ਪਿੰਡ ਚੱਕਹਕੀਮ ਵਿੱਚ ਬੀਤੀ ਸ਼ਾਮ ਦੋ ਕਾਰਾਂ ਦੀ ਹੋਈ ਮਾਮੂਲੀ ਟੱਕਰ ਦੌਰਾਨ ਲਾਗੇ ਖੜ੍ਹੇ ਨੌਜਵਾਨ ਨਾਲ ਕਾਰ ਚਾਲਕ ਦਾ ਤਕਰਾਰ ਹੋ ਗਿਆ। ਕਾਰ ਚਾਲਕ ਨੇ ਆਪਣੇ ਪਿਤਾ ਨੂੰ ਮੌਕੇ ’ਤੇ ਸੱਦ ਲਿਆ ਅਤੇ ਗੁੱਸੇ ’ਚ ਆਏ ਪਿਤਾ ਨੇ ਮੌਕੇ ’ਤੇ ਪੁੱਜ ਕੇ ਆਪਣੀ ਰਿਵਾਲਵਰ ਨਾਲ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਮਾਹੌਲ ਤਣਾਅਪੂਰਨ ਹੋ ਗਿਆ। ਇਸ ਦੌਰਾਨ ਇਕ ਵਿਅਕਤੀ ਜ਼ਖ਼ਮੀ ਹੋ ਗਿਆ ਜਿਸ ਦੀ ਪਛਾਣ ਆਕਾਸ਼ ਭਾਰਤੀ ਪੁੱਤਰ ਪਰਮਜੀਤ ਬੰਗੜ ਵਾਸੀ ਚੱਕਹਕੀਮ ਵੱਜੋਂ ਹੋਈ ਹੈ, ਜੋ ਅੰਬੇਦਕਰ ਸੈਨਾ ਦਾ ਆਗੂ ਹੈ। ਆਕਾਸ਼ ਦੀ ਬਾਂਹ ’ਚ ਛਰਾ ਲੱਗਿਆ ਹੈ। ਉਸ ਨੂੰ ਜ਼ਖ਼ਮੀ ਹਾਲਤ ’ਚ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਡੀ.ਐਸ.ਪੀ. ਮਨਜੀਤ ਸਿੰਘ, ਐਸ.ਐਚ.ਓ. ਸਿਟੀ ਵਿਜੈਕੰਵਰ ਵੱਡੀ ਗਿਣਤੀ ’ਚ ਫੋਰਸ ਸਮੇਤ ਮੌਕੇ ’ਤੇ ਪੁੱਜੇ ਅਤੇ ਘਟਨਾ ਦੀ ਜਾਣਕਾਰੀ ਹਾਸਲ ਕੀਤੀ। ਦੱਸਿਆ ਜਾਂਦਾ ਹੈ ਕਿ ਗੁਰਪ੍ਰੀਤ ਸਿੰਘ ਪੁੱਤਰ ਹਰਜਾਪ ਸਿੰਘ ਪਿੰਡ ’ਚੋਂ ਲੰਘ ਰਿਹਾ ਸੀ ਕਿ ਉਸ ਦੀ ਗੱਡੀ ਕਿਸੇ ਹੋਰ ਗੱਡੀ ਨਾਲ ਟਕਰਾ ਗਈ। ਇਸੇ ਦੌਰਾਨ ਲਾਗੇ ਖੜ੍ਹੇ ਆਕਾਸ਼ ਭਾਰਤੀ ਦੀ ਗੁਰਪ੍ਰੀਤ ਨਾਲ ਤਕਰਾਰ ਹੋ ਗਈ ਤੇ ਗੁਰਪ੍ਰੀਤ ਨੇ ਮੌਕੇ ’ਤੇ ਆਪਣੇ ਪਿਤਾ ਨੂੰ ਸੱਦ ਲਿਆ ਜਿਸ ਨੇ ਗੋਲੀਆਂ ਚਲਾਈਆਂ। ਡੀ.ਐਸ.ਪੀ. ਮਨਜੀਤ ਸਿੰਘ ਨੇ ਦੱਸਿਆ ਕਿ ਪੀੜਤ ਧਿਰ ਨੇ ਅਜੇ ਤੱਕ ਪੁਲੀਸ ਨੂੰ ਆਪਣੇ ਬਿਆਨ ਦਰਜ ਨਹੀਂ ਕਰਵਾਏ। ਬਿਆਨ ਦਰਜ ਹੋਣ ’ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਖ਼ਬਰ ਲਿਖੇ ਜਾਣ ਤੱਕ ਪੁਲੀਸ ਨੇ ਚੱਕਹਕੀਮ ਵਿੱਚ ਵੱਡੀ ਗਿਣਤੀ ’ਚ ਫ਼ੋਰਸ ਤਾਇਨਾਤ ਸੀ।
INDIA ਦੋ ਕਾਰਾਂ ਦੀ ਟੱਕਰ,ਗੋਲੀ ਚੱਲੀ