ਦੋ ਨੌਜਵਾਨਾਂ ’ਤੇ ਕਾਤਲਾਨਾ ਹਮਲਾ

ਸਰਕਾਰ ਤੇ ਪੁਲੀਸ ਅਧਿਕਾਰੀਆਂ ਦੇ ਨਸ਼ਿਆਂ ਖਿਲਾਫ਼ ਭਾਸ਼ਣਾਂ ਤੋਂ ਉਤਸ਼ਾਹਿਤ ਹੋਏ ਦੋ ਨੌਜਵਾਨਾਂ ਗੁਰਸਵੇਕ ਸਿੰਘ ਪੁੱਤਰ ਬਲਵਿੰਦਰ ਸਿੰਘ ਅਤੇ ਰਣਜੋਧ ਸਿੰਘ ਪੁੱਤਰ ਚਮਕੌਰ ਸਿੰਘ ਵਾਸੀਆਨ ਸ਼ਾਹ ਅਬੂਬੱਕਰ ਨੂੰ ਸਰਕਾਰ ਦੀ ਮਦਦ ਕਰਨੀ ਉਸ ਵੇਲੇ ਮਹਿੰਗੀ ਪੈ ਗਈ ਜਦੋਂ ਅੱਧੀ ਦਰਜਨ ਤੋਂ ਵੱਧ ਹਮਲਾਵਰਾਂ ਨੇ ਕਾਤਲਾਨਾ ਹਮਲਾ ਕਰ ਕੇ ਉਨ੍ਹਾਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਇੱਕਦਮ ਹੋਏ ਹਮਲੇ ਮੌਕੇ ਵਾਰਦਾਤ ਵਾਲੀ ਥਾਂ ’ਤੇ ਪਹੁੰਚੇ ਲੋਕਾਂ ਦੇ ਇਕੱਠ ਨੂੰ ਦੇਖਦਿਆਂ ਹਮਲਾਵਰ ਫ਼ਰਾਰ ਹੋ ਗਏ। ਜ਼ਖ਼ਮੀਆਂ ਨੂੰ ਹਰਬੰਸ ਨਰਸਿੰਗ ਹੋਮ ਕੋਟ ਈਸੇ ਖਾਂ ਦਾਖਲ ਕਰਵਾਇਆ ਗਿਆ ਹੈ। ਜ਼ਖ਼ਮੀ ਗੁਰਸੇਵਕ ਤੇ ਰਣਯੋਧ ਦੇ ਨਜ਼ਦੀਕੀ ਰਿਸ਼ਤੇਦਾਰ ਬੋਹੜ ਸਿੰਘ ਸਦਰਵਾਲਾ ਪ੍ਰਧਾਨ ਟਰੱਕ ਯੂਨੀਅਨ ਮੱਖੂ ਨੇ ਦੱਸਿਆ ਕਿ ਬੀਤੇ ਦਿਨੀਂ ਪੁਲੀਸ ਨੇ ਪੀੜਤਾਂ ਦੀ ਖੇਤਾਂ ’ਚ ਲੱਗੀ ਪਾਣੀ ਵਾਲੀ ਮੋਟਰ ਤੋਂ ਕੁਝ ਨਸ਼ਾ ਵੇਚਣ ਵਾਲਿਆਂ ਨੂੰ ਸੌ ਗਰਾਮ ਹੈਰੋਇਨ ਸਮੇਤ ਕਾਬੂ ਕਰ ਕੇ ਜੇਲ੍ਹ ਭੇਜਿਆ ਸੀ। ਜ਼ਮਾਨਤ ’ਤੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਕਤ ਨਸ਼ਾ ਸਮੱਗਲਰਾਂ ਨੇ ਕਥਿਤ ਤੌਰ ’ਤੇ ਬਦਲਾ ਲੈਣ ਦੀ ਖ਼ਾਤਰ ਨੌਜਵਾਨਾਂ ’ਤੇ ਮਾਰ ਦੇਣ ਦੀ ਨੀਅਤ ਨਾਲ ਹਮਲਾ ਕਰ ਦਿੱਤਾ। ਜ਼ਿਕਰਯੋਗ ਹੈ ਕਿ ਜ਼ਖ਼ਮੀ ਨੌਜਵਾਨ ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਵੀ ਨਜ਼ਦੀਕੀ ਰਿਸ਼ਤੇਦਾਰ ਹਨ। ਜਾਣਕਾਰੀ ਮਿਲਣ ’ਤੇ ਖਬਰ ਲਿਖੇ ਜਾਣ ਤੱਕ ਪੁਲੀਸ ਵੱਲੋਂ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਸੀ।

Previous articleਪੀਏਯੂ ਦੇ ਉਪ ਕੁਲਪਤੀ ਦਾ ਸੇਵਾਕਾਲ ਵਧਾਇਆ
Next articleਪਾਣੀ ਦੇ ਡਿੱਗਦੇ ਪੱਧਰ ਸਬੰਧੀ ਉੱਚ ਪੱਧਰੀ ਮੀਟਿੰਗ ਭਲਕੇ