ਦੇਹੀ ਜਾਤਿ ਨ ਆਗੈ ਜਾਏ

(ਸਮਾਜ ਵੀਕਲੀ)

ਅਸੀਂ ਆਪਣੀ ਦੇਹ ਨੂੰ ਸ਼ਿੰਗਾਰਨ ਲਈ ਕੋਈ ਵੀ ਕਸਰ ਨਹੀਂ ਛੱਡਦੇ। ਆਪਣੀ ਹੈਸੀਅਤ ਤੋਂ ਕਿਤੇ ਵੱਧਕੇ ਵਧੀਆ ਕੱਪੜੇ , ਬੂਟ , ਇੱਤਰ ਫ਼ੁਲੇਲ , ਐਨਕ ਆਦਿ ਹਰ ਢੰਗ ਅਪਣਾਉਂਦੇ ਹਾਂ। ਥਾਂ ਥਾਂ ਖੁੱਲੇ ਬਿਊਟੀ ਪਾਰਲਰ ਸਾਡੀ ਮਾਨਸਿਕਤਾ ਨੂੰ ਦਰਸਾਉਂਦੇ ਹਨ। ਅਸੀਂ ਆਪਣੇ ਖਾਣ ਪੀਣ ਨਾਲੋਂ ਜਿਆਦਾ ਆਪਣੀ ਦੇਹ ਨੂੰ ਸਜਾਉਣ ਲਈ ਧਿਆਨ ਦਿੰਦੇ ਹਾਂ। ਅਸੀਂ ਸੀਰਤ ਨਾਲੋਂ ਸੂਰਤ ਨੂੰ ਤਰਜੀਹ ਦਿੰਦੇ ਹਾਂ। ਰੁਪਇਆਂ ਦੀ ਮਸਤੀ ਵਿੱਚ ਬਰੈਂਡਡ ਕੱਪੜਿਆਂ ਵਿੱਚ ਲਿਸ਼ਕਦੇ ਸੋਨੇ ਨਾਲ ਲੱਦੇ ਜੀਵਾਂ ਦੇ ਮੁੱਖ ਵਿੱਚੋਂ ਜਦੋਂ ਅਪਸ਼ਬਦ , ਅਸੱਭਿਅਕ ਬੋਲ , ਕ੍ਰੋਧ ਤੇ ਹੰਕਾਰ ਆਦਿ ਵਿਕਾਰਾਂ ਦੀ ਬਦਬੂ ਆਉਂਦੀ ਹੈ ਤਾਂ ਸਮਝ ਲਓ ਇਸ ਅੰਦਰ ਅੱਗ ਦੇ ਭਾਂਬੜ ਮੱਚ ਰਹੇ ਹਨ ਤੇ ਅੱਗ ਇੰਨੀ ਵੱਧ ਗਈ ਹੈ ਜੋ ਮੂੰਹ ਰਾਹੀਂ ਨਿੱਕਲ ਰਹੀ ਹੈ। ਭਾਵੇਂ ਦੇਹ ਨੂੰ ਜਿੰਨਾਂ ਮਰਜ਼ੀ ਸ਼ਿੰਗਾਰ ਲਈਏ ਪਰ ਜੇ ਈਰਖਾ ਚੁਗਲੀ ਨਿੰਦਾ ਦੇ ਚੁੰਗਲ ਵਿੱਚ ਫਸੇ ਰਹੇ ਤਾਂ ਸਾਡਾ ਮਨ ਅੱਗ ਦੀਆਂ ਲਾਟਾਂ ਵਾਂਗ ਮੱਚਦਾ ਰਹੇਗਾ , ਸ਼ੀਤਲਤਾ ਰੂਹਾਨੀਅਤ ਦੇ ਰਸਤੇ ਤੇ ਹੀ ਸੰਭਵ ਹੈ ਜੋ ਕੇਵਲ ਤੇ ਕੇਵਲ ਸੱਚੇ ਗੁਰੂ ਦੇ ਲੜ ਲੱਗ ਕੇ ਹੀ ਸੰਭਵ ਹੈ ‐–‐–

ਜੀਅੜਾ ਅਗਨਿ ਬਰਾਬਰਿ ਤਪੈ ਭੀਤਰਿ ਵਗੈ ਕਾਤੀ।।
ਪ੍ਰਣਵਤਿ ਨਾਨਕੁ ਹੁਕਮੁ ਪਛਾਣੈ ਸੁਖੁ ਹੋਵੈ ਦਿਨੁ ਰਾਤੀ।।
( ਮ ੧ , ਅੰਗ ੧੫੬ )

