ਮੋਹਾਲੀ : ਹੱਤਿਆ, ਡਕੈਤੀ ਵਰਗੇ ਅਨੇਕਾਂ ਕੇਸਾਂ ਵਿਚ ਪੰਜਾਬ ਅਤੇ ਹਰਿਆਣਾ ਸੂਬਿਆਂ ਦੀ ਪੁਲਿਸ ਨੂੰ ਲੋੜੀਂਦਾ ਗੈਂਗਸਟਰ ਸੁਖਪ੍ਰੀਤ ਬੁੱਢਾ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸ਼ਨਿਚਰਵਾਰ ਸ਼ਾਮ ਨੂੰ ਉਸ ਨੂੰ ਮੋਹਾਲੀ ਦੀ ਇਕ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੇ ਪੁਲਿਸ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਅਦਾਲਤ ਨੇ ਬੁੱਢਾ ਨੂੰ ਸੱਤ ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ।
ਗੈਂਗਸਟਰ ਬੁੱਢਾ ਨੇ ਹਿੰਦੂ ਨੇਤਾ ਅਤੇ ਸ਼ਿਵਸੇਨਾ ਹਿੰਦ ਦੇ ਰਾਸ਼ਟਰੀ ਪ੍ਰਧਾਨ ਨਿਸ਼ਾਂਤ ਸ਼ਰਮਾ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਹੋਈ ਹੈ ਜਿਸ ਦੀ ਆਡੀਓ ਵਾਇਰਲ ਹੋਈ ਸੀ ਅਤੇ ਉਸ ਦੇ ਖ਼ਿਲਾਫ਼ ਥਾਣਾ ਸਿਟੀ ਖਰੜ ਵਿਖੇ ਇਰਾਦਾ ਕਤਲ (307 ਆਈਪੀਸੀ) ਦਾ ਕੇਸ ਦਰਜ ਕੀਤਾ ਹੋਇਆ ਹੈ। ਬੁੱਢਾ ਹੁਣ 30 ਨਵੰਬਰ ਤਕ ਰਿਮਾਂਡ ‘ਤੇ ਰਹੇਗਾ ਅਤੇ ਪੜਤਾਲ ਦੌਰਾਨ ਕਈ ਅਹਿਮ ਖ਼ੁਲਾਸੇ ਹੋਣ ਦੀ ਉਮੀਦ ਹੈ। ਦੱਸਣਾਬਣਦਾ ਹੈ ਕਿ ਪਿਛਲੇ ਸਾਲ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ”ਤੇ ਹੋਏ ਹਮਲੇ ਵਿਚ ਗੈਂਗਸਟਰ ਬੁੱਢਾ ਦੀ ਸ਼ਮੂਲੀਅਤ ਸੀ। ਮੋਹਾਲੀ ਵਿਚ ਉਸ ਦੇ ਖ਼ਿਲਾਫ਼ ਨਿਸ਼ਾਂਤ ਸ਼ਰਮਾ ਵਾਲ਼ਾ ਮਾਮਲਾ ਹੁਣ ਦੂਜਾ ਅਜਿਹਾ ਕੇਸ ਸੀ ਜਿਸ ਵਿਚ ਉਸ ਨੇ ਬੰਬ ਨਾਲ਼ ਉਡਾਉਣ ਦੀ ਧਮਕੀ ਦੇ ਦਿੱਤੀ। ਖ਼ਬਰ ਹੈ ਕਿ ਮੋਹਾਲੀ ਪੁਲਿਸ ਨੇ ਗੈਂਗਸਟਰ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ਨੂੰ ਇੰਟਰਪੋਲ ਦੀ ਦੇ ਜ਼ਰੀਏ ਅਰਮੀਨੀਆ ਤੋਂ ਮੰਗਵਾਇਆ ਗਿਆ ਹੈ।
ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ ਆਪਣੇ ਸਿਰ
ਦੱਸਣਾ ਬਣਦਾ ਹੈ ਕਿ ਉਸ ਨੇ ਨਾਭਾ ਜੇਲ੍ਹ ਵਿੱਚ ਹੋਏ ਡੇਰਾ ਪ੍ਰੇਮੀ ਮਹਿੰਦਰ ਪਾਲ ਬਿੱਟੂ ਦੇ ਕਤਲ ਦੀ ਜ਼ਿੰਮੇਵਾਰੀ ਵੀ ਲਈ ਸੀ। ਉਸਦੀ ਅਰਮਾਨੀਆ ‘ਚ ਭਿਣਕ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਉੱਥੋਂ ਪੁਲਿਸ ਨਾਲ ਤਾਲਮੇਲ ਬਣਾਏ ਗਏ ਅਤੇ ਉਸ ਨੂੰ ਭਾਰਤ ਲਿਆਉਣ ਲਈ ਕੋਸ਼ਿਸ਼ਾਂ ਸ਼ੁਰੂ ਕੀਤੀਆਂ। ਬੁੱਢਾ ਨੂੰ ਸਾਲ 2011 ਦੇ ਵਿਚ ਹੋਏ ਕਤਲ ਕੇਸ ਵਿੱਚ ਦੋਸ਼ੀ ਐਲਾਨਿਆ ਸੀ, ਪਰ ਉਹ 2016 ਵਿਚ ਪੈਰੋਲ ਦੌਰਾਨ ਫ਼ਰਾਰ ਹੋ ਗਿਆ ਅਤੇ ਹੁਣ ਤਕ ਭਗੌੜਾ ਚੱਲ ਰਿਹਾ ਸੀ। ਦੱਸਣਯੋਗ ਹੈ ਕਿ ਦਵਿੰਦਰ ਬੰਬੀਹਾ ਗਿਰੋਹ ਦਾ ਸਵੈ-ਘੋਸ਼ਿਤ ਮੁਖੀ ਬੁੱਢਾ ਹੱਤਿਆ, ਹੱਤਿਆ ਦੀ ਕੋਸ਼ਿਸ਼, ਜਬਰ ਜਨਾਹ, ਗ਼ੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ (ਯੂਏਪੀਏ) ਆਦਿ ਦੇ 15 ਤੋਂ ਵੱਧ ਅਪਰਾਧਿਕ ਮਾਮਲਿਆਂ ਵਿੱਚ ਕਾਨੂੰਨ ਦਾ ਸਾਹਮਣਾ ਕਰ ਰਿਹਾ ਸੀ, ਉਹ ਹਾਲ ਹੀ ਵਿਚ ਆਪਣੇ ਖ਼ਾਲਿਸਤਾਨ ਪੱਖੀ ਤੱਤਾਂ ਨਾਲ ਸੰਪਰਕ ਲਈ ਨੋਟਿਸ ‘ਚ ਆਇਆ ਸੀ।