ਬੁਢਲਾਡਾ (ਸਮਾਜ ਵੀਕਲੀ) :ਕਿਸਾਨ ਘੋਲਾਂ ਵਿਚ ਕਵੀਸ਼ਰੀ ਰਾਹੀਂ ਕਿਸਾਨੀ ਦਾ ਦਰਦ ਬਿਆਨ ਕਰਨ ਵਾਲੇ ਮੇਘਰਾਜ ਨਾਗਰੀ ਦਾ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਦਿੱਤੇ ਜਾ ਰਹੇ ਧਰਨੇ ਦੌਰਾਨ ਦੇਹਾਂਤ ਹੋ ਗਿਆ। ਵੇਰਵਿਆਂ ਮੁਤਾਬਕ 72 ਸਾਲਾ ਨਾਗਰੀ ਅੱਜ ਧੂਰੀ-ਸੰਗਰੂਰ ਰੋਡ ’ਤੇ ਸਥਿਤ ਟੌਲ ਪਲਾਜ਼ਾ ’ਤੇ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਜਾ ਰਹੇ ਧਰਨੇ ’ਚ ਕਵੀਸ਼ਰੀ ਪੇਸ਼ ਕਰਨ ਉਪਰੰਤ ਜਦ ਰਿਲਾਇੰਸ ਪੈਟਰੋਲ ਪੰਪ ’ਤੇ ਦਿੱਤੇ ਜਾ ਰਹੇ ਧਰਨੇ ਵਿਚ ਪੁੱਜਿਆ ਤਾਂ ਕੁਝ ਸ਼ਬਦ ਬੋਲਣ ਉਪਰੰਤ ਅਚਾਨਕ ਡਿੱਗ ਪਿਆ।
ਮੇਘਰਾਜ ਨਾਗਰੀ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮੌਕੇ ਹਾਜ਼ਰ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਆਗੂ ਹਰਬੰਸ ਸਿੰਘ ਲੱਡਾ, ਹਰਪਾਲ ਸਿੰਘ ਪੇਧਨੀ ਤੇ ਹੋਰਾਂ ਨੇ ਮੇਘਰਾਜ ਨਾਗਰੀ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸੰਘਰਸ਼ ਦੌਰਾਨ ਮੇਘਰਾਜ ਦੀ ਹੋਈ ਮੌਤ ਅਜਾਈਂ ਨਹੀਂ ਜਾਵੇਗੀ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਕਿਸਾਨ ਘੋਲਾਂ ਨਾਲ ਜੁੜੇ ਰਹੇ ਮੇਘਰਾਜ ਦੇ ਪਰਿਵਾਰ ਦੀ ਜਥੇਬੰਦੀ ਵੱਲੋਂ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ।
ਆਗੂਆਂ ਨੇ ਕਿਹਾ ਕਿ ਕਿਸਾਨ ਵਿਰੋਧੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਸੰਘਰਸ਼ ਦੌਰਾਨ ਮੁਜ਼ਾਹਰਾਕਾਰੀਆਂ ਦੀਆਂ ਜਾਨਾਂ ਜਾ ਰਹੀਆਂ ਹਨ, ਪਰ ਮੋਦੀ ਸਰਕਾਰ ਨੂੰ ਕੋਈ ਫ਼ਰਕ ਨਹੀਂ ਪੈ ਰਿਹਾ।
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਬੁਢਲਾਡਾ ਦੇ ਰੇਲਵੇ ਸ਼ਟੇਸ਼ਨ ’ਤੇ ਜਾਰੀ ਧਰਨੇ ਦੌਰਾਨ ਅੱਜ ਇੱਕ 85 ਸਾਲਾ ਬਿਰਧ ਔਰਤ ਦੀ ਮੌਤ ਹੋ ਗਈ। ਵੇਰਵਿਆਂ ਮੁਤਾਬਕ ਪਿੰਡ ਬਰ੍ਹੇ ਦੀ ਤੇਜ ਕੌਰ ਦੋ ਅਕਤੂਬਰ ਤੋਂ ਲਗਾਤਾਰ ਧਰਨੇ ’ਚ ਆ ਰਹੀ ਸੀ। ਅੱਜ ਜਦੋਂ ਖੇਤੀ ਕਾਨੂੰਨਾਂ ਖ਼ਿਲਾਫ਼ ਉਹ ਹੋਰ ਔਰਤਾਂ ਨਾਲ ਮਿਲ ਕੇ ਨਾਅਰੇਬਾਜ਼ੀ ਕਰ ਰਹੀ ਸੀ ਤਾਂ ਅਚਾਨਕ ਚੱਕਰ ਆਉਣ ਨਾਲ ਡਿੱਗ ਪਈ। ਬਿਰਧ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਕਿਸਾਨ ਯੂਨੀਅਨ (ਉਗਰਾਹਾਂ) ਦੇ ਜ਼ਿਲ੍ਹਾ ਆਗੂ ਜੋਗਿੰਦਰ ਸਿੰਘ ਦਿਆਲਪੁਰਾ, ਬਲਾਕ ਆਗੂ ਜਗਸੀਰ ਸਿੰਘ ਦੋਦੜਾ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਨੇ ਪਹਿਲਾਂ ਹੀ ਫ਼ੈਸਲਾ ਕੀਤਾ ਹੋਇਆ ਹੈ ਕਿ ਕਾਨੂੰਨਾਂ ਖ਼ਿਲਾਫ਼ ਜਾਰੀ ਸੰਘਰਸ਼ਾਂ ਦੌਰਾਨ ਜੇ ਕਿਸੇ ਵੀ ਕਿਸਾਨ ਜਾਂ ਔਰਤ ਦੀ ਮੌਤ ਹੁੰਦੀ ਹੈ ਤਾਂ ਪੀੜਤ ਪਰਿਵਾਰ ਨੂੰ ਮੁਆਵਜ਼ਾ, ਕਰਜ਼ਾ ਮੁਆਫ਼ੀ ਅਤੇ ਪਰਿਵਾਰ ਨੂੰ ਨੌਕਰੀ ਦਿਵਾਉਣ ਲਈ ਸੰਘਰਸ਼ ਕੀਤਾ ਜਾਵੇਗਾ।