(ਸਮਾਜ ਵੀਕਲੀ)
ਪੰਜਾਬ ਦੀ ਸਿਆਸਤ ਬੜੇ ਨਾਜੁਕ ਸਮਿਆਂ ਵਿੱਚੋਂ ਗੁਜਰ ਰਹੀ ਹੈ। ਇੱਕ ਪਾਸੇ ਅਜਿਹਾ ਦਲ ਹੈ ਜੋ ਬੜੇ ਲੰਮੇ ਸਮੇਂ ਤੋਂ ਪੰਥਕ ਵੋਟ ਦਾ ਵਾਸਤਾ ਪਾ ਪਾ ਕੇ ਲੋਕਾਂ ਨੂੰ ਮੂਰਖ ਬਣਾਉਂਦਾ ਰਿਹਾ। ਇਸ ਦਲ ਨੂੰ ਤਕਰੀਬਨ ਇੱਕ ਸਦੀ ਬਾਅਦ ਜਾ ਕੇ ਸੁਰਤ ਆ ਰਹੀ ਹੈ ਕਿ, ਹੁਣ ਤੱਕ ਪਾਣੀ ਵਿੱਚ ਰਹਿ ਕੇ ਮਗਰਮੱਛਾਂ ਨਾਲ ਯਾਰੀਆਂ ਪੁਗਾਉਂਦਾ ਰਿਹਾ ਅਤੇ ਅੱਜ ਜਦੋਂ ਉਹੀ ਮਗਰਮੱਛ, ਇਸ ਦਲ ਦੇ ਉਜਾੜੇ ਦੀ ਤਿਆਰੀ ਕਰਨ ਲੱਗੇ ਤਾਂ ਇਹ ਬਿਨਾਂ ਤੈਰਨਾ ਸਿੱਖੇ, ਸਾਗਰ ਨੂੰ ਪਾਰ ਕਰਨ ਦੀ ਸੋਚ ਰਿਹਾ ਹੈ।
ਡੁੱਬਦੇ ਨੂੰ ਤਿਣਕੇ ਦਾ ਸਹਾਰਾ ਤਾਂ ਬਹੁਤ ਸੁਣਿਆ ਸੀ, ਪਰ ਡੁੱਬਦੇ ਨੂੰ ਹਾਥੀ ਦਾ ਸਹਾਰਾ ਵੀ ਹੋ ਸਕਦਾ ਹੈ, ਗੱਲ ਕਮਾਲ ਦੀ ਜਾਪਦੀ ਹੈ। ਧਰਮ ਦੀ ਰਾਜਨੀਤੀ ਕਰਨ ਵਾਲਿਆਂ ਨੇ ਵੀ ਬੜੀਆਂ ਤਰੱਕੀਆਂ ਕਰ ਲਈਆਂ ਹਨ, ਬਾਬੇ ਨਾਨਕ ਦੇ ਨਾਂ ਤੇ ਦੁਕਾਨਾਂ ਖੋਲ ਕੇ, ਸੌਦਾ ਬਾਬਰ ਦਾ ਵੇਚਿਆ ਜਾ ਰਿਹਾ ਹੈ।
ਦੂਜੇ ਪਾਸੇ ਦੀ ਹਾਲਤ ਵੀ ਕੋਈ ਚੰਗੀ ਨਹੀਂ। ਲੁਟੇਰਿਆਂ ਦੀ ਫੌਜ ਚਾਰੇ ਪਾਸਿਓ ਘੇਰਾ ਪਾਈ ਖੜੀ ਹੈ। ਝੂਠੇ ਵਾਅਦਿਆਂ ਦੀ ਸੂਚੀ ਐਨੀ ਲੰਮੀ ਹੈ ਕਿ ਸੱਚ ਖੁਦਕੁਸ਼ੀ ਕਰਨ ਦੀ ਸੋਚ ਰਿਹਾ ਹੈ। ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਜਾਰੀ ਹਨ, ਹੈਰਾਨੀ ਦੀ ਗੱਲ ਇਹ ਹੈ ਕਿ ਲੁਕ ਕੇ ਬੇਅਦਬੀਆਂ ਕਰਨ ਵਾਲਿਆਂ ਦੀ ਭਾਲ ਜਾਰੀ ਹੈ ਅਤੇ ਸਰੇਆਮ ਸਭਾਵਾਂ ਵਿੱਚ ਖੜ ਕੇ ਬੇਅਦਬੀਆਂ ਕਰਨ ਵਾਲਿਆਂ ਨੂੰ ਸਿੰਘਾਸਣ ਸੌਂਪੇ ਜਾ ਰਹੇ ਹਨ।
ਗਰੀਬ ਦੇ ਬੱਚੇ ਦੀ ਰੋਟੀ ਨੂੰ ਅਮੀਰ ਦਾ ਕੁੱਤਾ ਖਾ ਗਿਆ, ਅਤੇ ਗਰੀਬ ਦਾ ਬੱਚਾ ‘ਕੁੱਤੇ ਤੈਥੋਂ ਉੱਤੇ’ ਸੁਣ ਕੇ ਸਬਰ ਕਰ ਗਿਆ। ਨਿੱਜਤਾ ਨੇ ਮਾਨਵਤਾ ਦੇ ਰਾਹ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ। ਹਾਕਮ, ਆਪਣੀ ਹੀ ਪਰਜਾ ਨੂੰ ਹਰਾ ਕੇ ਜਿੱਤ ਦਾ ਸਵਾਦ ਚਖ ਰਿਹਾ ਹੈ। ਇਹ ਦੋ ਮੂੰਹਾਂ ਨਾਗ ਕਿਸੇ ਪਾਸਿਓ ਵੀ ਪਰਜਾ ਨੂੰ ਭੱਜਣ ਨਹੀਂ ਦੇ ਰਿਹਾ। ਝੂਠੀ ਆਸ ‘ਤੇ ਕਿਸੇ ਕਰਾਂਤੀ ਦੀ ਉਡੀਕ ਵਿੱਚ… ਤੁਹਾਡਾ ਪੰਜਾਬ
ਅਮਨ ਜੱਖਲਾਂ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly