ਦੇਸ਼ ਭਰ ’ਚੋਂ ਅੰਮ੍ਰਿਤਸਰ ’ਚ ਹੁੰਦੇ ਨੇ ਸਭ ਤੋਂ ਵੱਧ ਸੜਕ ਹਾਦਸੇ

ਲੁਧਿਆਣਾ- ਹਰ ਸਾਲ ਵੱਖ-ਵੱਖ ਸੜਕ ਹਾਦਸਿਆਂ ਵਿੱਚ 350 ਲੋਕਾਂ ਦੀਆਂ ਮੌਤਾਂ ਦੇ ਨਾਲ ਲੁਧਿਆਣਾ ਅਸੁਰੱਖਿਅਤ ਸ਼ਹਿਰਾਂ ਵਿੱਚ ਮੁਲਕ ਭਰ ਵਿਚੋਂ ਦੂਜੇ ਸਥਾਨ ’ਤੇ ਪੁੱਜ ਗਿਆ ਹੈ ਜਦਕਿ ਇਸ ਤੋਂ ਵੀ ਵੱਧ ਮੌਤਾਂ ਨਾਲ ਪਹਿਲੀ ਥਾਂ ’ਤੇ ਅੰਮ੍ਰਿਤਸਰ ਹੈ। ਸੇਫ਼ ਕਮਿਊਨਿਟੀ ਫਾਊਂਡੇਸ਼ਨ ਦੇ ਮੁਖੀ ਤੇ ਕੌਮੀ ਸੜਕ ਸੁਰੱਖਿਆ ਪਰਿਸ਼ਦ ਦੇ ਮੈਂਬਰ ਡਾ. ਕਮਲ ਸੋਈ ਨੇ ਦੱਸਿਆ ਕਿ ਸੜਕ ਹਾਦਸਿਆਂ ’ਚ ਹੋਣ ਵਾਲੀਆਂ ਮੌਤਾਂ ਦੇ ਮਾਮਲੇ ’ਚ ਦੇਸ਼ ਵਿਚ ਲੁਧਿਆਣਾ ਦੂਸਰੇ ਨੰਬਰ ’ਤੇ ਹੈ। ਹਰ ਸਾਲ 350 ਲੋਕਾਂ ਦੀ ਮੌਤ ਹੁੰਦੀ ਹੈ ਅਤੇ 500 ਤੋਂ ਜ਼ਿਆਦਾ ਲੋਕ ਗੰਭੀਰ ਰੂਪ ’ਚ ਜ਼ਖਮੀ ਹੁੰਦੇ ਹਨ। ਡਾ. ਸੋਈ ਨੇ ਕਿਹਾ ਕਿ ਲੁਧਿਆਣਾ ਟਰੈਫਿਕ ਜਾਮ ਜਾਂ ਹਾਦਸਿਆਂ ਦੇ ਸ਼ਹਿਰ ਵੱਜੋਂ ਜਾਣਿਆ ਜਾਣ ਲੱਗਾ ਹੈ। ਜਾਮ ਕਾਰਨ ਲਗਭਗ 500 ਕਰੋੜ ਰੁਪਏ ਦਾ ਵਿੱਤੀ ਨੁਕਸਾਨ ਵੀ ਆਮ ਲੋਕਾਂ ਨੂੰ ਝੱਲਣਾ ਪੈਂਦਾ ਹੈ। ਸੜਕ ਹਾਦਸਿਆਂ ਦੇ ਕਾਰਨਾਂ ਵਿਚ ਖਰਾਬ ਸੜਕਾਂ ਤੇ ਬੁਨਿਆਦੀ ਢਾਂਚੇ ’ਚ ਕਮੀਆਂ ਮੁੱਖ ਕਾਰਨ ਹਨ। ਇਸ ਤੋਂ ਇਲਾਵਾ ਬਿਨਾਂ ਕਿਸੇ ਯੋਜਨਾ ਬਣਾਏ ਸੜਕੀ ਕੱਟ, ਡਿਵਾਈਡਰ ਲਈ ਥਾਂ ਦੀ ਘਾਟ, ਕਰਾਸ ਟਰੈਫ਼ਿਕ, ਵਾਹਨਾਂ ਦਾ ਲਾਈਨਾਂ ਵਿੱਚ ਨਾ ਚੱਲਣਾ, ਜਗਰਾਉਂ ਫ਼ਲਾਈਓਵਰ, ਗਿੱਲ ਫ਼ਲਾਈਓਵਰ ਤੇ ਹੋਰਨਾਂ ਥਾਵਾਂ ਉੱਤੇ ਲੋੜੀਂਦੀਆਂ ਆਵਾਜਾਈ ਤਕਨੀਕਾਂ ਦਾ ਪਾਲਣ ਯਕੀਨੀ ਨਾ ਬਣਾਉਣਾ ਤੇ ਡਿਵਾਈਡਰ ਘੱਟ ਹੋਣਾ ਵੀ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ’ਚ ਕ੍ਰੈਸ਼ ਬੈਰੀਅਰ ਦੀ ਜਗ੍ਹਾ ਵੱਡੇ ਕੰਕਰੀਟ ਬਲਾਕ ਰੱਖ ਦਿੱਤੇ ਜਾਂਦੇ ਹਨ। ਇਨ੍ਹਾਂ ’ਚ ਚਾਹੇ ਕਾਰ ਵੱਜੇ ਜਾਂ ਫਿਰ ਦੁਪਹੀਆ ਵਾਹਨ, ਮੌਤਾਂ ਹੁੰਦੀਆਂ ਹਨ। ਤੇਜ਼ ਰਫ਼ਤਾਰ ਵੀ ਹਾਦਸਿਆਂ ਦਾ ਕਾਰਨ ਹੈ ਤੇ ਟਰੈਫਿਕ ਪੁਲੀਸ ਨੂੰ ਹੋਰ ਚੌਕਸੀ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਅੱਜ ਤੱਕ ਸੜਕ ਸੁਰੱਖਿਆ ਦਾ ਆਡਿਟ ਨਹੀਂ ਕੀਤਾ ਗਿਆ ਹੈ ਤੇ ਗ਼ੈਰ-ਯੋਜਨਾਬੱਧ ਢੰਗ ਨਾਲ ਸੜਕਾਂ ਬਣਾਈਆਂ ਜਾ ਰਹੀਆਂ ਹਨ। ਸੋਈ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਨੇ ‘ਮਿਸ਼ਨ ਸੇਫ਼ ਲੁਧਿਆਣਾ’ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਸਥਿਤੀ ਸੁਧਾਰਨ ਲਈ ਪੁਲੀਸ, ਪ੍ਰਸ਼ਾਸਨ ਤੇ ਨਾਗਰਿਕਾਂ ਦਾ ਸਹਿਯੋਗ ਲਿਆ ਜਾਵੇਗਾ।

Previous articleUS issues travel alert for Israel, Palestine
Next articleਮੀਂਹ ਨਾਲ ਕਣਕ ਅਤੇ ਹੋਰ ਫ਼ਸਲਾਂ ਨੂੰ ਰਾਹਤ