(ਸਮਾਜ ਵੀਕਲੀ)
ਡੇਰਿਆਂ ਵਿੱਚ ਧਰਮ ਦੇ ਨੱਕੋ ਨੱਕ ਭਰੇ ਘੜੇ,
ਸਦਾ ਹੀ ਮੌਜੂਦ ਨੇ,
ਘੜਿਆਂ ਨੂੰ ਪੱਕਾ ਤਜਰਬਾ ਹੈ ਕਿ,
ਉਨ੍ਹਾਂ ਵਿੱਚ ਵੜਕੇ ਫਿਰ ਬਾਹਰ ਆਉਣ ਨਾਲ ਸ਼ਾਤਰ,
ਕਿੰਨੀ ਲਗਨ ਵਾਲੇ ਧਰਮੀ ਬਣ ਜਾਂਦੇ,
ਹਰ ਘੜੇ ਦੇ ਲੱਕ ਨਾਲ,
ਇੱਕ ਦਿਲਕੱਸ਼ ਪਰਫਿਊਮ ਦੀ,
ਖਿੱਚਵੀਂ ਸੁਗੰਧ ਵਾਲੀ,
ਬਰੈਂਡਿਡ ਸ਼ੀਸ਼ੀ ਲਟਕਾਈ ਦਿਸੇਗੀ !
ਧਰਮੀ ਘੜੇ ਵਿੱਚੋਂ ਨਿਕਲ ਕੇ,
ਉਹ ‘ ਮਹਾਂ ਪੁਰਸ਼ ‘ ਆਪਣੇ ਬਦਨ ਤੇ,
ਬੜੀ ਨਿਮਰਤਾ ਨਾਲ ਪਰਫਿਊਮ ਮਲ਼ ਲੈਂਦੈ,
ਤਾਂ ਕਿ,
ਡੇਰੇ ਵਿਚਲੀ ਗਿਣਤੀ ਨੂੰ ਉਸਦੀ ਸ਼ਕਤੀ ਮਿਲ ਸਕੇ,
ਚਿਹਰਾ ਦਗਦਾ ਲੱਗੇ,
ਹਰ ਬੰਦਾ ਇਹ ਕਰਾਰ ਕਰੇ,
ਕਿ ‘ ਮਹਾਂ ਪੁਰਸ਼ ‘ ਕੋਲੋਂ ਸ਼ਕਤੀ ਨਹੀਂ ਸਾਂਭੀ ਜਾਂਦੀ!
(ਦੂਸਰੀ ਕਵਿਤਾ ) ਲੜਾਈ ਵਿੱਚ ਕੁੱਝ ਨਹੀਂ ਰੱਖਿਆ!
ਮੈਂ ਅਜੇ,
ਗੁਰਦਵਾਰੇ/ਮੰਦਰ/ਮਸੀਤ/ਚਰਚ ਵੱਲ ਜਾ ਰਿਹਾਂ,
ਉੱਥੇ ‘ ਮਹਾਂ ਪੁਰਸ਼ ‘ ਰੋਜ ਆਉਂਦੇ ਹਨ,
ਉਨ੍ਹਾਂ ਦਾ ਹੱਥ ਸਿਰ ਤੇ ਆਉਣਾ ਚਾਹੀਦਾ ਹੈ, …
ਧਾਰਮਿਕ ਸਥਾਨ ਤੋਂ,
ਹਲ਼ਕਾਈ ਜੀਭ ਮੂੰਹ ਅੰਦਰ ਲਪੇਟਦਿਆਂ,
ਬਾਹਰ ਆ,
” ਓਇ ਤੁਹਾਡੀ ਦੋਨਾਂ ਧਿਰਾਂ ਦੀ,
ਘੈਂਸ ਘੈਂਸ ਚੋਂ ਕੁੱਝ ਨਹੀਂ ਨਿੱਕਲਣਾ,
ਨਵਾਂ ਆਇਆ ” ਸਾਹਬ ਬਹਾਦਰ ”
ਮੇਰਾ ਬਹੁਤ ਵਧੀਆ ਜਾਣਕਦਰੂ ਆ,
ਉਹਦਾ ਕਹਿਣਾ ,,
ਪੈਸੇ ਲੱਗ ਕੇ ਵੀ ਦੋ ਧਿਰਾਂ ਸ਼ਾਂਤੀ ਨਾਲ ਬੈਠ ਜਾਣ,
ਤਾਂ,
ਹੋਰ ਕੀ ਚਾਹੀਦੈ,
ਨਾਲੇ ਹਰ ਵੀਰਵਾਰ” ਸਾਹਬ ਬਹਾਦਰ “,
ਲਾਲ ਬਾਦਸ਼ਾਹ ਨੂੰ ਝੁਕਣ ਜਾਂਦੇ ਨੇ,
ਕਦੇ ਬਿਆਸ ਡੇਰੇ,
ਕਦੇ ਢੰਡਰੀਆਂ ਵਾਲੇ ਮਹਾਰਾਜ ਪਾਸ!
ਇਹ ਮਾਮਲਾ ਸ਼ਾਮ ਨੂੰ ਹੀ ਹੱਲ ਹੋਣਾ,
ਜੇ ਕਹੋਗੇ ਤਾਂ,
” ਸਾਹਬ ਬਹਾਦਰ ” ਮੇਰੇ ਘਰ ਵੀ ਆ ਜਾਣਗੇ !
ਹਰ ਮਸਲਾ ਹਿੱਸਾ ਬਣ ਜਾਂਦੈ,
ਉਹ ਕਿੰਨਾਂ ਖੁਸ਼ ਹੁੰਦਾ ਤੇਜਬਲੀਆ !
ਸੁਖਦੇਵ ਸਿੱਧੂ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly