(ਸਮਾਜ ਵੀਕਲੀ)
ਹਰ ਮਨੁੱਖ ਨੂੰ ਕੁੱਝ ਰਿਸ਼ਤੇ ਵਿਰਾਸਤ ਵਿੱਚ ਮਿਲਦੇ ਹਨ ਅਤੇ ਕੁੱਝ ਰਿਸ਼ਤੇ ਉਹ ਆਪ ਸਿਰਜਦਾ ਹੈ। ਦੋਸਤੀ ,ਮਨੁੱਖ ਦਾ ਇੱਕ ਆਪ ਸਿਰਜਿਆ ਹੋਇਆ, ਖੂਬਸੂਰਤ ਰਿਸ਼ਤਾ ਹੈ ਅਤੇ ਇਹ ਬਾਕੀ ਰਿਸ਼ਤਿਆਂ ਉੱਤੇ ਹਕੂਮਤ ਕਰਦਾ ਹੈ । ਕਹਿੰਦੇ ਹਨ,ਵਿਸ਼ਵਾਸ਼ ,ਦੋਸਤੀ ਦੀ ਰੂਹ ਹੁੰਦਾ ਹੈ ।ਇਸ ਕਰ ਕੇ ਦੋਸਤੀ ‘ਚ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ।ਸ਼ੱਕ ਹੋਇਆ ਕਿ ਬਸ ਦੋਸਤੀ ਆਹ ਗਈ ,ਔਹ ਗਈ ।
ਆਮ ਤੌਰ ਤੇ ਮਨੁੱਖ ਦੋਸਤੀ ਦਾ ਰਿਸ਼ਤਾ ਤਿੰਨ ਤਰਾਂ ਦੇ ਰਿਸ਼ਤਿਆਂ ਰਾਹੀਂ ਗੰਢਦਾ ਹੈ ,
1)ਦਿਲ ਦਾ ਰਿਸ਼ਤਾ
2) ਕਿਸਮਤ ਦਾ ਰਿਸ਼ਤਾ
3) ਜ਼ੇਬ ( ਪੈਸੇ)ਦਾ ਰਿਸ਼ਤਾ
ਪਹਿਲਾ ਰਿਸ਼ਤਾ ਬ- ਕਮਾਲ਼ ਹੈ ,ਇਹ ਰਿਸ਼ਤਾ ਔਰਤ-ਮਰਦ,ਊਚ- ਨੀਚ,ਜਾਤ- ਪਾਤ,ਅਮੀਰੀ- ਗਰੀਬੀ ,ਧਰਮ ,ਨਸਲ਼ , ਦਾ ਵਿਖਰੇਵਾਂ ਨਹੀਂ ਕਰਦਾ ।ਇਹ ਤੇਰ- ਮੇਰ ਨਿੱਜਤਾ ਅਤੇ ਸਵਾਰਥ ਤੋਂ ਲੱਖਾਂ ਕੋਹਾਂ ਦੂਰ ਹੁੰਦਾ ਹੈ । ਹਰ ਇਨਸ਼ਾਨ ਨੂੰ ਘੱਟੋ – ਘੱਟ ਇੱਕ ਵਾਰੀ ਤਾਂ ਜਰੂਰ ਹੀ ਪ੍ਰਮਾਤਮਾ ਇਹ ਰਿਸ਼ਤਾ ਗੰਢਣ ਦਾ ਮੌਕਾ ਦਿੰਦਾ ਹੈ ,ਉਹ ਵੱਖਰੀ ਗੱਲ ਹੈ ਕਿ ਇਸ ਦੀ ਕਸਵੱਟੀ ਤੇ ਕੋਈ ਵਿਰਲਾ ਟਾਂਵਾ ਹੀ ਪੂਰਾ ਉਤਰਦਾ ਹੈ ।
