ਨਵੀਂ ਦਿੱਲੀ: ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਹੇਠ ਅੱਜ ਮੰਤਰੀਆਂ ਦੇ ਗਰੁੱਪ (ਜੀਓਐੱਮ) ਦੀ ਮੀਟਿੰਗ ਹੋਈ ਜਿਸ ’ਚ ਕਰੋਨਾਵਾਇਰਸ ਤੋਂ ਪੀੜਤ ਲੋਕਾਂ ਦੇ ਇਲਾਜ ਅਤੇ ਦੇਸ਼ ਭਰ ’ਚ ਪੈਟਰੋਲੀਅਮ ਉਤਪਾਦਾਂ ਤੇ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਸਮੇਤ ਕਰੋਨਾਵਾਇਰਸ ਕਾਰਨ ਦੇਸ਼ ਅੰਦਰ ਬਣੇ ਹਾਲਾਤ ’ਤੇ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਲੌਕਡਾਊਨ ਕਾਰਨ ਘਰਾਂ ਨੂੰ ਜਾ ਰਹੇ ਹਜ਼ਾਰਾਂ ਪਰਵਾਸੀ ਮਜ਼ਦੂਰਾਂ ਦਾ ਮਸਲਾ ਵੀ ਵਿਚਾਰਿਆ ਗਿਆ। ਸੂਤਰਾਂ ਨੇ ਦੱਸਿਆ ਕਿ ਮੀਟਿੰਗ ’ਚ ਦੇਸ਼ ਅੰਦਰ ਕੋਵਿਡ-19 ਕਾਰਨ ਬਣੇ ਹਾਲਾਤ ’ਤੇ ਨਜ਼ਰਸਾਨੀ ਕੀਤੀ ਗਈ। ਸੂਤਰਾਂ ਨੇ ਦੱਸਿਆ ਕਿ ਦੇਸ਼ ਅੰਦਰ ਪੈਟਰੋਲੀਅਮ ਉਤਪਾਦ ਲੋੜ ਅਨੁਸਾਰ ਮੌਜੂਦ ਹਨ ਤੇ ਜ਼ਰੂਰੀ ਵਸਤਾਂ ਦੀ ਸਪਲਾਈ ਰੇਲਾਂ, ਹਵਾਈ ਜਹਾਜ਼ਾਂ ਤੇ ਸੜਕ ਮਾਰਗ ਰਾਹੀਂ ਹੋ ਰਹੀ ਹੈ। ਮੀਟਿੰਗ ’ਚ ਗ੍ਰਹਿ ਮੰਤਰੀ ਅਮਿਤ ਸ਼ਾਹ, ਖਪਤਕਾਰ ਮਾਮਲੇ ਤੇ ਖੁਰਾਕ ਮੰਤਰੀ ਰਾਮ ਵਿਲਾਸ ਪਾਸਵਾਨ, ਸਿਵਲ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ, ਪੈਟਰੋਲੀਅਮ ਮੰਤਰੀ ਧਰਮੇਂਦਰ ਪ੍ਰਧਾਨ ਤੇ ਹੋਰ ਕੇਂਦਰੀ ਮੰਤਰੀ ਹਾਜ਼ਰ ਸਨ।