(ਸਮਾਜ ਵੀਕਲੀ)- ਦੋ ਸੱਚ ਇਕੱਠੇ ਹੁੰਦੇ ਹਨ ਤਾਂ ਦੋਸਤੀ ਦਾ ਜਨਮ ਹੁੰਦਾ ਹੈ । ਦੋਸਤੀ ਦੇ ਰਿਸ਼ਤੇ ਚ ਸਵਾਰਥ, ਊਚ ਨੀਚ, ਅਮੀਰੀ ਗਰੀਬੀ ਜਾਂ ਫੇਰ ਕਿਸੇ ਵੀ ਤਰਾਂ ਦੀ ਦੂਈ ਦਵੈਤ ਨਹੀਂ ਹੁੰਦੀ, ਬੱਸ ਸੱਚੀ ਤੇ ਬੇਗਰਜ ਭਾਵਨਾ ਨਾਲ ਲਵਰੇਜ ਮੋਹ ਭਰਿਆ ਉਹ ਮਨੁੱਖੀ ਰਿਸ਼ਤਾ ਹੀ ਦੋਸਤੀ ਅਖਵਾਉਣ ਦਾ ਹੱਕਦਾਰ ਹੁੰਦਾ ਹੈ ਜੋ ਮਾਣ ਸਤਿਕਾਰ ਨਾਲ ਭਰਪੂਰ ਹੋਣ ਦੇ ਨਾਲ ਨਾਲ ਨਫ਼ੇ ਨੁਕਸਾਨ ਦੇ ਵਪਾਰਕ ਛਲ ਕਪਟ ਤੋਂ ਕੋਹਾਂ ਦੂਰ ਇਕ ਦੂਸਰੇ ਦੀ ਪ੍ਰਵਾਹ ਕਰਦਾ ਹੋਵੇ ਤੇ ਲੋੜ ਪੈਣ ਤੇ ਬਿਨਾ ਕਿਸੇ ਦੇਰੀ ਹਾਜ਼ਰ ਹੋਵੇ । ਦੋਸਤੀ ਹਮੇਸ਼ਾ ਬਰਾਬਰ ਦੇ ਨਾਲ ਹੀ ਹੋ ਸਕਦੀ ਹੈ । ਆਪਣੇ ਨਾਲ਼ੋਂ ਤਕੜੇ ਜਾਂ ਮਾੜੇ ਨਾਲ ਦੋਸਤੀ ਦਾ ਭਰਮ ਤਾਂ ਕਈ ਵਾਰ ਪਾਲਿਆ ਜਾ ਸਕਦਾ ਹੈ ਪਰ ਅਸਲ ਚ ਇਸ ਤਰਾਂ ਦੀ ਅਖੌਤੀ ਦੋਸਤੀ ਪਿੱਛੇ ਸੰਬੰਧਿਤ ਧਿਰਾਂ ਦਾ ਕੋਈ ਨ ਕੋਈ ਸਵਾਰਥ ਹੁੰਦਾ ਹੈ ਜਿਸ ਦੀ ਪੂਰਤੀ ਅਪੂਰਤੀ ਹੋ ਜਾਣ ਤੇ ਸੱਚ ਸੱਤ ਪਰਦੇ ਪਾੜ ਕੇ ਬਾਹਰ ਆਉਂਦਿਆਂ ਛਿਣ ਮਾਤਰ ਵੀ ਨਹੀਂ ਲਗਦਾ । ਅਮੀਰ, ਅਹੁਦੇਦਾਰ, ਨੇਤਾ, ਮੰਤਰੀ ਤੇ ਪੁਲੀਸ ਵਾਲੇ ਨਾਲ ਆਮ ਮਨੁੱਖ ਦੀ ਦੋਸਤੀ ਕਦੇ ਵੀ ਨਹੀਂ ਹੋ ਸਕਦੀ । ਇਕ ਕੁਆਰੇ ਦੀ ਵਿਆਹੇ ਨਾਲ ਤੇ ਇਕ ਬੱਚੇ ਦੀ ਬਜ਼ੁਰਗ ਨਾਲ ਦੋਸਤੀ ਦਾ ਹੋਣਾ ਬਹੁਤ ਹੀ ਅਲੋਕਾਰ ਗੱਲ ਹੋਵੇਗੀ । ਸੱਚੇ ਦੋਸਤ ਦਾ ਮਿਲਣਾ ਕਿਸੇ ਵੀ ਤਰਾਂ ਕਿਸੇ ਬਹੁਤ ਵੱਡੀ ਪ੍ਰਾਪਤੀ ਤੋਂ ਘੱਟ ਨਹੀਂ ਹੁੰਦਾ । ਜੋ ਮਨੁੱਖ ਇਹ ਸਮਝਦਾ ਹੈt ਕਿ ਉਸਦੇ ਬਹੁਤ ਸਾਰੇ ਦੋਸਤ ਹਨ ਅਸਲ ਚ ਉਸ ਦਾ ਇਕ ਵੀ ਸੱਚਾ ਮਿੱਤਰ ਨਹੀਂ ਹੁੰਦਾ । ਭੀੜ ਪੈਣ ‘ਤੇ ਅਜਿਹੇ ਸਭ ਨਕਲੀ ਮਖੌਟੇ ਵਾਲੇ ਮਿੱਤਰ ਤਿੱਤਰ ਬਟੇਰ ਹੋਣ ਲੱਗਿਆ ਇਕ ਪਲ ਵੀ ਨਹੀਂ ਲ਼ਾਉਂਦੇ । ਅੱਜ ਦੀ ਮਹਿੰਗਾਈ ਦੇ ਜ਼ਮਾਨੇ ਚ ਤਾਂ ਵੈਸੇ ਹੀ ਸੱਚਾ ਦੋਸਤ ਲੱਭ ਸਕਣਾ ਬਹੁਤ ਮੁਸ਼ਕਲ ਹੈ । ਸਾਡਾ ਆਲਾ ਦੁਆਲਾ ਏਨਾ ਕੁ ਅਨੈਤਿਕ ਤੇ ਭਿ੍ਰਸਟ ਹੋ ਗਿਆ ਹੈ ਕਿ ਅੱਜ ਹਰ ਕੋਈ ਸੱਚੇ ਦੋਸਤ ਦੇ ਮੇਲ ਲਈ ਤਰਸ ਰਿਹਾ ਹੈ ।
ਆਪਣੀ ਗੱਲ ਨੂੰ ਹੋਰ ਲਮਕਾਉਣ ਦੀ ਬਜਾਏ ਦੋਸਤੀ ਦੀਆ ਇਕ ਦੋ ਉਦਾਹਰਣਾਂ ਦੇ ਕੇ ਸਮਾਪਤ ਕਰਾਂਗਾ । ਇਕ ਵਾਰ ਰੋਮ ਦੇ ਬਾਦਸ਼ਾਹ ਨੇ ਇਕ ਮੁਜਰਮ ਨੂੰ ਪੁੱਛਿਆਂ ਕਿ “ਤੂੰ ਵਾਰ ਵਾਰ ਦੋਸਤੀ ਦਾ ਦਾਅਵਾ ਪੇਸ਼ ਕਰ ਰਿਹਾ ਹੈਂ, ਦਸ ਤੂੰ ਆਪਣੇ ਦੋਸਤ ਵਾਸਤੇ ਕੀ ਕਰ ਸਕਦਾ ਹੈਂ ? “ ਮੈਂ ਆਪਣੇ ਦੋਸਤ ਵਾਸਤੇ ਸਭ ਕੁੱਝ ਕਰ ਸਕਦਾ ਹਾਂ ।” ਮੁਜਰਮ ਨੇ ਬਾਦਸ਼ਾਹ ਨੂੰ ਉੱਤਰ ਦਿੱਤਾ । “ਜੇ ਤੈਨੂੰ ਤੇਰਾ ਮਿੱਤਰ ਕਹੇ ਕਿ ਜਾਹ ਕਿਸੇ ਅਤਿ ਪਵਿੱਤਰ ਜਗਾ ਨੂੰ ਅੱਗ ਲਾ ਕੇ ਆ ਤਾਂ ਕੀ ਤੂੰ ਅਜਿਹਾ ਕਰਨ ਵਾਸਤੇ ਰਾਜ਼ੀ ਹੋ ਜਾਏਂਗਾ ? ਬਾਦਸ਼ਾਹ ਨੇ ਮੁਜਰਮ ਨੂੰ ਅਗਲਾ ਸਵਾਲ ਕੀਤਾ । ਮੁਜਰਮ ਨੇ ਜਵਾਬ ਦਿੱਤਾ ਕਿ, “ਮੈਂ ਆਪਣੇ ਦੋਸਤ ਨੂੰ ਬਹੁਤ ਚੰਗੀ ਤਰਾਂ ਜਾਣਦਾ ਹਾਂ, ਉਹ ਨਾ ਹੀ ਅਜਿਹੀ ਸੋਚ ਰੱਖਦਾ ਹੈ ਤੇ ਨਾ ਹੀ ਅਜਿਹਾ ਕੁੱਝ ਕਦੇ ਆਪ ਕਰੇਗਾ ਤੇ ਨਾ ਹੀ ਮੈਨੂੰ ਇਸ ਤਰਾਂ ਕਰਨ ਵਾਸਤੇ ਆਖੇਗਾ ।” “ ਪਰ ਜੇਕਰ ਤੇਰਾ ਦੋਸਤ ਤੈਨੂੰ ਅਜਿਹਾ ਕਰਨ ਵਾਸਤੇ ਕਹੇ ਤਾਂ ……..!” ਬਾਦਸ਼ਾਹ ਨੇ ਮੁਜਰਮ ਨੂੰ ਫੇਰ ਸਵਾਲ ਕੀਤਾ ਜਿਸ ਦੇ ਜਵਾਬ ਚ ਮੁਜਰਮ ਨੇ ਕਿਹਾ ਕਿ “ ਹਾਂ, ਅਗਰ ਮੇਰੇ ਦੋਸਤ, ਮੈਨੂੰ ਅਜਿਹਾ ਕਰਨ ਵਾਸਤੇ ਕਹਿੰਦਾ ਹੈ ਤਾਂ ਫੇਰ ਮੈਂ ਉਸ ਪਵਿੱਤਰ ਸਥਾਨ ਨੂੰ ਅੱਗ ਲਾ ਦੇਵਾਂਗਾ ।”
ਇਕ ਹੋਰ ਮਿਸਾਲ ਹੈ ਕਿ ਇਕ ਦੋਸਤ ਦਾ ਅੰਤਿਮ ਸਮਾਂ ਆ ਗਿਆ । ਉਸ ਨੇ ਆਪਣੇ ਦੋ ਦੋਸਤਾਂ ਨੂੰ ਆਪਣੇ ਕੋਲ ਬਿਠਾਇਆ । ਉਮਰ ਚ ਵੱਡੇ ਦੋਸਤ ਨੂੰ ਆਪਣੀ ਬੁੱਢੀ ਮਾਂ ਦੀ ਦੇਖ-ਭਾਲ਼ ਕਰਨ ਦੀ ਜਿੰਮੇਵਾਰੀ ਸੌਂਪ ਦਿੱਤੀ ਤੇ ਆਪਣੀ ਧੀ ਦੀ ਦੇਖ ਭਾਲ ਤੇ ਵਿਆਹ ਦੀ ਜ਼ੁੰਮੇਵਾਰੀ ਆਪਣੇ ਤੋਂ ਛੋਟੀ ਉਮਰ ਦੇ ਦੋਸਤ ਨੂੰ ਸੌਂਪ ਦਿੱਤੀ । ਇਕ ਦੋਸਤ ਦੇ ਇਸ ਫ਼ੈਸਲੇ ਦੀ ਲੋਕਾਂ ਨੇ ਬਹੁਤ ਖਿੱਲੀ ਉਡਾਈ, ਬਹੁਤ ਮਖੌਲ ਉਡਾਇਆ ਪਰ ਛੋਟੇ ਦੋਸਤ ਨੇ ਉਸ ਵੇਲੇ ਸਭ ਦਾ ਮੂੰਹ ਬੰਦ ਕਰ ਦਿੱਤਾ ਜਦੋਂ ਆਪਣੀ ਧੀ ਤੇ ਦੋਸਤ ਦੀ ਧੀ ਦੋਹਾ ਦਾ ਹੀ ਇੱਕੋ ਦਿਹਾੜੇ ਆਪਣੀ ਜਾਇਦਾਦ ਦਾ ਕੁੱਝ ਹਿੱਸਾ ਗਹਿਣੇ ਕਰਕੇ ਵਿਆਹ ਕਰ ਦਿੱਤਾ ।
ਉਕਤ ਦੋ ਉਦਾਹਰਣਾਂ ਸਿਰਫ ਦੋਸਤੀ ਦੇ ਅਸਲ ਮਾਅਨੇ ਸਮਝਾਉਣ ਵਾਸਤੇ ਦਿੱਤੀਆਂ ਗਈਆਂ ਹਨ । ਦੋਸਤੀ ਚ ਪਵਿੱਤਰਤਾ ਹੁੰਦੀ ਹੈ । ਦੋਸਤੀ ਚ ਇਕ ਦੂਸਰੇ ਦੀ ਤੁਲਨਾ ਕਰਨ ਦੀ ਰੱਤੀ ਮਾਤਰ ਵੀ ਗੁੰਜਾਇਸ਼ ਨਹੀਂ ਹੁੰਦੀ । ਸੰਕਟ ਵੇਲੇ ਹੀ ਅਸਲੀ ਤੇ ਨਕਲੀ ਦੋਸਤ ਦੀ ਪਹਿਚਾਣ ਹੁੰਦੀ ਹੈ । ਜਦੋਂ ਅਸੀਂ ਡਿਗਦੇ ਹਾਂ ਉਸ ਵੇਲੇ ਹੀ ਪਤਾ ਲਗਦਾ ਹੈ ਕਿ ਕੌਣ ਬਾਂਹ ਫੜਦਾ ਤੇ ਕੌਣ ਮੂੰਹ ਭੂਆਂ ਕੇ ਲੰਘ ਜਾਂਦਾ ਹੈ , ਦੁੱਖ ਚ ਹੁੰਦਿਆੰ ਹੀ ਪਤਾ ਲਗਦਾ ਕਿ ਸਾਡੇ ਦੁੱਖ ਦਾ ਅਸਲ ਅਹਿਸਾਸ ਕਿਸਨੂੰ ਹੈ, ਕੌਣ ਸਾਡੇ ਅੱਥਰੂ ਪੂੰਝਦਾ, ਧਰਵਾਸ ਜਾਂ ਸਹਾਰਾ ਦੇਂਦਾ ਹੈ ।
ਦੋਸਤੀ ਚ ਇਮਾਨਦਾਰੀ, ਰਵਾਦਾਰੀ ਤੇ ਹਮਦਰਦੀ ਦਾ ਹੋਣਾ ਬਹੁਤ ਲਾਜ਼ਮੀ ਹੁੰਦਾ ਹੈ । ਜੇਕਰ ਦੋਸਤੀ ਨਫ਼ੇ ਨੁਕਸਾਨ ਦੀਆਂ ਸੀਮਾਵਾਂ ਤੋਂ ਪਾਰ ਜਾ ਕੇ ਕੀਤੀ ਜਾਵੇ ਤਾਂ ਉਸ ਵਿੱਚ ਨਿਸ਼ਕਾਮਤਾ ਦਾ ਤੱਤ ਰਲ ਜਾਣ ਨਾਲ ਉਹ ਸੋਨੇ ਤੋਂ ਕੁੰਦਨ ਬਣ ਜਾਂਦੀ ਹੈ । ਜੇਕਰ ਇੰਜ ਕਹਿ ਲਿਆ ਜਾਵੇ ਕਿ ਸੱਚਾ ਪਿਆਰ ਹੀ ਦੋਸਤੀ ਹੁੰਦਾ ਹੈ ਤਾਂ ਮੇਰੀ ਜਾਚੇ ਇਹ ਕਿਸੇ ਵੀ ਤਰਾਂ ਗਲਤ ਨਹੀੰ ਹੈ ।
ਪਰ ਅੱਜ ਉਹ ਦੋਸਤ ਜਿਹਨਾ ਦੇ ਬਾਰੇ ਅਰਦਾਸ ਵਿੱਚ ਵੀ ਨਿੱਤ ਕਿਹਾ ਜਾਂਦਾ ਹੈ ਕਿ “ਸੋਈ ਪਿਆਰੇ ਮੇਲ, ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿੱਤ ਆਵੇ ।” ਕਿੰਨੇ ਕੁ ਹਨ, ਇਹ ਅੱਜ ਸਾਡੇ ਸਭਨਾ ਦੇ ਅੱਗੇ ਬਹੁਤ ਵੱਡਾ ਪ੍ਰਸ਼ਨ ਚਿੰਨ੍ਹ ਹੈ । ਆਲੇ ਦਆਲੇ ਝਾਤੀ ਮਾਰਿਆਂ ਅੱਜ ਬੇਸ਼ੱਕ ਬੇਸ਼ੁਕਰਿਆਂ, ਸਵਾਰਥੀਆਂ ਤੇ ਪਦਾਰਥ ਭੋਗੀਆ ਦੀ ਫੌਜ ਹੀ ਨਜ਼ਰ ਆਉਂਦੀ ਹੈ ਪਰ ਆਸ ਦਾ ਲੜ ਘੁੱਟ ਕੇ ਫੜਿਆਂ ਜ਼ਿੰਦਗੀ ਦੀ ਰਵਾਨਗੀ ਦੇ ਚੱਲਦੇ ਕਦੇ ਨ ਕਦੇ ਕੋਈ ਖਰਾ ਦੋਸਤ ਜ਼ਰੂਰ ਮਿਲੇਗਾ ਜਿਸ ‘ਤੇ ਗਰਵ ਕਰਕੇ ਜੀਊਣਾ ਵੀ ਤੇ ਮਰਨਾ ਵੀ ਸਫਲ ਹੋਏਗਾ,ਅਜਿਹੀ ਆਸ ਤੇ ਵਿਸ਼ਵਾਸ ਹਰ ਇਕ ਅੰਦਰ ਹਮੇਸ਼ਾ ਬੱਝੀ ਰਹਿਣੀ ਚਾਹੀਦੀ ਹੈ।
– ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