ਸਭ ਜੀਵਾਂ ਅੰਦਰ ਇਕੋ ਪਰਮਾਤਮਾ ਦੀ ਜੋਤ ਹੈ ਜਾਤ ਮਜ਼ਬ ਮਨੁੱਖ ਨੇ ਬਣਾਏ ਹਨ। ਗੁਰੂ ਗੋਬਿੰਦ ਸਿੰਘ ਜੀ ਸਾਨੂੰ ਬਖ਼ਸ਼ਿਸ਼ ਕਰਦੇ ਹਨ —-‐–

ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ
(ਪਾ.੧੦,ਅਕਾਲ ਉਸਤਤਿ॥੧੫॥੮੫॥)

ਸਾਡੀ ਦੇਹ ਛੱਡਣ ਸਮੇਂ ਕੋਈ ਵੀ ਦ੍ਰਿਸ਼ਟਮਾਨ ਪਦਾਰਥ ਸਾਡੇ ਨਾਲ ਨਹੀਂ ਜਾਣਾ , ਸਾਡੀ ਦੇਹ ਨੂੰ ਵੀ ਚਿਤਾ ਤੇ ਜਲਾ ਦਿੱਤਾ ਜਾਵੇਗਾ , ਮਿੱਟੀ ਅੰਦਰ ਦੱਬ ਦਿੱਤਾ ਜਾਵੇਗਾ ਜਾਂ ਪਾਣੀ ਆਦਿ ਵਿੱਚ ਵਹਾ ਦਿੱਤਾ ਜਾਵੇਗਾ। ਜੇ ਦੇਹ ਨਾਲ ਨਹੀਂ ਜਾ ਸਕਦੀ ਤਾਂ ਉੱਚੀ ਜਾਤ ਕਿਵੇਂ ਜਾ ਸਕਦੀ ਹੈ —‐–

ਦੇਹੀ ਜਾਤਿ ਨ ਆਗੈ ਜਾਏ।।
ਜਿਥੈ ਲੇਖਾ ਮੰਗੀਐ ਤਿਥੈ ਛੁਟੈ ਸਚੁ ਕਮਾਏ।।
( ਮ ੩ , ਅੰਗ ੧੧੨ )

ਉੱਚੀ ਜਾਤ ਦਾ ਅਹੰਕਾਰ ਸਾਡੇ ਅੰਦਰ ਵਿਕਾਰ ਪੈਦਾ ਕਰਦਾ ਹੈ , ਗੁਰਬਾਣੀ ਅੰਦਰ ਜਾਤ ਦਾ ਅਹੰਕਾਰ ਕਰਨ ਵਾਲੇ ਨੂੰ ਮੂਰਖ ਕਿਹਾ ਗਿਆ ਹੈ ਕਿਉਕਿ ਇਹ ਹਉਮੈ ਸਾਡੇ ਮਨ ਨੂੰ ਬਹੁਤ ਥੱਲੇ ਲੈ ਜਾਂਦੀ ਹੈ —–

ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ।।
ਇਸ ਗਰਬ ਤੇ ਚਲਹਿ ਬਹੁਤੁ ਵਿਕਾਰਾ।।
( ਮ ਤ , ਅੰਗ ੧੧੨੭)

ਜੇ ਕਿਸੇ ਨੂੰ ਰਾਜ ਭਾਗ , ਧੰਨ ਦੌਲਤ , ਸੁੰਦਰ ਦੇਹੀ , ਭਰ ਜੁਆਨੀ ਤੇ ਉੱਚੀ ਜਾਤ ਆਦਿ ਦੀ ਬਖ਼ਸ਼ਿਸ਼ ਹੋਈ ਹੈ ਤਾਂ ਇਸ ਨੂੰ ਭੋਗਣ ਵਿੱਚ ਕੋਈ ਬੁਰਾਈ ਨਹੀਂ ਹੈ , ਨਿਮਰਤਾ ਵਿੱਚ ਰਹਿ ਕੇ ਦੂਸਰਿਆਂ ਨੂੰ ਖ਼ੁਸ਼ੀਆਂ ਦੇ ਕੇ ਅਸੀਂ ਅਸੀਸਾਂ ਦੁਆਵਾਂ ਇਕੱਠੀਆਂ ਕਰ ਸਕਦੇ ਹਾਂ। ਜਦੋਂ ਸਾਡੇ ਅੰਦਰ ਉੱਚੀ ਜਾਤ , ਰਾਜ ਭਾਗ, ਧੰਨ ਦੌਲਤ , ਸੁੰਦਰ ਦੇਹੀ ਤੇ ਜੁਆਨੀ ਦੇ ਨਸ਼ੇ ਦਾ ਹਉਮੈ ਅਹੰਕਾਰ ਚੜ੍ਹ ਜਾਂਦਾ ਹੈ ਤਾਂ ਇਹ ਪੰਜੇ ਠੱਗ ਸਾਡੇ ਵਿਨਾਸ਼ ਦਾ ਕਾਰਣ ਬਣਦੇ ਹਨ —–

