ਨਵੀਂ ਦਿੱਲੀ (ਸਮਾਜ ਵੀਕਲੀ) : ਕਰੋਨਾ ਮਹਾਮਾਰੀ ਕਰਕੇ ਆਮ ਕਾਰੋਬਾਰੀ ਸਰਗਰਮੀਆਂ ’ਚ ਪਏ ਵਿਘਨ ਦੇ ਮੱਦੇਨਜ਼ਰ ਜੂਨ ਮਹੀਨੇ ਵਿੱਚ ਭਾਰਤ ਦਾ ਸਨਅਤੀ ਉਤਪਾਦਨ 16.6 ਫੀਸਦ ਤਕ ਡਿੱਗ ਗਿਆ। ਇਹ ਖੁਲਾਸਾ ਸਰਕਾਰ ਵੱਲੋਂ ਜਾਰੀ ਅੰਕੜਿਆ ਤੋਂ ਹੋਇਅਾ ਹੈ। ਅੰਕੜਾ ਤੇ ਪ੍ਰੋਗਰਾਮ ਨੂੰ ਅਮਲ ਵਿੱਚ ਲਿਆਉਣ ਨਾਲ ਸਬੰਧਤ ਮੰਤਰਾਲੇ ਵੱਲੋਂ ਜਾਰੀ ਡੇਟਾ ਮੁਤਾਬਕ ਉਤਪਾਦਨ, ਮਾਈਨਿੰਗ, ਪਾਵਰ ਜਨਰੇਸ਼ਨ, ਕੈਪੀਟਲ ਗੁਡਜ਼ ਤੇ ਕੰਜ਼ਿਊਮਰ ਡਿਊਰੇਬਲਜ਼ ਸਮੇਤ ਕੁਝ ਹੋਰਨਾਂ ਸੈਕਟਰਾਂ ਵਿੱਚ ਕਾਰਖਾਨਿਆਂ ਦੇ ਉਤਪਾਦਨ ਵਿੱਚ ਕਮੀ ਆਈ ਹੈ।
ਪਿਛਲੇ ਸਾਲ ਜੂਨ ਵਿੱਚ ਸਨਅਤੀ ਉਤਪਾਦ ਦਾ ਸੂਚਕਾਂਕ 1.3 ਫੀਸਦ ਵਧਿਆ ਫੁਲਿਆ ਸੀ। ਉਂਜ ਤਸੱਲੀ ਵਾਲੀ ਗੱਲ ਇਹ ਹੈ ਕਿ ਆਈਆਈਪੀ ਅਪਰੈਲ ਤੋਂ ਜੂਨ ਮਹੀਨੇ ਦੌਰਾਨ ਉੱਪਰ ਨੂੰ ਹੀ ਚੜ੍ਹਿਆ ਹੈ। ਅਪਰੈਲ ਵਿੱਚ ਆਈਆਈਪੀ 53.6, ਮਈ ’ਚ 89.5 ਤੇ ਜੂਨ ਵਿੱਚ 107.8 ਸੀ। ਅੰਕੜਿਆਂ ਮੁਤਾਬਕ ਉਤਪਾਦਨ ਸੈਕਟਰ ਦੀ ਪ੍ਰੋਡਕਸ਼ਨ 17.1 ਫੀਸਦ ਜਦੋਂਕਿ ਮਾਈਨਿੰਗ ਤੇ ਪਾਵਰ ਸੈਕਟਰ ਦੇ ਉਤਪਾਦਨ ਵਿੱਚ ਕ੍ਰਮਵਾਰ 19.8 ਤੇ 10 ਫੀਸਦ ਦਾ ਨਿਘਾਰ ਆਇਆ ਹੈ। ਸਰਕਾਰ ਵੱਲੋਂ ਜਾਰੀ ਬਿਆਨ ਮੁਤਾਬਕ ਆਈਆਈਪੀ ਅੰਕੜੇ ਨੂੰ ਮਹਾਮਾਰੀ ਸ਼ੁਰੂ ਹੋਣ ਤੋਂ ਪਹਿਲਾਂ ਦੇ ਸਮੇਂ ਨਾਲ ਨਹੀਂ ਮੇਲਿਆ ਜਾ ਸਕਦਾ ਹੈ।