ਦੋ ਬੇੜੀਆਂ ‘ਚ ਪੈਰ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਦਿਲਾ ਮੇਰਿਆ ਮੰਨੀਂ ਤੂੰ ਮੇਰੀ ਗੱਲ ਨੂੰ ,
ਪੱਲੇ ਪੈਣਾਂ ਪਛਤਾਵਾ ਨਈਂ ਤਾਂ ਕੱਲ੍ ਨੂੰ ,
ਛੱਡ ਦੁਨੀਆਂ ਨੂੰ ਇੱਕ ਨਾ ਖਲੋ ਜਾ ,
ਖਲੋਣ ਵਾਲ਼ੇ ਹੁੱਬ ਜਾਂਦੇ ਨੇ  ।
ਦੋ ਦੋ ਬੇੜੀਆਂ ‘ਚ ਪੈਰ ਨਾ ਟਿਕਾਈਂ ,
ਟਿਕਾਉਂਣ ਵਾਲ਼ੇ ਡੁੱਬ ਜਾਂਦੇ ਨੇ ।
ਦਿਲੋਂ ਕੱਢ ਕੇ ਕੁੜੱਤਣਾਂ ਦੀ ਜ਼ਹਿਰ ਨੂੰ
ਪਿਆਰ ਨਾਲ਼ ਪੈਂਦੈ ਭਰਨਾ  ।
ਤੋਲ ਤੋਲ ਕੇ ਸ਼ਬਦ ਪੈਂਦੇ ਬੋਲਣੇਂ ਤੇ
ਬੋਚ ਬੋਚ ਪੱਬ ਧਰਨਾ  ।
ਬੰਦੇ ਮਿੱਠੀਆਂ ਜ਼ੁਬਾਨਾਂ ਵਾਲ਼ੇ ਦਿਲਾਂ ‘ਚ
ਮਿੱਠੀਆਂ ਜ਼ੁਬਾਨਾਂ ਵਾਲ਼ੇ ਦਿਲਾਂ ਵਿੱਚ
ਕੰਡੇ ਵਾਂਗੂੰ ਚੁੱਭ ਜਾਂਦੇ ਨੇ  ।
ਦੋ ਦੋ ਬੇੜੀਆਂ ‘ਚ ਪੈਰ ਨਾ ———–
ਹੋਵੇ ਕਿਸੇ ਬਣਾਉਂਣਾ ਨੂੰ ਜੇਕਰ ਆਪਣਾ
ਤਾਂ ਪਹਿਲਾਂ ਉਹਦਾ ਪੈਂਦੈ ਬਣਨਾਂ ।
ਕਈਆਂ ਪੇਪਰਾਂ ‘ਚੋਂ ਪਾਸ ਹੋਣਾ ਪੈਂਦੈ
ਤੇ ਛਾਲਣੀਂ ‘ਚੋਂ ਪੈਂਦਾ ਛਲਣਾਂ  ।
ਮਿੱਟੀ ਫੋਲਿਆਂ ਉਹ ਲਾਲ ਨਹੀਂਓਂ ਲੱਭਦੇ ,
ਫੋਲਿਆਂ ਉਹ ਲਾਲ ਨਹੀਂਓਂ ਲੱਭਦੇ
ਜਹਾਨੋਂ ਜਿਹੜੇ ਉੱਠ ਜਾਂਦੇ ਨੇ  ।
ਦੋ ਦੋ ਬੇੜੀਆਂ ‘ਚ ਪੈਰ ਨਾ ————
ਬੀਜ ਬੀਜ ਕੇ ਸੰਭਾਲ਼ ਪੈਂਦੀ ਕਰਨੀਂ
ਕਦੇ ਤਾਂ ਫੁੱਲ ਖਿਲ ਜਾਂਦੇ ਨੇ  ।
ਪਾਣੀ ਵਗਦੇ ਜੇ ਰਹਿਣ ਹੌਲ਼ੀ ਹੌਲ਼ੀ ,
ਵਗਦੇ ਜੇ ਰਹਿਣ ਹੌਲ਼ੀ ਹੌਲ਼ੀ
ਸਮੁੰਦਰਾਂ ‘ਚ ਮਿਲ ਜਾਂਦੇ ਨੇ  ।
ਕੁੱਝ ਦਿਨਾਂ ‘ਚ ਮੁਸ਼ਕ ਨੇ ਉਹ ਜਾਂਦੇ ,
ਦਿਨਾਂ ‘ਚ ਮੁਸ਼ਕ ਨੇ ਉਹ ਜਾਂਦੇ
ਜੋ ਇੱਕ ਥਾਂ ‘ਤੇ ਰੁੱਕ ਜਾਂਦੇ ਨੇ  ।
ਦੋ ਦੋ ਬੇੜੀਆਂ ‘ਚ ਪੈਰ ਨਾ ————
ਪਹਿਲਾਂ ਹੁਨਰਾਂ ਨੂੰ ਪੈਂਦਾ ਏ ਪਛਾਨਣਾਂ
ਤੇ ਮਿਹਨਤਾਂ ਦਾ ਪੱਲਾ ਫੜਨਾਂ  ।
ਇੱਕ ਅੱਧਾ ਨਈਓਂ ਪੂਰੇ ਪੰਜ ਵੈਰੀਆਂ
ਦੇ ਨਾਲ਼ ਦਿਨੇਂ ਰਾਤੀਂ ਲੜਨਾਂ  ।
ਪਿੰਡ ਰੰਚਣਾਂ ਉਹਨਾਂ ਦੀ ਪੂਜਾ ਕਰਦੈ ,
ਰੰਚਣਾਂ ਉਹਨਾਂ ਦੀ ਪੂਜਾ ਕਰਦੈ
ਕਲਾ ‘ਚ ਜਿਹੜੇ ਖੁੱਭ ਜਾਂਦੇ ਨੇ  ।
ਦੋ ਦੋ ਬੇੜੀਆਂ ‘ਚ ਪੈਰ ਨਾ ———–
                      ਮੂਲ ਚੰਦ ਸ਼ਰਮਾ ਪ੍ਰਧਾਨ
ਪੰਜਾਬੀ ਸਾਹਿਤ ਸਭਾ ਧੂਰੀ ( ਸੰਗਰੂਰ )
              9478408898
Previous articleਸੁਣ ਵੇ ਰਾਜ ਕਰੇਂਦਿਆ
Next articleਮਿੱਟੀ ਦੇ ਪੁਤ…