ਦੇਸ਼ ਦੇ ਲਈ ਆਦਰਸ਼ ਹਨ – ਸ਼ਹੀਦ-ਏ-ਆਜ਼ਮ ਭਗਤ ਸਿੰਘ

(23 ਮਾਰਚ ਸ਼ਹੀਦੀ ਦਿਵਸ ‘ਤੇ ਵਿਸ਼ੇਸ਼)

-ਹਰਪ੍ਰੀਤ ਸਿੰਘ ਬਰਾੜ
ਮੇਨ ਏਅਰ ਫੋਰਸ ਰੋਡ,
ਬੰਠਿਡਾ

ਭਾਰਤ ਦੇ ਪ੍ਰਮੱਖ ਸਵਤੰਤਰ ਸੈਨਾਨੀਆਂ ਅਤੇ ਦੇਸ਼ ਲਈ ਮਰ ਮਿਟਣ ਵਾਲੇ ਸ਼ਹੀਦ ਭਗਤ ਸਿੰਘ ਅੱਜ ਉਨ੍ਹਾਂ ਸਾਰੇ ਨੌਜੁਆਨਾ ਦੇ ਆਦਰਸ਼ ਹਨ ਜੋ ਦੇਸ਼ ਦੇ ਲਈ ਜਿਉਂਦੇ ਹਨ। ਆਪਣੀ 23 ਸਾਲ ਦੀ ਛੋਟੀ ਉਮਰ ‘ਚ ਦੇਸ਼ ਦੇ ਲਈ ਉਨ੍ਹਾਂ ਨੇ ਆਪਣੀ ਜਾਣ ਵਾਰ ਦਿੱਤੀ । ਭਗਤ ਸਿੰਘ ਨੇ ਦੇਸ਼ ‘ਤੇ ਕੁਰਬਾਨ ਹੋਣ ਦੇ ਲਈ ਆਪਣੀ ਨਿੱਜੀ ਜਿੰਦਗੀ ਦਾ ਤਿਆਗ ਕਰ ਦਿੱਤਾ ਅਤੇ ਹੱਸਦੇ -ਹੱਸਦੇ ਫਾਂਸੀ ‘ਤੇ ਲਟਕ ਗਏ।ਉਨ੍ਹਾਂ ਦਾ ਇਹ ਅਮਰ ਬਲਿਦਾਨ ਦੇਸ਼ ‘ਚ ਆਜਾਦੀ ਦੇ ਲਈ ਇੱਕ ਬਹੁਤ ਵੱਡੀ ਚਿੰਗਾਰੀ ਪੈਦਾ ਕਰ ਗਿਆ ਜਿਸਦਾ ਨਤੀਜਾ 15 ਅਗਸਤ 1947 ਨੂੰ ਦੇਸ਼ ਦਾ ਆਜਾਦ ਹੋਣਾ ਹੈ। ਭਾਰਤ ਦੇ ਮਹਾਨ ਅਮਰ ਸ਼ਹੀਦ ਭਗਤ ਸਿੰਘ ਦਾ ਜਨਮ 28 ਸਤੰਬਰ ਸਨ 1907 ਨੂੰ ਲਾਇਲਪੁਰ ਜਿਲੇ੍ਹ ਦੇ ਪਿੰਡ ਬੰਗਾ ‘ਚ ਇਕ ਸਿੱਖ ਪਰਿਵਾਰ ‘ਚ ਹੋਇਆ। ਇਹਨਾਂ ਦੇ ਪਿਤਾ ਸਰਦਾਰ ਕਿਸ਼ਨ ਸਿੰਘ ਆਪਣੇ ਚਾਰ ਭਰਾਵਾਂ ਸਮੇਤ ਸੈਂਟਰਲ ਜੇਲ ‘ਚ ਸਨ। ਮਾਂ ਵਿਦਿਆਵਤੀ ਦੀ ਧਾਰਮਿਕ ਭਾਵਨਾ ਦਾ ਭਗਤ ਸਿੰਘ ‘ਤੇ ਕਾਫੀ ਪ੍ਰਭਾਵ ਸੀ। ਇਹਨਾਂ ਦੇ ਪਰਿਵਾਰ ‘ਚ ਦੇਸ਼ ਭਗਤੀ ਦੀ ਭਾਵਨਾ ਕੁੱਟ-ਕੁੱਟ ਕੇ ਭਰੀ ਹੋਈ ਸੀ।

