ਧਰਤੀ ਦੇ ਪੁੱਤਰ ਧੀਆਂ ਨੂੰ ਸਲਾਮ

ਨਵਜੋਤ ਕੌਰ( ਡਾ:)

(ਸਮਾਜ ਵੀਕਲੀ)

ਭਾਣੇ ਅੰਦਰ ਸੰਵੇਦਨਾ ਸੰਗ ਲਰਜ਼ਦੇ
ਦਿੱਲੀ ਦੇ ਬੂਹੇ ਜ਼ਾਲਮਾਂ ਦੀ ਜੂਹੇ
ਸ਼ਹਾਦਤਾਂ ਦੇ ਪੋਹ ਮਹੀਨੇ
ਪੱਕੇ ਪੈਰੀਂ ਨੰਗੇ ਧੜ
ਸੀਸ ਤਲੀ ਤੇ ਟਿਕਾ ਤੁਰਦੇ ਸੂਰਮਿਓਂ
ਜ਼ਬਰ ਤੇ ਜ਼ੁਲਮ ਨਾਲ ਖਹਿੰਦਿਉ
ਸੁੱਤੀਆਂ ਜ਼ਮੀਰਾਂ ਨੂੰ
ਜਗਾਉਣ ਵਾਲੇ ਬਹਾਦਰੋ
ਰਾਜ -ਹੱਠ ਨੂੰ ਲਲਕਾਰਦਿਉ!
ਆਪਣੇ ਹੀ ਲਹੂ ਨਾਲ
ਅੰਦੋਲਨ ਨੂੰ ਪਾਲਦੇ ਉਸਾਰਦੇ ਸਿੰਜਦੇ
ਸ਼ਹਾਦਤਾਂ ਦਾ ਜਾਮ ਪੀਣ ਵਾਲਿਉ!
ਹਮਸਫਰਾਂ ਦੀਆਂ ਯਾਦਾਂ ਨੂੰ
ਸੰਭਾਲਦੇ ਜਾਂਬਾਜ਼ੋ!
ਪੁਲਸ ਦੀਆਂ ਡਾਂਗਾਂ ਖਾ ਕੇ ਵੀ
ਉਨ੍ਹਾਂ ਨੂੰ ਲੰਗਰ ਵਰਤਾਉਂਦੇ
ਭਾਈ ਘਨੱਈਆ ਦੇ ਫ਼ਰਜ਼ੰਦੋ!
ਸਹਿਜ ਪੰਥੀ ਦਰਿਆਉ!
ਮੇਰੀ ਧਰਤੀ ਦੇ ਜਾਏ ਮੂੰਹ ਬੋਲੇ ਭਰਾਉ!
ਬੇਬੇ ਪੰਜਾਬ ਕੌਰ ਦੇ ਲਾਡਲੇ ਪੁੱਤਰੋ
ਪੀਡੀਆਂ ਭਾਈਚਾਰਕ ਤੰਦਾਂ
ਫੁਲਕਾਰੀ ਜਹੇ ਨਵ ਪੰਜਾਬ
ਨਵ ਇਤਿਹਾਸ ਦੇ ਸਿਰਜਕੋ!
ਸੰਪੂਰਣ ਕਰਾਂਤੀ ਦਾ
ਸੁਨੇਹਾ ਲੈ ਕੇ ਆਏ
ਮੇਰੇ ਸ਼ੇਰ ਬੱਗਿਉ
ਤੁਹਾਡੇ ਸੰਗਰਾਮੀ ਅਮਲ ਨੇ
ਭੁੱਲਿਆ ਵਿਸਰਿਆ ਇਤਿਹਾਸ
ਮੁੜ ਸਜੀਵ ਕਰ ਦਿੱਤਾ ਹੈ।
ਬਾਬੇ ਨਾਨਕ ਦੀਆਂ ਉਦਾਸੀਆਂ ਨੂੰ
ਮੈਂ ਜਦ ਵੀ ਕਿਆਸਿਆ
ਮੇਰੀ ਸੋਚ ਦੇ ਪੈਰੀਂ ਛਾਲੇ ਪਏ
ਸ਼ਾਂਤੀ ਦੇ ਪੁੰਜ ਨੂੰ ਰਾਵੀ ਕੰਢੇ
ਜਦ ਕਦੇ ਤੱਤੀ ਤਵੀ ਤੇ ਚਿਤਵਿਆ
ਕਈ ਕਈ ਦਿਨ ਮੈਂ
ਭੱਠੀ ‘ਚ ਝੁਲਸਦੀ ਰਹੀ।
 ਸੀਸਗੰਜ ਵਾਲਾ ਚਾਂਦਨੀ ਚੌਂਕ
ਲੱਖ ਚਾਹੁਣ ਤੇ ਵੀ
ਮੇਰੇ ਲਈ
ਚਾਨਣ ਦਾ ਚੁਰਸਤਾ  ਨਹੀਂ ਬਣ ਸਕਿਆ
ਚਮਕੌਰ ਦੀ ਗੜ੍ਹੀ ਹੋਵੇ ਜਾਂ
ਸਰਹੰਦੀ ਖ਼ੂਨੀ ਕੰਧ ਵਿੱਚ
ਮਾਸੂਮ ਸਾਹਿਬਜ਼ਾਦਿਆਂ ਦੀ ਸ਼ਹਾਦਤ