ਰਾਜੁ ਮਾਲੁ ਰੂਪੁ ਜਾਤਿ ਜੋਬਨੁ ਪੰਜੇ ਠਗ।।
ਏਨੀ ਠਗੀਂ ਜਗੁ ਠਗਿਆ ਕਿਨੈ ਨ ਰਖੀ ਲਜ।।
( ਮ ੧ , ੧੨੮੮ )

ਜਿਹੋ ਜਿਹੇ ਅਸੀਂ ਕਰਮ ਕਰਦੇ ਹਾਂ ਉਸੇ ਅਨੁਸਾਰ ਸਾਡਾ ਹਿਸਾਬ ਕਿਤਾਬ ਹੋਣਾ। ਸਾਨੂੰ ਇਕ ਇਕ ਸਵਾਸ ਦਾ ਲੇਖਾ ਦੇਣਾ ਪੈਣਾ। ਉੱਚੀ ਜਾਤ ਪਾਤ ਤੇ ਸੁੰਦਰ ਦੇਹੀ ਨੂੰ ਕਿਸੇ ਨੇ ਨਹੀਂ ਪੁੱਛਣਾ ਸਾਡਾ ਨਬੇੜਾ ਕੀਤੇ ਕਰਮਾਂ ਤੇ ਹੋਣਾ। ਸੋ ਜਾਤ ਪਾਤ ਹਉਮੈ ਹੰਕਾਰ ਦਾ ਤਿਆਗ ਕਰ ਸੱਚੇ ਗੁਰੂ ਜੀ ਦੀ ਸ਼ਰਨ ਵਿੱਚ ਜਾਈਏ —‐-

ਆਗੈ ਜਾਤਿ ਰੂਪੁ ਨ ਜਾਇ।।
ਤੇਹਾ ਹੋਵੈ ਜੇਹੇ ਕਰਮ ਕਮਾਇ।।
( ਮ ੩ , ਅੰਗ ੩੬੩ )

ਗੁਰਬਾਣੀ ਅਨੁਸਾਰ ਸਾਰਿਆਂ ਜੀਵਾਂ ਅੰਦਰ ਇੱਕੋ ਵਾਹਿਗੁਰੂ ਜੀ ਦੀ ਜੋਤ ਹੈ , ਸਾਨੂੰ ਜੋਤ ਦੀ ਪਹਿਚਾਣ ਕਰਨੀ ਚਾਹੀਦੀ ਹੈ ਨਾ ਕਿ ਜਾਤ ਪਾਤ ਪੁੱਛਣੀ ਚਾਹੀਦੀ ਹੈ ਕਿਉਂਕਿ ਜਾਤ ਪਾਤ ਮਰਨ ਤੋਂ ਬਾਅਦ ਅੱਗੇ ਨਹੀਂ ਜਾਂਦੀ ——

ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ।।
( ਮ ੫ , ੩੪੯ )

ਭਗਤ ਬਾਬਾ ਨਾਮਦੇਵ ਜੀ ਉਸ ਸਮੇਂ ਸਮਝੀ ਜਾਂਦੀ ਨੀਵੀਂ ਜਾਤ ਛੀਂਬਾ ਵਿੱਚ ਜਨਮੇ ਪਰ ਸਿਮਰਨ ਪ੍ਰਭੂ ਭਗਤੀ ਨੇ ਉਹਨਾਂ ਨੂੰ ਲੱਖਾਂ ਦਾ ਬਣਾ ਦਿੱਤਾ —–

ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ।।
ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ।।

( ਮ ੫ , ਅੰਗ ੪੮੭ )

ਭਗਤ ਕਬੀਰ ਜੀ ਓਸ ਸਮੇਂ ਸਮਝੀ ਜਾਂਦੀ ਨੀਚ ਜਾਤ ਜੁਲਾਹਾ ਵਿੱਚ ਜਨਮੇ ਪਰ ਪ੍ਰਭੂ ਪ੍ਰੇਮ ਭਗਤੀ ਨਾਲ ਅਕਾਲ ਪੁਰਖ ਰੂਪ ਹੋ ਗਏ ——

ਬੁਨਨਾ ਤਨਨਾ ਤਿਆਗਿ ਕੈ ਪ੍ਰੀਤਿ ਚਰਨ ਕਬੀਰਾ।।
ਨੀਚ ਕੁਲਾ ਜੋਲਾਹਰਾ ਭਇਓ ਗੁਨੀਯ ਗਹੀਰਾ।।
( ਮ ੫ , ਅੰਗ ੪੮੭ )

ਭਗਤ ਰਵਿਦਾਸ ਜੀ ਓਸ ਸਮੇਂ ਸਮਝੀ ਜਾਂਦੀ ਨੀਚ ਚਮਾਰ ਜਾਤੀ ਵਿੱਚ ਜਨਮੇ ਪਰ ਸਿਮਰਨ ਪ੍ਰਭੂ ਪਿਆਰ ਭਗਤੀ ਨਾਲ ਅਕਾਲ ਪੁਰਖ ਨੂੰ ਪ੍ਰਵਾਨ ਹੋਏ —–

ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ।।
ਪਰਗਟੁ ਹੋਆ ਸਾਧਸੰਗਿ ਹਰਿ ਦਰਸਨੁ ਪਾਇਆ।।
( ਮ ੫ , ਅੰਗ ੪੮੭)

ਭਗਤ ਸੈਣ ਜੀ ਨਾਈ ਜਾਤ ਵਿੱਚ ਜਨਮੇ , ਸਿਮਰਨ ਪ੍ਰਭੂ ਭਗਤੀ ਰੱਬੀ ਪ੍ਰੇਮ ਨਾਲ ਵਾਹਿਗੁਰੂ ਜੀ ਨਾਲ ਇੱਕ ਮਿੱਕ ਹੋਏ —-

ਸੈਨੁ ਨਾਈ ਬੁਤਕਾਰੀਆ ਓਹੁ ਘਰਿ ਘਰਿ ਸੁਨਿਆ।।
ਹਿਰਦੇ ਵਸਿਆ ਪਾਰਬ੍ਰਹਮੁ ਭਗਤਾ ਮਹਿ ਗਨਿਆ।।
( ਮ ੫ , ਅੰਗ ੪੮੭)

ਸਾਡੇ ਨਾਲ ਕੇਵਲ ਤੇ ਕੇਵਲ ਨਾਮ ਨੇ ਜਾਣਾ ਹੈ। ਕੀਤੇ ਦਾਨ ਪੁੰਨ , ਸਿਮਰਨ ਬੰਦਗੀ ਤੇ ਨੇਕ ਭਲੇ ਕੰਮ ਸਹਾਈ ਹੋਣਗੇ। ਸੋ ਜਾਤਾਂ ਪਾਤਾਂ ਮਜ਼ਬਾਂ ਦੇ ਚੁੰਗਲ ਤੋਂ ਆਜ਼ਾਦ ਹੋ ਕੇ ਵਾਹਿਗੁਰੂ ਜੀ ਦੀ ਸ਼ਰਨ ਵਿੱਚ ਪ੍ਰਭੂ ਭਗਤੀ ਸਿਮਰਨ ਨੇਕ ਕਮਾਈ ਕਰੀਏ ਤੇ ਨਾਮ ਧਨ ਇਕੱਠਾ ਕਰੀਏ ਜੋ ਲੋਕ ਪ੍ਰਲੋਕ ਸਹਾਈ ਹੈ ——

ਏਕੋ ਨਿਹਚਲ ਨਾਮ ਧਨੁ ਹੋਰੁ ਧਨੁ ਆਵੈ ਜਾਇ।।
ਇਸੁ ਧਨ ਕਉ ਤਸਕਰੁ ਜੋਹਿ ਨ ਸਕਈ ਨ ਓਚਕਾ ਲੈ ਜਾਇ।।
ਇਹੁ ਹਰਿ ਧਨੁ ਜੀਐ ਸੇਤੀ ਰਵਿ ਰਹਿਆ ਜੀਐ ਨਾਲੇ ਜਾਇ।।
( ਮ ੩ ਅੰਗ ੫੧੧ )

ਪਰਮਾਤਮਾ ਦਾ ਸਿਮਰਨ ਸਭ ਤੋਂ ਉੱਚਾ ਹੈ। ਵਾਹਿਗੁਰੂ ਜੀ ਦੇ ਸਿਮਰਨ ਨਾਲ ਹੀ ਅਸੀਂ ਉੱਚੇ ਹਾਂ। ਪਰਮਾਤਮਾ ਦੇ ਸਿਮਰਨ ਨਾਲ ਜੁੜਕੇ ਹੀ ਅਸੀਂ ਉੱਚੇ , ਧਨਵਾਨ, ਇੱਜਤ ਵਾਲੇ ਹਾਂ ਤੇ ਮਾਲਕ ਦੇ ਦਰ ਤੇ ਪ੍ਰਵਾਨ ਹੁੰਦੇ ਹਾਂ , ਵਾਹਿਗੁਰੂ ਜੀ ਦੇ ਸਿਮਰਨ ਨਾਲ ਮਨ ਦੀ ਮੈਲ ਉਤਰਦੀ ਹੈ ਤੇ ਸੱਚਾ ਨਾਮ ਦਿਲ ਵਿੱਚ ਵਸ ਜਾਂਦਾ ਹੈ , ਸੁਖਮਨੀ ਸਾਹਿਬ ਜੀ ਦਾ ਫੁਰਮਾਨ ਹੈ —

ਪ੍ਰਭ ਕਾ ਸਿਮਰਨੁ ਸਭ ਤੇ ਊਚਾ।।

ਪ੍ਰਭ ਕੈ ਸਿਮਰਨਿ ਮਨ ਕੀ ਮਲੁ ਜਾਇ।।
ਅੰਮ੍ਰਿਤ ਨਾਮੁ ਰਿਦ ਮਾਹਿ ਸਮਾਇ।।

ਪ੍ਰਭ ਕਉ ਸਿਮਰਹਿ ਸੇ ਧਨਵੰਤੇ।।
ਪ੍ਰਭ ਕਉ ਸਿਮਰਹਿ ਸੇ ਪਤਿਵੰਤੇ।।
ਪ੍ਰਭਿ ਕਉ ਸਿਮਰਹਿ ਸੇ ਜਨ ਪਰਵਾਨ॥
ਪ੍ਰਭਿ ਕਉ ਸਿਮਰਹਿ ਸੇ ਪੁਰਖੁ ਪ੍ਰਧਾਨ ॥
( ਮ ੫ , ਅੰਗ ੨੬੩ )

ਗੁਰਬਾਣੀ ਅਨੁਸਾਰ ਜੀਵਨ ਢਾਲ ਕੇ ਰੂਹਾਨੀਅਤ ਦੇ ਮਾਰਗ ਤੇ ਚੱਲ ਕੇ ਪੂਰੇ ਗੁਰੂ ਜੀ ਦੀ ਦਇਆ ਮਿਹਰ ਬਖ਼ਸ਼ਿਸ਼ ਨਾਲ ਹੀ ਅਸੀਂ ਸੱਚੇ ਸ਼ਬਦ ਨਾਮ ਨਾਲ ਜੁੜ ਸਕਦੇ ਹਾਂ। ਵਾਹਿਗੁਰੂ ਜੀ ਸੁਮੱਤ ਬਖ਼ਸ਼ਣ, ਆਪਣੀ ਸ਼ਰਣ ਵਿੱਚ ਲੈਣ ਦੀ ਕ੍ਰਿਪਾਲਤਾ ਕਰਨ ਤੇ ਨਾਮ ਬਾਣੀ ਦੀ ਬਖ਼ਸ਼ਿਸ਼ ਕਰਨ —–

ਸਬਦੇ ਊਚੋ ਊਚਾ ਹੋਇ।।
ਨਾਨਕ ਸਾਚਿ ਸਮਾਵੈ ਸੋਇ।।
( ਮ ੩ , ਅੰਗ ੩੬੩ )

ਇਕਬਾਲ ਸਿੰਘ ਪੁੜੈਣ
ਲੈਕਚਰਾਰ ਕਮਰਸ
8872897500

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗਜ਼ਲ
Next articleਗੀਤ