(ਸਮਾਜ ਵੀਕਲੀ)
ਸਮਝਣ ਜੋ ਮਾਂ-ਬਾਪ ਨੂੰ, ਆਪਣੇ ਉੱਤੇ ਭਾਰ,
ਉਨ੍ਹਾਂ ਨੂੰ ਮਿਲੇ ਨਾ ਕਦੇ, ਸਮਾਜ ਵਿੱਚ ਸਤਿਕਾਰ।
ਜਿਸ ਨੂੰ ਹੱਦੋਂ ਵੱਧ ਹੋਵੇ, ਧਨ ਦੌਲਤ ਦੀ ਭੁੱਖ,
ਜੀਵਨ ਵਿੱਚ ਉਹ ਆਦਮੀ, ਕਦੇ ਨਾ ਪਾਵੇ ਸੁੱਖ।
ਕਿਸੇ ਨਾ’ਕਰਦਾ ਪਿਆਰ ਜੋ, ਦਿਲ ‘ਚ ਰੱਖ ਕੇ ਖੋਟ,
ਉਸ ਨੂੰ ਪੈਂਦੀ ਝੱਲਣੀ, ਬੇਵਫਾਈ ਦੀ ਚੋਟ।
ਜਵਾਨੀ ‘ਚ ਜੋ ਬਣ ਗਿਆ, ਨਸ਼ਿਆਂ ਦਾ ਗੁਲਾਮ.
ਉਹ ਆਪਣੇ ਮਾਂ-ਪਿਉ ਨੂੰ ਵੀ, ਕਰ ਦੇਵੇ ਬਦਨਾਮ।
ਉੱਚੇ ਬੁੱਤ ਬਣਵਾ ਕੇ, ਹਾਕਮ ਰਿਹੈ ਸੋਚ,
ਲੋਕ ਖੁਸ਼ ਹੋ ਕੇ ਪਾਣਗੇ, ਉਸ ਨੂੰ ਕਾਫੀ ਵੋਟ।
ਵਾਅਦੇ ਕਰ ਰੁਜ਼ਗਾਰ ਦੇ, ਹਾਕਮ ਨਿਕਲੇ ਨਾ ਬਾਹਰ,
ਡਾਂਗਾਂ ਉਨ੍ਹਾਂ ਦੇ ਪੈਂਦੀਆਂ, ਮੰਗਦੇ ਜੋ ਰੁਜ਼ਗਾਰ।
ਇੱਥੇ ਰਿਸ਼ਵਤ ਦਿੱਤੇ ਬਿਨਾਂ, ਕੋਈ ਨਾ ਹੋਵੇ ਕੰਮ,
ਬਾਬੂ ਨੂੰ ਰਿਸ਼ਵਤ ਦੇ ਕੇ, ਕੰਮ ਹੋ ਜਾਵੇ ਇਕ ਦੰਮ।
ਇਕ ਪਾਸੇ ਸਟੋਰਾਂ ਵਿੱਚ, ਅੰਨ ਹੋ ਰਿਹੈ ਖਰਾਬ,
ਦੂਜੇ ਪਾਸੇ ਭੁੱਖ ਦੇ ਨਾ’, ਮਰਦੇ ਨਿੱਤ ਜੁਆਕ।
ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਨਗਰ) 9915803554