ਧਰਮਕੋਟ ਨੇੜੇ ਦੁਪਹਿਰ ਵੇਲੇ ਨਵ-ਯੁੱਗ ਪਬਲਿਕ ਸਕੂਲ ਦੀ ਵੈਨ ਪਲਟ ਗਈ ਤੇ ਉਸ ਵਿੱਚ ਸਵਾਰ 7 ਬੱਚੇ ਜ਼ਖ਼ਮੀ ਹੋ ਗਏ। ਹਾਦਸੇ ਵੇਲੇ ਵੈਨ ਵਿੱਚ ਤਕਰੀਬਨ 20 ਬੱਚੇ ਸਨ। ਸਕੂਲ ਵੈਨ ਛੁੱਟੀ ਤੋਂ ਬਾਅਦ ਬੱਚਿਆਂ ਨੂੰ ਘਰ ਛੱਡਣ ਜਾ ਰਹੀ ਸੀ। ਇਹ ਹਾਦਸਾ ਬੱਡੂਵਾਲ ਪਿੰਡ ਕੋਲ ਵਾਪਰਿਆ। ਘਟਨਾ ਦੀ ਸੂਚਨਾ ਮਿਲਦੇ ਹੀ ਨਰਿੰਦਰ ਪਾਲ ਸਿੰਘ ਐੱਸ ਡੀਐੱਮ. ਧਰਮਕੋਟ ਤੇ ਜਸਵੀਰ ਸਿੰਘ ਥਾਣਾ ਮੁਖੀ ਧਰਮਕੋਟ ਤੁਰਤ ਮੌਕੇ ’ਤੇ ਪੁੱਜੇ। ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਵੈਨ ਦੀ ਰਫ਼ਤਾਰ ਬਹੁਤ ਤੇਜ਼ ਸੀ, ਜਿਸ ਕਾਰਨ ਹਾਦਸਾ ਵਾਪਰਿਆ। ਪਿੰਡ ਵਾਸੀਆਂ ਨੇ ਬੱਚਿਆਂ ਨੂੰ ਸਕੂਲ ਵੈਨ ’ਚੋਂ ਕੱਢਿਆ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਸਕੂਲ ਪ੍ਰਬੰਧਕਾਂ ਨੇ ਘਟਨਾ ’ਤੇ ਅਫਸੋਸ ਪ੍ਰਗਟਾਇਆ ਤੇ ਜ਼ਖਮੀ ਬੱਚਿਆਂ ਦਾ ਇਨਾਜ ਸਕੂਲ ਵੱਲੋਂ ਕਰਵਾਉਣ ਦਾ ਭਰੋਸਾ ਦਿੱਤਾ। ਦੂਜੇ ਪਾਸੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਜਿੰਦਰ ਬਤਰਾ ਦੇ ਨਿਰਦੇਸ਼ਾਂ ਤਹਿਤ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਪਰਮਜੀਤ ਕੌਰ ਅਤੇ ਡੀਐੱਸਪੀ ਬਰਿੰਦਰ ਸਿੰਘ ਗਿੱਲ ਨੇ ਜ਼ਿਲ੍ਹਾ ਇੰਸਪੈਕਸ਼ਨ ਕਮੇਟੀ ਨਾਲ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਮੈਮੋਰੀਅਲ ਸਕੂਲ, ਭਿੰਡਰ ਕਲਾਂ ਦੀ ਚੈਕਿੰਗ ਕੀਤੀ ਤੇ ਸਕੂਲ ਵੈਨਾਂ ਦੀ ਚੈਕਿੰਗ ਕੀਤੀ। ਇਸ ਦੌਰਾਨ ਤਿੰਨ ਬੱਸਾਂ ਨੂੰ ਮੌਕੇ ’ਤੇ ਜ਼ਬਤ ਕੀਤਾ ਗਿਆ।
INDIA ਧਰਮਕੋਟ ਨੇੜੇ ਸਕੂਲ ਬੱਸ ਪਲਟੀ, ਸੱਤ ਬੱਚੇ ਜਖ਼ਮੀ