ਰੌਸ਼ਨ ਇਬਾਰਤ
ਜਦ ਵੀ ਪੜ੍ਹੀ ਸੁਣੀ
ਢਾਹਾਂ ਮਾਰ ਕੇ ਰੂਹ ਕੁਰਲਾਈ।
ਸੰਤਾਲੀ ਦੇ ਦਸ ਲੱਖ ਜ਼ਖ਼ਮ
ਚੁਰਾਸੀ ਦਾ ਬਲ਼ਦਾ ਨਾਸੂਰ
ਮੈਨੂੰ ਪੁੱਛਦਾ ਹੈ ਅਨੇਕ ਸਵਾਲ
ਪੰਜਾਬ ਨੂੰ ਹੀ ਕਿਓਂ ਝੱਲਣੇ ਪਏ?
ਗੁਰ ਫੁਰਮਾਇਆ
ਮਨ ਪ੍ਰਦੇਸੀ ਜੇ ਥੀਏ
ਸਭ ਦੇਸ ਪਰਾਇਆ
ਬੇਗਾਨਗੀ ਦਾ ਬੂਟਾ ਉੱਗਦਾ
ਸਰਹੱਦਾਂ ਤੇ
ਸਾਡੇ ਹੀ ਪੁੱਤ ਕਿਉਂ ਮਰਨ
ਸੂਲੀਆਂ ਤੇ ਸਾਡੇ ਹੀ ਸੂਰਜ ਕਿਉਂ ਚੜ੍ਹੇ?
ਇਹੀ ਤਾਂ ਸਵਾਲ ਸਨ
ਜਿੰਨ੍ਹਾਂ ਨੂੰ ਤੁਸੀਂ ਜਵਾਬ ਦਿੱਤੇ
ਬਲ਼ਦੇ ਹੱਥਾਂ ਨਾਲ
ਵਕਤ ਦੇ ਵਰਕੇ ਲਿਖਦਿਆਂ।
ਸੱਚ ਪੁੱਛੋ
ਤੁਹਾਡੀ ਪਾਰਦਰਸ਼ੀ ਨਜ਼ਰ ਤੋਂ
ਰੁੱਖਾਂ ਵਾਲੀ ਜ਼ੀਰਾਂਦ ਤੋਂ
ਲਾਸਾਨੀ ਸਬਰ ਸਿਦਕ ਤੇ
ਦਲੇਰੀ ਤੋਂ
ਮੇਰੇ ਬਾਬਲੋ!ਮਾਤਾਉ, ਭੈਣੋ ਤੇ ਭਰਾਉ!
ਕੁਰਬਾਨ ਹੋਣ ਨੂੰ ਜੀਅ ਕਰਦਾ
ਸੈਆਂ ਫਤਵਿਆਂ ਤੋਂ ਬਾਦ ਵੀ
ਦਸਤਾਰ
ਰਫ਼ਤਾਰ
ਤੇ ਗੁਫ਼ਤਾਰ ਦੀ ਕਲਗੀ ਚਮਕੀ
ਅੱਜ ਜੋ ਸ਼ਨਾਖ਼ਤ ਹੋਈ
ਇਹ ਮਾਣ ਸਨਮਾਨ
ਮਾਨਸਿਕ ਬੀਮਾਰ, ਝੂਠੇ ਤੇ ਮੱਕਾਰ
ਲੂੰਬੜਚਾਲ ਸਿਆਸਤਦਾਨਾਂ ਨੂੰ
ਕਿਰਤ ਤੇ ਸਿਰੜ ਦੇ ਹਥੌੜੇ ਨਾਲ
ਚਿੱਤ ਕਰੇਗਾ
ਮੇਰੇ ਹੀਰਿਉ ਪੁੱਤਰੋ, ਧੀਉ
ਚੁੰਨੀਉ! ਦਸਤਾਰੋ!
ਬਰਖ਼ੁਰਦਾਰੋ!
ਲੋਕਤਾ ਦਾ ਹੜ੍ਹ ਭਰ ਰਿਹਾ ਗਵਾਹੀ
ਇਸ ਹੱਕੀ ਸੰਗਰਾਮ ਨੂੰ ਤੁਸੀਂ
ਇਖ਼ਲਾਕੀ ਤੌਰ ਤੇ  ਜਿੱਤ ਚੁੱਕੇ ਹੋ।
ਬੱਸ!
ਜਿੱਤ ਦਾ ਐਲਾਨ ਬਾਕੀ ਹੈ।
ਕੁੱਲ ਆਲਮ
ਉਸ ਨਵੇਂ ਨਕੋਰ ਸੂਰਜ ਨੂੰ
ਉਦੈ ਹੁੰਦਾ ਦੇਖਣ ਲਈ
ਬੇਕਰਾਰ ਹੈ।
ਨਵਜੋਤ ਕੌਰ (ਡਾ:)
Previous articleਰੁੱਸੇ ਹੋਏ
Next articleਸੁਖਬੀਰ ਸਿੰਘ ਬਾਦਲ ਅੱਜ ਨਗਰ ਕੌਸਲ ਚੋਣਾਂ ਲਈ ਵਿਚਾਰ ਵਟਾਂਦਰਾ ਕਰਨਗੇ -ਡਾ ਉਪਿੰਦਰਜੀਤ ਕੌਰ