(ਸਮਾਜ ਵੀਕਲੀ)
ਹਰ ਵੇਲੇ ਜਿਹੜਾ ਆਦਮੀ , ਬੋਲੀ ਜਾਵੇ ਝੂਠ,
ਗੱਲਾਂ ਬਾਤਾਂ ਨਾਲ ਉਸ, ਛੱਡਣੀ ਨਾ ਕਰਤੂਤ।
ਸਕੀਮਾਂ ਇੱਥੇ ਬਣਦੀਆਂ, ਸ਼ਾਹਾਂ ਨੂੰ ਅੱਗੇ ਰੱਖ,
ਇਹਨਾਂ ਤੋਂ ਗਰੀਬਾਂ ਨੂੰ, ਨਫ਼ਾ ਹੋਵੇ ਨਾ ਕੱਖ।
ਹਾਕਮ ਤੋਂ ਕੁਝ ਨਾ ਮਿਲੇ, ਜੇ ਮੂੰਹ ਰੱਖੀਏ ਬੰਦ,
ਜੇ ਮੂੰਹੋਂ ਕੁਝ ਬੋਲੀਏ, ਤਾਂ ਉਹ ਪੀਹਵੇ ਦੰਦ।
ਜੇ ਕੁਰਸੀ ਤੇ ਬੈਠ ਕੇ, ਸਿੱਧੇ ਕੀਤੇ ਨਾ ਕੰਮ,
ਲੋਕਾਂ ਨੇ ਕੱਠੇ ਹੋ ਕੇ, ਤੇਰਾ ਲਾਹਣਾ ਚੰਮ।
ਲਗਾਈ ਨਾ ਦੋਸ਼ੀ ਤੇ, ਜੇ ਕਰ ਦਫ਼ਾ ਠੀਕ,
ਉਸ ਨੂੰ ਮਿਲਣੀ ਨ੍ਹੀ ਸਜ਼ਾ, ਉਹ ਸਮਝੂ ਨਿਰਭੀਕ।
ਤੁਰ ਜਾਵੇ ਜਿਹੜਾ ਆਦਮੀ, ਕੌੜੇ ਬੋਲ ਕੇ ਬੋਲ,
ਉਹ ਬੰਦੇ ਦੀ ਇੱਜ਼ਤ, ਮਿੱਟੀ ‘ਚ ਜਾਵੇ ਰੋਲ।
ਦਿਲਾਂ ਦੇ ਸੌਦਿਆਂ ਵਿੱਚੋਂ, ਨਫ਼ਾ ਰਹੇ ਜੋ ਭਾਲ,
ਉਨ੍ਹਾਂ ਨੂੰ ਖੂਹ ਵਿੱਚ ਸੁੱਟੇ, ਉਨ੍ਹਾਂ ਦਾ ਇਹ ਖ਼ਿਆਲ।
ਜੀਵਨ ਨਰਕ ਬਣਾ ਦੇਵੇ, ਸਾਥੀ ਬੇਈਮਾਨ,
ਈਮਾਨਦਾਰ ਸਾਥੀ ਨਾ’, ਦੁੱਗਣੀ ਹੋਵੇ ਸ਼ਾਨ।
ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਨਗਰ) 9915803554