ਚੰਡੀਗੜ੍ਹ ਰੋਡ ਦੇ ਸੈਕਟਰ 32 ਕੋਲ ਗੁਰੂ ਅਰਜਨ ਦੇਵ ਨਗਰ ’ਚ ਦੋ ਪੱਖਾਂ ’ਚ ਗੱਡੀ ਦੀ ਐੱਨਓਸੀ ਨੂੰ ਲੈ ਕੇ ਵਿਵਾਦ ਹੋ ਗਿਆ ਜੋ ਇੰਨਾ ਵਧ ਗਿਆ ਕਿ ਇੱਕ ਧਿਰ ਨੇ ਦੂਜੇ ਪੱਖ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਕਾਰਨ ਇੱਕ ਵਿਅਕਤੀ ਨੂੰ ਦੋ ਗੋਲੀਆਂ ਲੱਗੀਆਂ ਜਦਕਿ ਇਸ ਘਟਨਾ ਨੂੰ ਅੰਜਾਮ ਦੇ ਕੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ।
ਜ਼ਖ਼ਮੀ ਦੀ ਪਛਾਣ ਸਤਵੀਰ ਸਿੰਘ ਉਰਫ਼ ਬਾਬਾ ਵਜੋਂ ਹੋਈ ਹੈ, ਜਿਸਨੂੰ ਸੀਐੱਮਸੀ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਏਸੀਪੀ ਦਵਿੰਦਰ ਚੌਧਰੀ ਮੌਕੇ ’ਤੇ ਪੁੱਜੇ। ਪੁਲੀਸ ਨੇ ਘਟਨਾ ਸਥਾਨ ਦੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰੇ ਚੈੱਕ ਕਰਨੇ ਸ਼ੁਰੂ ਕਰ ਦਿੱਤੇ ਹਨ।
ਜਾਣਕਾਰੀ ਅਨੁਸਾਰ ਟਿੱਬਾ ਰੋਡ ਵਾਸੀ ਹਨੀ ਅਤੇ ਬਨੀ ਦੋ ਸਕੇ ਭਰਾ ਫਾਇਨਾਂਸ ਦਾ ਕੰਮ ਕਰਦੇ ਹਨ। ਕੁਝ ਸਮੇਂ ਪਹਿਲਾਂ ਬਨੀ ਨੇ ਬਸਤੀ ਜੋਧੇਵਾਲ ਵਾਸੀ ਸੰਨੀ ਕੋਲੋਂ ਇੱਕ ਬਲੈਰੋ ਗੱਡੀ ਲਈ ਸੀ। ਕਿਸੇ ਕਾਰਨ ਬਨੀ ਬੈਂਕ ਦੀਆਂ ਕੁਝ ਕਿਸ਼ਤਾਂ ਨਹੀਂ ਦੇ ਸਕਿਆ ਸੀ। ਇਸ ਲਈ ਦੋਵਾਂ ’ਚ ਵਿਵਾਦ ਸ਼ੁਰੂ ਹੋ ਗਿਆ ਸੀ। ਇਸ ਗੱਲ ਨੂੰ ਖਤਮ ਕਰਨ ਲਈ ਦੋਵੇਂ ਪੱਖ ਸੋਮਵਾਰ ਨੂੰ ਸੈਕਟਰ 32 ਪੁੱਜੇ ਸਨ। ਇੱਕ ਪੱਖ ਵੱਲੋਂ ਨੀਰਜ ਕੁਮਾਰ ਦੇ ਨਾਲ ਸੰਨੀ, ਪੰਕਜ ਤੇ ਸਤਵੀਰ ਸਿੰਘ ਉਰਫ਼ ਬਾਬਾ ਵੀ ਆਏ ਸਨ ਜਦਕਿ ਦੂਸਰੇ ਪਾਸੇ ਹਨੀ, ਬਨੀ ਤੇ ਉਨ੍ਹਾਂ ਦਾ ਇੱਕ ਸਾਥੀ ਸ਼ਾਲੂ ਆਇਆ ਸੀ।
ਮੌਕੇ ’ਤੇ ਦੋਵਾਂ ਪੱਖਾਂ ’ਚ ਕਾਗਜ਼ਾਂ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ। ਇਸੇ ਦੌਰਾਨ ਹਨੀ ਤੇ ਬਨੀ ਨੇ ਦੋ ਗੋਲੀਆਂ ਚਲਾਈਆਂ, ਜੋ ਸਤਵੀਰ ਉਰਫ਼ ਬਿੰਦਰੀ ਬਾਬਾ ਨੂੰ ਲੱਗੀਆਂ। ਇੱਕ ਗੋਲੀ ਢਿੱਡ ਤੇ ਦੂਸਰੀ ਗੋਲੀ ਪੈਰ ’ਚ ਲੱਗੀ।
ਗੋਲੀ ਚੱਲਣ ਦੀ ਆਵਾਜ਼ ਸੁਣਦੇ ਹੀ ਲੋਕ ਬਾਹਰ ਆ ਗਏ ਜਦਕਿ ਹਨੀ, ਬਨੀ ਤੇ ਉਨ੍ਹਾਂ ਦਾ ਸਾਥੀ ਮੌਕੇ ਤੋਂ ਫ਼ਰਾਰ ਹੋ ਗਏ। ਜ਼ਖਮੀ ਬਾਬਾ ਨੂੰ ਸੀਐਮਸੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਜਿੱਥੇ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
INDIA ਦੋ ਧਿਰਾਂ ’ਚ ਗੋਲੀਆਂ ਚੱਲੀਆਂ; ਇੱਕ ਗੰਭੀਰ ਜ਼ਖ਼ਮੀ