13 ਅਪ੍ਰੈਲ ਸਨ 1919 ਨੂੰ ਅਮ੍ਰਿਤਸਰ ‘ਚ ਹੋਈ ਜੱਲਿ੍ਆਂਵਾਲੇ ਬਾਗ ਦੀ ਘਟਨਾ ਦਾ ਭਗਤ ਸਿੰਘ ‘ਤੇ ਬਹੁਤ ਡੂੰਘਾ ਅਸਰ ਪਿਆ ਅਤੇ ਇਹਨਾਂ ਦੀ ਸੋਚ ਵਿੱਚ ਬੜਾ ਬਦਲਾਅ ਆਇਆ। ਇਸ ਘਟਨਾ ਦੇ ਸਮੇਂ ਭਗਤ ਸਿੰਘ ਸਿਰਫ 12 ਸਾਲ ਦੇ ਸਨ। ਉਹ ਆਪਣੇ ਘਰ ਵਿੱਚ ਕ੍ਰਾਂਤੀਕਾਰੀ ਕਿਤਾਬਾਂ ਪੜ੍ਹਦੇ ਰਹਿੰਦੇ ਸਨ। ਉਨ੍ਹੀਂ ਦਿਨੀਂ ਭਾਰਤ ‘ਚ 2 ਮੁੱਖ ਵਿਚਾਰਾਂ ਦਾ ਬੋਲਬਾਲਾ ਸੀ। ਇੱਕ ਮਹਾਤਮਾ ਗਾਂਧੀ ਜੀ ਦੇ ਜੋ ਕਿ ਅਹਿੰਸਾ ਵਾਲੇ ਵਿਚਾਰ ਸਨ ਅਤੇ ਦੂਜੇ ਕ੍ਰਾਂਤੀਕਾਰੀਆਂ ਵਾਲੀ ਹਿੰਸਾਤਮਕ ਸੋਚ ਸੀ। ਉਦੋਂ ਭਗਤ ਸਿੰਘ ਇਸ ਸੋਚ ਵਿਚਾਰ ‘ਚ ਪੈ ਗਏ ਕਿ ਆਖਿਰ ਉਨ੍ਹਾਂ ਨੇ ਕਿਹੜਾ ਰਸਤਾ ਚੁਣਨਾ ਹੈ—ਅਹਿੰਸਾ ਜਾਂ ਕ੍ਰਾਤੀਕਾਰੀ ਵਿਚਾਰਧਾਰਾ। ਆਖਿਰ ‘ਚ ਉਨ੍ਹਾਂ ਨੇ ਹੋਰ ਨੌਜੁਆਨਾ ਦੇ ਵਾਂਗ ਆਜਾਦੀ ਦੇ ਲਈ ਕ੍ਰਾਂਤੀ ਦਾ ਰਾਹ ਅਪਣਾਇਆ। ਨੈਸ਼ਨਲ ਕਾਲਜ ਲਾਹੌਰ ‘ਚ ਇਹ ਸੁਖਦੇਵ ਅਤੇ ਯਸ਼ਪਾਲ ਨਾਲ ਮਿਲੇ। ਤਿੰਨੋ ਦੋਸਤ ਕ੍ਰਾਂਤੀਕਾਰੀ ਗਤੀਵਿਧੀਆਂ ‘ਚ ਭਾਗ ਲੈਣ ਲੱਗ ਗਏ। ਸਨ 1926 ‘ਚ ਲਾਹੌਰ ‘ਚ ਉਨ੍ਹਾਂ ਨੇ ਨੌਜੁਆਨ ਸਭਾ ਦਾ ਗਠਨ ਕੀਤਾ। ਜਿਸਦਾ ਮਕਸਦ ਦੇਸ਼ਭਗਤੀ ਦੀ ਭਾਵਨਾ ਪੈਦਾ ਕਰਨਾ, ਦੇਸ਼ ਨੂੰ ਆਜਾਦ ਕਰਨਾ, ਆਰਥਕ ਸਮਾਜਿਕ ਅਤੇ ੳਦਯੋਗਿਕ ਅੰਦੋਲਣਾਂ ਨੂੰ ਸਹਿਯੋਗ ਦੇਣਾ, ਕਿਸਾਨ ਅਤੇ ਮਜਦੂਰਾਂ ਨੂੰ ਸੰਗਠਿਤ ਕਰਨਾ ਸੀ। ਨੈਸ਼ਨਲ ਕਾਲਜ ਦੀ ਪੜ੍ਹਾਈ ਅਧੂਰੀ ਛੱਡ ਕੇ ਭਗਤ ਸਿੰਘ ਕ੍ਰਾਂਤੀਕਾਰੀ ਗਤੀਵਿਧੀਆਂ ‘ਚ ਭਾਗ ਲੈਣ ਲੱਗ ਗਏ ਅਤੇ ਕਈ ਕ੍ਰਾਂਤੀਕਾਰੀ ਦਲਾਂ ਦੇ ਮੈਂਬਰ ਵੀ ਬਣੇ। ਇਸੇ ਦੌਰਾਨ ਇਹ ਕਾਨਪੁਰ ‘ਚ ਕ੍ਰਾਂਤੀਕਾਰੀ ਅਤੇ ਦੇਸ਼ਭਗਤ ਗਣੇਸ਼ ਸ਼ੰਕਰ ਵਿਦਿਆਰਥੀ ਨਾਲ ਮਿਲੇ ਅਤੇ ਉਨ੍ਹਾਂ ਦੇ ਨਾਲ ਮਿਲ ਕੇ ਕ੍ਰਾਂਤੀਕਾਰੀ ਗਤੀਵਿਧੀਆਂ ਚਲਾਉਣ ਲੱਗੇ। ਇਹਨਾਂ ਨੂੰ ਕਰਤਾਰ ਸਿੰਘ ਸਰਾਭਾ ਨੇ ਵੀਰ ਸਾਵਰਕਰ ਦੀ ਕਿਤਾਬ (1857 ਦੀ ਪਹਿਲੀ ਆਜਾਦੀ ਦੀ ਲੜਾਈ) ਪੜ੍ਹਨ ਨੂੰ ਦਿੱਤੀ, ਜਿਸ ਨਾਲ ਭਗਤ ਸਿੰਘ ਕਾਫੀ ਪ੍ਰਭਾਵਿਤ ਹੋਏ।

ਇਸ ਤੋਂ ਬਾਅਦ ਭਗਤ ਸਿੰਘ ਸਨ 1924 ‘ਚ ਯੇਰਵੜਾ ਜੇਲ ‘ਚ ਵੀਰ ਸਾਵਰਕਰ ਨਾਲ ਮਿਲਣ ਤੋਂ ਬਾਅਦ ਭਗਤ ਸਿੰਘ ਦੀ ਆਜਾਦੀ ਦੀ ਸੋਚ ‘ਚ ਕਾਫੀ ਪਰਿਵਰਤਨ ਆ ਗਿਆ। ਸਾਵਰਕਰ ਨੇ ਭਗਤ ਸਿੰਘ ਦੀ ਮੁਲਾਕਾਤ ਚੰਦਰਸ਼ੇਖਰ ਆਜਾਦ ਨਾਲ ਕਰਵਾਈ ਅਤੇ ਉਹ ਉਨ੍ਹਾਂ ਦੇ ਦਲ ‘ਚ ਸ਼ਾਮਲ ਹੋ ਗਏ। ਭਗਤ ਸਿੰਘ ਨੂੰ ਲਾਹੌਰ ‘ਚ ਹਿੰਦੁਸਤਾਨ ਰਿਪਬਲਿਕ ਐਸੋਸੀਏਸ਼ਨ ਦਾ ਮੰਤਰੀ ਬਣਾਇਆ ਗਿਆ। ਇਸ ਤੋਂ ਬਾਅਦ ਕਾਕੋਰੀ ਕਾਂਡ ‘ਚ ਜਦੋਂ ਰਾਮ ਪ੍ਰਸਾਦ ਬਿਸਮਿਲ ਅਤੇ ਹੋਰ 4 ਕ੍ਰਾਂਤੀਕਾਰੀਆਂ ਨੂੰ ਫਾਂਸੀ ਦਿੱਤੀ ਗਈ ਤਾਂ ਭਗਤ ਸਿੰਘ ਤੋਂ ਇਹ ਬਰਦਾਸ਼ਤ ਨਹੀਂ ਹੋ ਪਾਇਆ ਅਤੇ ਉਹਨਾਂ ਨੇ ਆਪਣੀ ਨੌਜੁਆਨ ਪਾਰਟੀ ਨੂੰ ਹਿੰਦੂਸਤਾਨ ਰਿਪਬਲਿਕਨ ਐਸੋਸ਼ੀਏਸ਼ਨ ‘ਚ ਸ਼ਾਮਲ ਕਰ ਦਿੱਤਾ। ਭਗਤ ਸਿੰਘ ਜਦੋਂ ਬੀ. ਏ ‘ਚ ਪੜ੍ਹ ਰਹੇ ਸਨ ਤਾਂ ਉਨ੍ਹਾਂ ਦੇ ਪਿਤਾ ਨੇ ਭਗਤ ਸਿੰਘ ਦਾ ਵਿਆਹ ਕਰਨ ਦੀ ਸੋਚੀ । ਭਗਤ ਸਿੰਘ ਨੇ ਦੱਸਿਆ ਕਿ ਉਸਨੇ ਤਨ, ਮਨ ਅਤੇ ਧਨ ਨਾਲ ਦੇਸ਼ ਦੀ ਸੇਵਾ ਕਰਨ ਦੀ ਸੌਂਹ ਖਾ ਰੱਖੀ ਹੈ ਅਤੇ ਉਹ ਇਸ ਲੜਕੀ ਦੀ ਜਿੰਦਗੀ ਬਰਬਾਦ ਨਹੀਂ ਕਰਨਾ ਚਾਹੁੰਦਾ । ਇਸੇ ਕਾਰਨ ਭਗਤ ਸਿੰਘ ਨੇ ਵਿਆਹ ਕਰਨ ਤੋਂ ਮਨ੍ਹਾਂ ਕਰ ਦਿੱਤਾ । ਸਨ 1928 ‘ਚ ਜਦੋਂ ਸਾਈਮਨ ਕਮੀਸ਼ਨ ਭਾਰਤ ਆਇਆ ਤਾਂ ਉਸਦਾ ਪੂਰੇ ਦੇਸ਼ ‘ਚ ਬਹੁਤ ਵਿਰੋਧ ਹੋਇਆ। ਕਮੀਸ਼ਨ ਦੇ ਬਾਈਕਾਟ ਦੀ ਯੋਜਨਾ ਬਣਾਈ ਗਈ। ਅੰਗੇਜਾਂ ਨੇ ਪ੍ਰਦਰਸ਼ਨ ਕਰਨ ਵਾਲਿਆਂ ‘ਤੇ ਲਾਠੀ ਚਾਰਜ ਕੀਤਾ ਜਿਸ ਵਿੱਚ ਲਾਲਾ ਲਾਜਪਤ ਰਾਏ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਬਾਅਦ ‘ਚ ਉਨ੍ਹਾਂ ਦੀ ਮੌਤ ਹੋ ਗਈ ।

