ਕਾਬੁਲ (ਸਮਾਜ ਵੀਕਲੀ):ਦੱਖਣੀ ਅਫ਼ਗ਼ਾਨਿਸਤਾਨ ’ਚ ਹੋਏ ਦੋ ਵੱਖੋ-ਵੱਖ ਹਮਲਿਆਂ ’ਚ ਘੱਟੋ-ਘੱਟ 11 ਲੋਕਾਂ ਦੀ ਜਾਨ ਜਾਂਦੀ ਰਹੀ ਹੈ। ਮਰਨ ਵਾਲਿਆਂ ’ਚ ਸਿਵਲੀਅਨ ਤੇ ਸੁਰੱਖਿਆ ਅਮਲੇ ਦੇ ਮੈਂਬਰ ਵੀ ਸ਼ਾਮਲ ਦੱਸੇ ਜਾਂਦੇ ਹਨ। ਹਮਲੇ ਅਜਿਹੇ ਮੌਕੇ ਹੋਏ ਹਨ ਜਦੋਂ ਅਫ਼ਗ਼ਾਨ ਵਾਰਤਾਕਾਰ ਤਾਲਿਬਾਨ ਨਾਲ ਗੱਲਬਾਤ ਕਰਨ ਲਈ ਕਤਰ ਵਿੱਚ ਹਨ। ਸੂਬਾਈ ਕੌਂਸਲ ਮੈਂਬਰ ਨੇ ਅਣਅਧਿਕਾਰਤ ਤੌਰ ’ਤੇ ਕਿਹਾ ਕਿ ਦੱਖਣੀ ਉਰੁਜ਼ਗਾਨ ਸੂਬੇ ’ਚ ਖੁ਼ਦਕੁਸ਼ ਕਾਰ ਬੰਬਾਰ ਨੇ ਅੱਜ ਵੱਡੇ ਤੜਕੇ ਫੌਜੀ ਬੇਸ ਨੇੜੇ ਧਮਾਕਾਖੇਜ਼ ਸਮੱਗਰੀ ਨਾਲ ਭਰੇ ਵਾਹਨ ਨੂੰ ਡੈਟੋਨੇਟਰ ਨਾਲ ਉਡਾ ਦਿੱਤਾ।
ਇਸ ਘਟਨਾ ਵਿੱਚ ਛੇ ਸੁਰੱਖਿਆ ਕਰਮੀ ਹਲਾਕ ਹੋ ਗੲੇ। ਉਰੁਜ਼ਗਾਨ ਵਿੱਚ ਸੂਬਾਈ ਕੌਂਸਲ ਦੇ ਉਪ ਪ੍ਰਧਾਨ ਮੁਹੰਮਦ ਕਰੀਮ ਕਰੀਮੀ ਨੇ ਤਿਰੀਨ ਕੋਟ ਫੌਜੀ ਅੱਡੇ ’ਤੇ ਹੋਏ ਹਮਲੇ ਦੀ ਪੁਸ਼ਟੀ ਕੀਤੀ ਹੈ। ਕਰੀਮੀ ਨੇ ਕਿਹਾ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਨੇ ਪੂਰੇ ਸ਼ਹਿਰ ਨੂੰ ਹਿਲਾ ਕੇ ਰੱਖ ਦਿੱਤਾ। ਇਸ ਦੌਰਾਨ ਦੱਖਣੀ ਹੇਲਮੰਡ ਸੂਬੇ ’ਚ ਲਸ਼ਕਰ ਗਾਹ ਦੇ ਬਾਹਰਵਾਰ ਹੋਏ ਸ਼ੱਕੀ ਹਵਾਈ ਹਮਲੇ ਵਿੱਚ ਪੰਜ ਨਾਗਰਿਕਾਂ ਦੀ ਮੌਤ ਹੋ ਗਈ ਜਦੋਂਕਿ ਪੰਜ ਹੋਰ ਜ਼ਖ਼ਮੀ ਹੋ ਗਏ।