ਦੂਜਾ ਰਿਸ਼ਤਾ ਕਿਸਮਤ ਨਾਲ਼ ਜੁੜਿਆ ਹੈ ,ਭਾਵੇ ਅਸੀਂ ਸਮਝਦੇ ਹਾਂ ਕਿ ਆਪਣੀ ਕਿਸਮਤ ਮਨੁੱਖ ਆਪਣੇ ਕਰਮਾਂ ਨਾਲ਼ ਆਪ ਘੜਦਾ ਹੈ ਪਰ ਦੋਸਤੀ ਦੇ ਰਿਸ਼ਤੇ ਵਿੱਚ ਇਹ ਬਾ- ਕਮਾਲ ਤੱਥ ਹੈ ਕਿ ਕਿਸਮਤ ਵੀ ਆਪਣਾ ਇੱਕ ਵੱਖਰਾ ਖੇਲ਼ ਖੋਲਦੀ ਹੈ ਤੇ ਜਿਸ ਵੀ ਇਨਸਾਨ ਨੂੰ ਕਿਸਮਤ ਨਾਲ਼ ਇੱਕ ਸੱਚਾ ਦੋਸਤ ਮਿਲ ਜਾਵੇ ਉਸ ਨੂੰ ਫਿਰ ਕਿਸੇ ਗ਼ਮ ਦੀ ਫਿਕਰ ਨਹੀਂ ਰਹਿੰਦੀ। ਇਹ ਰਿਸ਼ਤਾ ਕਿਸਮਤ ਵਾਲਿਆਂ ਨੂੰ ਹੀ ਮਿਲਦਾ ਹੈ।
ਤੀਜਾ ਤੇ ਜਿਸ ਦੀ ਲਿਸਟ ਸਭ ਤੋਂ ਲੰਬੀ ਹੈ ਉਹ ਹੈ ਜ਼ੇਬ ਦਾ ਰਿਸ਼ਤਾ ਅੱਜ ਕੱਲ ਇਸੇ ਰਿਸ਼ਤੇ ਦੀ ਭਰਮਾਰ ਹੈ। ਜੇ਼ਬ ਦੇ ਜ਼ੋਰ ਰਾਹੀਂ ਤੁਸੀਂ ਜਿੰਨੇ ਮਰਜ਼ੀ ਦੋਸਤ ਬਣਾ ਲੋ ।ਇਹ ਰਿਸ਼ਤਾ ਮਤਲਵ ਪ੍ਰਸ਼ਤੀ ਅਤੇ ਹਿੱਤ ਪਾਲਣ ਦੀ ਨਿਉਂ ਤੇ ਟਿਕਿਆ ਹੁੰਦਾ ਹੈ ਇਸ ਦੀ ਉਮਰ ਤੁਹਾਡੀ ਜੇ਼ਬ ਦੇ ਹੌਲ਼ੇ ਹੋਣ ਨਾਲ਼ ਹੀ ਖਤਮ ਹੋ ਜਾਂਦੀ ਹੈ।
ਯਾਦ ਰੱਖੋ ਦੋਸਤੀ ‘ ਚ ਹਿੱਤ ਨਹੀਂ ਪਲ ਸਕਦੇ,ਹਿੱਤਾਂ ਦੀ ਕੁਰਬਾਨੀ ਦੇਣੀ ਪੈਂਦੀ ਹੈ ।ਪਰ ਜਿੱਥੇ ਪਹਿਲਾਂ ਹਿੱਤ ਆਣ ਖਲੋਣ ਉਥੋਂ ਦੋਸਤੀ ਪੱਲੂ ਬਚਾ ਕੇ ਲੰਘਦੀ ਹੈ ।ਇੱਕ ਸਿਆਣੇ ਪਰ ਗੰਭੀਰ ਬੰਦੇ ਦੇ ਦੋਸਤਾਂ ਦੀ ਲਿਸਟ ਬਹੁਤੀ ਲੰਬੀ ਨਹੀਂ ਹੋ ਸਕਦੀ।
ਜਗਸੀਰ ਸਿੰਘ ‘ਝੁੰਬਾ ‘
ਅੰਗਰੇਜ਼ੀ ਮਾਸਟਰ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly