ਦਫ਼ਤਰੀ ਕਾਮਿਆਂ ਦੀ ਹੜਤਾਲ ਨੇ ਲੋਕਾਂ ਦਾ ਕੀਤਾ ਬੁਰਾ ਹਾਲ

ਮੋਗਾ- ਵੱਖ-ਵੱਖ ਸਰਕਾਰੀ ਵਿਭਾਗਾਂ ‘ਚ ਤਾਇਨਾਤ ਮਨਿਸਟੀਰੀਅਲ ਸਟਾਫ਼ ਵੱਲੋਂ ਕੀਤੀ ਜਾ ਰਹੀ ਕਲਮਛੋੜ ਹੜਤਾਲ ਕਾਰਨ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰੀ ਦਫ਼ਤਰਾਂ ’ਚ ਕੰਮਕਾਜ ਕਰਵਾਉਣ ਆਉਣ ਵਾਲੇ ਲੋਕਾਂ ਨੂੰ ਕਿਰਾਇਆ ਭਾੜਾ ਖਰਚ ਕਰਕੇ ਮਾਯੂਸ ਮੁੜਨਾ ਪੈਂਦਾ ਹੈ। ਦਫ਼ਤਰੀ ਕਾਮੇ ਛੇਵੇਂ ਤਨਖ਼ਾਹ ਕਮਿਸ਼ਨ ਨਾਲ ਜੁੜੀਆਂ ਡੀ.ਏ. ਦੀਆਂ ਕਿਸ਼ਤਾਂ ਜਾਰੀ ਨਾ ਕਰਨ ਤੇ ਹੋਰ ਮੰਗਾਂ ਨੂੰ ਲੈ ਕੇ ਹੜਤਾਲ ਉੱਤੇ ਹਨ।
ਇੱਥੇ ਜ਼ਿਲ੍ਹਾ ਸਕੱਤਰੇਤ ਵਿਚ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ, ਜਰਨਲ ਸਕੱਤਰ ਮੇਵਾ ਸਿੰਘ ਤੇ ਹਰਜੀਤ ਜ਼ੀਰਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਵਾਅਦਾਖ਼ਿਲਾਫ਼ੀ ਦੇ ਵਿਰੁੱਧ ਮੰਨੀਆਂ ਹੋਈਆਂ ਮੰਗਾਂ ਦਾ ਨੋਟੀਫਿਕੇਸ਼ਨ ਨਾ ਕਰਨ ਦੇ ਰੋਸ ਵਜੋਂ ਪੰਜਾਬ ਇਕਾਈ ਦੇ ਸੱਦੇ ਅਨੁਸਾਰ ਅੱਜ ਦੂਜੇ ਦਿਨ ਅਣਮਿਥੇ ਸਮੇਂ ਦੀ ਕਲਮਛੋੜ ਹੜਤਾਲ ਕੀਤੀ ਗਈ। ਉਨ੍ਹਾਂ ਕਿਹਾ ਕਿ ਜਦ ਤੱਕ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ, ਇਹ ਹੜਤਾਲ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਅੱਜ ਕੌਮਾਂਤਰੀ ਮਹਿਲਾ ਦਿਵਸ ਹੈ ਪਰ ਸੈਂਕੜੇ ਮਹਿਲਾ ਮੁਲਾਜ਼ਮ ਆਪਣੇ ਹੱਕ ਲੈਣ ਲਈ ਦੁਹਾਈ ਦੇ ਰਹੀਆਂ ਹਨ। ਉਨ੍ਹਾਂ ਕਿਹਾ ਕਿ ਔਰਤਾਂ ਨੇ ਅੱਜ ਸਰਕਾਰ ਦੀ ਮੁਲਾਜ਼ਮ ਮਾਰੂ ਨੀਤੀਆਂ ਖ਼ਿਲਾਫ਼ ਪਿੱਟ ਸਿਆਪਾ ਵੀ ਕੀਤਾ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਤਾਂ ਸਮੁੱਚੇ ਮੁਲਾਜ਼ਮਾਂ ਵੱਲੋਂ ਲੋਕ ਸਭਾ ਚੋਣ ਡਿਊਟੀਆਂ ਦਾ ਬਾਈਕਾਟ ਕੀਤਾ ਜਾਵੇਗਾ। ਇਸ ਮੌਕੇ ਡੀਸੀ ਦਫ਼ਤਰ ਯੂਨੀਅਨ ਆਗੂ ਜਸਕਰਨ ਸਿੰਘ ਤੇ ਤੇਜਿੰਦਰ ਸਿੰਘ ਖਹਿਰਾ ਤੇ ਮੰਗਤ ਸਿੰਘ ਨੇ ਵੀ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੀ ਨਿਖੇਧੀ ਕੀਤੀ। ਉਨ੍ਹਾਂ ਦੱਸਿਆ ਕਿ ਮੁੱਖ ਮੰਗਾਂ ’ਚ ਪਹਿਲੀ ਜਨਵਰੀ 2018 ਤੋਂ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਬਕਾਇਆ ਹਨ ਅਤ ਇਨ੍ਹਾਂ ਕਿਸ਼ਤਾਂ ਤੋਂ ਪਹਿਲਾਂ ਦਾ ਡੀਏ ਦਾ 22 ਮਹੀਨਿਆਂ ਦਾ ਬਕਾਇਆ ਵੀ ਡਿਊ ਹੈ, ਛੇਵਾਂ ਤਨਖਾਹ ਕਮਿਸ਼ਨ ਅਜੇ ਤਕ ਨਾ ਦੇਣ ਕਾਰਨ 20 ਪ੍ਰਤੀਸ਼ਤ ਅੰਤਰਿਮ ਰਿਲੀਫ ਦੇਣਾ ਬਣਦੀ ਹੈ। ਇਸ ਦੇ ਇਲਾਵਾ ਸਿੱਖਿਆ ਵਿਭਾਗ ਵਿਚ ਦੂਰ ਬਦਲੀ ਕੀਤੇ ਗਏ ਕਲਰਕਾਂ ਦੀ ਬਦਲੀਆਂ ਰੱਦ ਕਰਨ ਦੀ ਮੰਗ ਕੀਤੀ ਗਈ। ਇਸ ਰੈਲੀ ਵਿਚ ਖੁਸ਼ਕੀਰਤ ਸਿੰਘ ਘੁੰਮਣ, ਜਸਵੀਰ ਸਿੰਘ ਤੇ ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

Previous articleਨੀਰਵ ਮੋਦੀ ਦਾ ਸਮੁੰਦਰ ਕੰਢੇ ਬਣਿਆ ਬੰਗਲਾ ਢਾਹਿਆ
Next articleਮੁਲਾਜ਼ਮਾਂ ਨੇ ਦੂਜੇ ਦਿਨ ਵੀ ਠੱਪ ਰੱਖਿਆ ਕੰਮ-ਕਾਰ