ਮਾਹਰ ਗੇਂਦਬਾਜ਼ ਡੈਲ ਸਟੇਨ ਦੀ ਅਗਵਾਈ ਵਿੱਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਦੱਖਣੀ ਅਫਰੀਕਾ ਨੇ ਪਹਿਲੇ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਵਿੱਚ ਅੱਜ ਇੱਥੇ ਆਸਟਰੇਲੀਆ ਨੂੰ 124 ਗੇਂਦਾਂ ਬਾਕੀ ਰਹਿੰਦਿਆਂ ਛੇ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿੱਚ ਸ਼ੁਰੂਆਤੀ ਲੀਡ ਹਾਸਲ ਕਰ ਲਈ ਹੈ। ਗੇਂਦ ਨਾਲ ਛੇੜਛਾੜ ਮਾਮਲੇ ਕਾਰਨ ਆਪਣੇ ਕੁੱਝ ਪ੍ਰਮੁੱਖ ਖਿਡਾਰੀਆਂ ਤੋਂ ਬਿਨਾਂ ਖੇਡ ਰਹੀ ਆਸਟਰੇਲਿਆਈ ਟੀਮ ਦੀ ਪਿਛਲੇ 19 ਇੱਕ ਰੋਜ਼ਾ ਵਿੱਚ ਇਹ 17ਵੀਂ ਅਤੇ ਲਗਾਤਾਰ ਸੱਤਵੀਂ ਹਾਰ ਹੈ।ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਆਸਟਰੇਲੀਆ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ ਅਤੇ ਫਿਰ ਉਸ ਦੀ ਪੂਰੀ ਟੀਮ ਨੂੰ 38.1 ਓਵਰਾਂ ਵਿੱਚ 152 ਦੌੜਾਂ ’ਤੇ ਢੇਰ ਕਰ ਦਿੱਤਾ। ਇਸ ਮਗਰੋਂ ਦੱਖਣੀ ਅਫਰੀਕੀ ਟੀਮ ਨੇ 29.2 ਓਵਰਾਂ ਵਿੱਚ ਚਾਰ ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਦੱਖਣੀ ਅਫਰੀਕਾ ਦੀ ਜਿੱਤ ਦੀ ਨੀਂਹ ‘ਮੈਨ ਆਫ ਦਿ ਮੈਚ’ ਸਟੇਨ (18 ਦੌੜਾਂ ਦੇ ਕੇ ਦੋ ਵਿਕਟਾਂ) ਅਤੇ ਲੁੰਗੀ ਐਨਗਿਡੀ (26 ਦੌੜਾਂ ਦੇ ਕੇ ਦੋ ਵਿਕਟਾਂ) ਨੇ ਰੱਖੀ ਅਤੇ ਬਾਅਦ ਵਿੱਚ ਐਡਿਨ ਫੈਲੁਕਵਾਓ (33 ਦੌੜਾਂ ਦੇ ਕੇ ਤਿੰਨ ਵਿਕਟਾਂ) ਅਤੇ ਇਮਰਾਨ ਤਾਹਿਰ (39 ਦੌੜਾਂ ਦੇ ਕੇ ਦੋ ਵਿਕਟਾਂ) ਨੇ ਇਸ ਚੰਗੀ ਸ਼ੁਰੂਆਤ ਦਾ ਪੂਰਾ ਲਾਹਾ ਲਿਆ। ਆਸਟਰੇਲੀਆ ਵੱਲੋਂ ਨਾਥਨ ਕੂਲਟਰ ਨਾਈਲ (34 ਦੌੜਾਂ) ਅਤੇ ਅਲੈਕਸ ਕੈਰੀ (33 ਦੌੜਾਂ) ਹੀ ਕੁੱਝ ਸੰਘਰਸ਼ ਕਰ ਸਕੇ। ਕੁਇੰਟਨ ਡਿ ਕਾਕ (47 ਦੌੜਾਂ) ਅਤੇ ਰੀਜ਼ਾ ਹੈਂਡ੍ਰਿਕਸ (44 ਦੌੜਾਂ) ਨੇ ਪਹਿਲੀ ਵਿਕਟ ਲਈ 94 ਦੌੜਾਂ ਜੋੜ ਕੇ ਦੱਖਣੀ ਅਫਰੀਕਾ ਨੂੰ ਚੰਗੀ ਸ਼ੁਰੂਆਤ ਦਿਵਾਈ। ਇਸ ਤੋਂ ਬਾਅਦ ਐਡਨ ਮਾਰਕਰਮ ਨੇ ਵੀ 36 ਦੌੜਾਂ ਦੀ ਪਾਰੀ ਖੇਡੀ। ਆਸਟਰੇਲੀਆ ਵੱਲੋਂ ਸਿਰਫ਼ ਮਾਰਕਸ ਸਟੋਈਨਿਸ (16 ਦੌੜਾਂ ਦੇ ਕੇ ਤਿੰਨ ਵਿਕਟਾਂ) ਹੀ ਸ਼ਾਨਦਾਰ ਪ੍ਰਦਰਸ਼ਨ ਕਰ ਸਕਿਆ। ਉਸ ਨੇ ਹੈਂਡ੍ਰਿਕਸ ਤੋਂ ਇਲਾਵਾ ਮਾਰਕਰਮ ਅਤੇ ਹੈਨਰਿਚ ਕਲਾਸੇਨ (ਦੋ) ਨੂੰ ਬਾਹਰ ਦਾ ਰਸਤਾ ਵਿਖਾਇਆ। ਦੋਵਾਂ ਟੀਮਾਂ ਵਿਚਾਲੇ ਦੂਜਾ ਇੱਕ ਰੋਜ਼ਾ ਮੈਚ ਸ਼ੁੱਕਰਵਾਰ ਨੂੰ ਐਡੀਲੇਡ ਵਿੱਚ ਖੇਡਿਆ ਜਾਵੇਗਾ।
Sports ਦੱਖਣੀ ਅਫਰੀਕਾ ਨੇ ਆਸਟਰੇਲੀਆ ਨੂੰ ਛੇ ਵਿਕਟਾਂ ਨਾਲ ਹਰਾਇਆ