ਅੰਮ੍ਰਿਤਸਰ (ਸਮਾਜਵੀਕਲੀ): ਕਰੋਨਾ ਦੇ ਵਧ ਰਹੇ ਕਹਿਰ ਦੌਰਾਨ ਸਰਕਾਰ ਵਲੋਂ ਹਫਤੇ ਦੇ ਆਖਰੀ ਦੋ ਦਿਨ ਸ਼ਨਿਚਰਵਾਰ ਅਤੇ ਐਤਵਾਰ ਸਮੇਤ ਹੋਰ ਛੁੱਟੀਆਂ ਵਾਲੇ ਦਿਨਾਂ ਵਿਚ ਕਾਰੋਬਾਰ ਅਤੇ ਆਵਾਜਾਈ ਆਦਿ ਬੰਦ ਰੱਖਣ ਦੇ ਕੀਤੇ ਗਏ ਆਦੇਸ਼ਾਂ ਦਾ ਅਸਰ ਹਰਿਮੰਦਰ ਸਾਹਿਬ ਆਉਣ ਵਾਲੀ ਸੰਗਤ ’ਤੇ ਵੀ ਹੋਇਆ ਹੈ।
ਅੱਜ ਦੇ ਬੰਦ ਕਾਰਨ ਹਰਿਮੰਦਰ ਸਾਹਿਬ ਵਿਖੇ ਬਹੁਤ ਘੱਟ ਗਿਣਤੀ ਵਿਚ ਸੰਗਤ ਨਤਮਸਤਕ ਹੋਣ ਲਈ ਪੁੱਜੀ। 8 ਜੂਨ ਤੋਂ ਬਾਅਦ ਹਰਿਮੰਦਰ ਸਾਹਿਬ ਨੂੰ ਆਉਣ ਵਾਲੇ ਰਸਤਿਆਂ ਵਿਚੋਂ ਪੁਲੀਸ ਵਲੋਂ ਭਾਵੇਂ ਨਾਕੇ ਹਟਾ ਲਏ ਗਏ ਸਨ ਪਰ ਅੱਜ ਦੋ ਦਿਨਾਂ ਬੰਦ ਕਾਰਨ ਇਨ੍ਹਾਂ ਰਸਤਿਆਂ ’ਤੇ ਸੁੰਨ ਪਸਰੀ ਰਹੀ। ਵਿਰਾਸਤੀ ਮਾਰਗ ਵੀ ਖਾਲੀ ਰਿਹਾ।
ਹਰਿਮੰਦਰ ਸਾਹਿਬ ਵਿਚ ਨਤਮਸਤਕ ਹੋਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਨਾ ਮਾਤਰ ਰਹੀ। ਇਸ ਦੌਰਾਨ ਸਿਹਤ ਵਿਭਾਗ ਅਤੇ ਸ਼੍ਰੋਮਣੀ ਕਮੇਟੀ ਦੇ ਕਰਮਚਾਰੀ ਇਥੇ ਸਾਰਾ ਦਿਨ ਪਹਿਲਾਂ ਵਾਂਗ ਹੀ ਤੈਨਾਤ ਰਹੇ ਤਾਂ ਜੋ ਆਉਣ ਵਾਲੇ ਯਾਤਰੂਆਂ ਨੂੰ ਸਿਹਤ ਵਿਭਾਗ ਦੀਆਂ ਸਾਵਧਾਨੀਆਂ ਆਦਿ ਤੋਂ ਜਾਣੂ ਕਰਾ ਸਕਣ।