਉਨ੍ਹਾਂ ਨੂੰ ਵਿਕਾਸ ਦੇ ਮੁੱਦਿਆਂ ਉਤੇ ਸਵਾਲ ਕਰਨ। ਉਨ੍ਹਾਂ ਕਿਹਾ ਕਿ ਇਕ ਵਾਰ ਜਦ ਲੋਕ ਵਿਕਾਸ ਉਤੇ ਸਵਾਲ ਕਰਨਗੇ ਤਾਂ ਯੋਗੀ ਖ਼ੁਦ ਹੀ ਅਜਿਹਾ ਕਰਨ ਤੋਂ ਪਿੱਛੇ ਹਟਣਗੇ। ਕਾਂਗਰਸ ਆਗੂ ਨੇ ਦਾਅਵਾ ਕੀਤਾ ਕਿ ਸਿਰਫ਼ ਉਨ੍ਹਾਂ ਦੀ ਹੀ ਪਾਰਟੀ ਵਿਕਾਸ ਦਾ ਮੁੱਦਾ ਚੁੱਕ ਰਹੀ ਹੈ ਜਦਕਿ ਬਾਕੀ ਸਾਰੇ ਜਾਤ ਤੇ ਧਰਮ ਦਾ ਪੱਤਾ ਖੇਡ ਰਹੇ ਹਨ। ਲੋਕਾਂ ਵਿਚ ਵੰਡਆਂ ਪਾ ਰਹੇ ਹਨ। ਪ੍ਰਿਯੰਕਾ ਨੇ ਇੱਥੇ ਇਕ ਰੈਲੀ ਵਿਚ ਕਿਹਾ ਕਿ ‘ਮੁੱਖ ਮੰਤਰੀ ਨੂੰ ਨਹੀਂ ਲੱਗਦਾ ਕਿ ਉਹ ਲੋਕਾਂ ਪ੍ਰਤੀ ਜਵਾਬਦੇਹ ਹਨ। ਚੋਣਾਂ ਮੌਕੇ ਉਹ ਧਰਮ ਦਾ ਨਾਂ ਲੈ ਕੇ ਬਚ ਜਾਂਦੇ ਹਨ।’
ਕਾਂਗਰਸ ਆਗੂ ਨੇ ਕਿਹਾ ਕਿ ਜਦ ਤੱਕ ਲੋਕ ਪਿੰਡਾਂ ਦੀਆਂ ਸੜਕਾਂ, ਰੁਜ਼ਗਾਰ ਤੇ ਸਿਹਤ ਪ੍ਰਬੰਧਾਂ ਬਾਰੇ ਮਹੱਤਵਪੂਰਨ ਸਵਾਲ ਨਹੀਂ ਕਰਦੇ ਉਦੋਂ ਤੱਕ ਇਹ ਧਰਮ ਤੇ ਜਾਤ ਦੀ ਸਿਆਸਤ ਚੱਲਦੀ ਰਹੇਗੀ। ਪ੍ਰਿਯੰਕਾ ਨੇ ਕਿਹਾ ਕਿ ਕਾਂਗਰਸ ਵਿਕਾਸ ਦੇ ਮੁੱਦੇ ਉਤੇ ਚੋਣ ਲੜੇਗੀ। ਅਜਿਹੇ ਮੁੱਦੇ ਜੋ ਸਾਡੀ ਨਿੱਤ ਦੀ ਜ਼ਿੰਦਗੀ ਨਾਲ ਜੁੜੇ ਹੋਏ ਹਨ। ਕਿਸਾਨ ਅੰਦੋਲਨ ਦਾ ਹਵਾਲਾ ਦਿੰਦਿਆਂ ਪ੍ਰਿਯੰਕਾ ਨੇ ਕਿਹਾ ਕਿ ਇਹ ਇਕ ਉਦਾਹਰਨ ਹੈ ਕਿ ਜਦ ਲੋਕ ਮਨ ਬਣਾ ਲੈਂਦੇ ਹਨ ਤੇ ਮੁੱਦਿਆਂ ਉਤੇ ਲੜਦੇ ਹਨ ਤਾਂ ਸਰਕਾਰਾਂ ਨੂੰ ਵੀ ਝੁਕਣਾ ਪੈਂਦਾ ਹੈ। ਪ੍ਰਿਯੰਕਾ ਨੇ ਕਿਹਾ ਕਿ 700 ਕਿਸਾਨਾਂ ਨੇ ਕੁਰਬਾਨੀ ਦਿੱਤੀ ਪਰ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਯਾਦ ਵਿਚ ਦੋ ਮਿੰਟ ਦਾ ਮੌਨ ਤੱਕ ਨਹੀਂ ਰੱਖਿਆ। ਲਖੀਮਪੁਰ ਖੀਰੀ ਹਿੰਸਾ ਦਾ ਜ਼ਿਕਰ ਕਰਦਿਆਂ ਕਾਂਗਰਸੀ ਆਗੂ ਨੇ ਕਿਹਾ ਕਿ ਚਾਰ ਕਿਸਾਨਾਂ ਸਣੇ 8 ਜਣੇ ਮਾਰੇ ਗਏ ਪਰ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਨੇ ਇਕ ਸ਼ਬਦ ਤੱਕ ਨਹੀਂ ਬੋਲਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly