(ਸਮਾਜ ਵੀਕਲੀ)
ਰੀਝਾਂ ਕਰਦੇ ਤੂੰ ਪੂਰੀਆਂ,
ਵੇ ਪਈਆਂ ਜੋ ਅਧੂਰੀਆਂ,
ਤੂੰ ਕਰ ਥੋੜ੍ਹੀ ਗੌਰ ਤਾਂ ਸਹੀ ।
ਜੇ ਨਹੀਂ ਮਿਲਦੀਆਂ ਤੈਨੂੰ ਸੋਨ ਚਿੜੀਆਂ,
ਵੇ ਲੈਦੇ ਦੋ ਮੋਰ ਹੀ ਸਹੀ ।
ਸਾਡੇ ਚਾਵਾਂ ਨੂੰ ਹੁਲਾਰਾ ਦੇਣ ਵਾਸਤੇ,
ਵੇ ਗੁੰਦ ਦੇ ਤੂੰ ਰੱਸੇ ‘ਤੇ। ਚੁੰਨੀ ।
ਚਾਵਾਂ ਸਾਡਿਆਂ ਨੂੰ ਮੁੱਠੀ ਵਿੱਚ ਕੱਸ ਕੇ ,
ਨਾ ਹਾੜਾ ਆਟੇ ਵਾਂਗਰ ਗੁੰਨੀ ।
ਮੈਂ ਸੁਣ ਲਉ ਆਵਾਜ਼ਾਂ ਸੱਤਰੰਗੀਆਂ ,
ਵੇ ਤੇਰੇ ਭਾਅ ਦਾ ਸ਼ੋਰ ਹੀ ਸਹੀ ।
ਜੇ ਨਹੀਂ ਮਿਲਦੀਆਂ ਤੈਨੂੰ ਸੋਨ ਚਿੜੀਆਂ,
ਵੇ ਲੈਦੇ ਦੋ ਮੋਰ ਹੀ ਸਹੀ।
ਤੰਦਾਂ ਮੋਹ ਦੀਆਂ ਉਨ੍ਹਾਂ ਸੰਗ ਪੱਕੀਆਂ ,
ਨਾ ਹਾੜਾ ਮਾਹੀਏ ਲਵੀਂ ਪਿੰਜਰੇ ।
ਮੇਰੇ ਕੋਲੋਂ ਨਹੀਂ ਉਡਾਰੀ ਉੱਚੀ ਮਾਰਦੇ ,
ਭਾਵੇਂ ਨਾ ਮੈਂ ਲਵਾ ਜਿੰਦਰੇ ।
ਸੋਹਣੇ ਪੈਰਾਂ ਵਿੱਚ ਪਾਉਣੀ ਆ ਮੈਂ ਮਾਲਾ,
ਵੇ ਚਿੱਤ ਬੜਾ ਕਾਹਲਾ ।
ਤੇਰੇ ਭਾਅ ਦੀ ਡੋਰ ਹੀ ਸਹੀ ,
ਜੇ ਨਹੀਂ ਮਿਲਦੀਆਂ ਤੈਨੂੰ ਸੋਨ ਚਿੜੀਆਂ ,
ਵੇ ਲੈਦੇ ਦੋ ਮੋਰ ਹੀ ਸਹੀ ।
ਨਿੱਕੇ ਚਾਵਾਂ ਨੂੰ ਖੰਭ ਵੱਡੇ ਲਾਵੀਂ ,
ਨਾ ਕੱਟਣੇ ਦਾ ਕੰਮ ਤੂੰ ਕਰੀ ।
ਚੋਗਾ ਪਾਇਆ ਕਰੂ ਮੈਂ ਦੋ ਵੇਲੇ,
ਕਟੋਰੇ ਚੰਨਾਂ ਪਾਣੀ ਦੇ ਭਰੀ ।
ਕਾਲੀ ਘਟਾ ਵੇਖ ਨਾਲ ਮੇਰੇ ਨੱਚਣੇ,
ਵੇ ਕਣੀਆਂ ‘ਚ ਚੜੂ ਲੋਰ ਜਿਹੀ ।
ਜੇ ਨਹੀਂ ਮਿਲਦੀਆਂ ਤੈਨੂੰ ਸੋਨ ਚਿੜੀਆਂ ,
ਵੇ ਲੈਦੇ ਦੋ ਮੋਰ ਹੀ ਸਹੀ।
ਗੁਰਵੀਰ ਕੌਰ ਅਤਫ਼
ਛਾਜਲਾ (ਸੰਗਰੂਰ)
ਮੋ: 87259-62914