ਇਸ ਘਟਨਾ ਤੋਂ ਬਾਅਦ ਭਗਤ ਸਿੰਘ ਨੂੰ ਕਾਫ਼ੀ ਝਟਕਾ ਲੱਗਿਆ। ਜਿਸ ਕਾਰਨ ਭਗਤ ਸਿੰਘ ਨੇ ਪੁਲਿਸ ਕਮੀਸ਼ਨਰ ਸਾਂਡਰਸ ਦੀ ਹੱਤਿਆ ਦੀ ਯੋਜਨਾ ਬਣਾਈ। ਫਿਰ ਰਾਜਗੁਰੂ, ਜੈ ਗੋਪਾਲ ਅਤੇ ਆਜਾਦ ਦੇ ਨਾਲ ਮਿਲ ਕੇ ਭਗਤ ਸਿੰਘ ਨੇ ਲਾਹੌਰ ਕੋਤਵਾਲੀ ਦੇ ਸਾਹਮਣੇ ਪੁਲਿਸ ਕਮੀਸ਼ਨਰ ਸਾਂਡਰਸ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਲਾਹੌਰ ਤੋਂ ਬਾਹਰ ਨਿੱਕਲ ਗਏ। ਭਗਤ ਸਿੰਘ ਨੂੰ ਪੂੰਜੀਪਤੀਆਂ ਵੱਲੋਂ ਮਜਦੂਰਾਂ ਦਾ ਸੋਸ਼ਣ ਕਰਨਾ ਪਸੰਦ ਨਹੀਂ ਸੀ । ਇਸਲਈ ਉਹ ਕੁਝ ਅਜਿਹਾ ਕਰਨਾ ਚਾਹੁੰਦਾ ਸੀ ਕਿ ਜਿਸ ਨਾਲ ਭਾਰਤਵਾਸੀਆਂ ਦੀਆਂ ਅੱਖਾਂ ਖੁਲ੍ਹਣ ਅਤੇ ਅੰਗੇਜ਼ੀ ਹਕੂਮਤ ‘ਚ ਥੋੋੋੋੋੋੜ੍ਹਾਂ ਡਰ ਪੈਦਾ ਹੋਵੇ। ਇਸ ਕਾਰਨ ਭਗਤ ਸਿੰਘ ਨੇ ਦਿੱਲੀ ਦੀ ਕੇਂਦਰੀ ਅਸੈਬਲੀ ‘ਚ ਬੰਮ ਸੁਟੱਣ ਦੀ ਯੋਜਨਾ ਬਣਾਈ। ਇਸ ਯੋਜਨਾ ‘ਚ ਇਹ ਗੱਲ ਸ਼ਾਮਲ ਸੀ ਕਿ ਇਹ ਬੰਮ ਅਜਿਹੀ ਥਾਂ ‘ਤੇ ਸੁੱਟਿਆ ਜਾਵੇਗਾ ਜਿੱਥੇ ਉਸ ਸਮੇਂ ਕੋਈ ਮੌਜੂਦ ਨਾ ਹੋਵੇ ਅਤੇ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ। ਉਸ ਤੋਂ ਬਾਅਦ ਜੇਕਰ ਗ੍ਰਿਫਤਾਰੀ ਦਿੱਤੀ ਜਾਵੇਗੀ ਜਿਸ ਨਾਲ ਅੰਗੇਜਾਂ ਨੂੰ ਭਾਰਤੀਆਂ ‘ਚ ਰੋਸ ਦਾ ਅਹਿਸਾਸ ਹੋਵੇਗਾ। ਯੋਜਨਾ ਦੇ ਤਹਿਤ ਇਸ ਕੰਮ ਦੇ ਲਈ ਸਾਰਿਆਂ ਦੀ ਸਹਿਮਤੀ ਨਾਲ ਪਾਰਟੀ ਵੱਲੋਂ ਭਗਤ ਸਿੰਘ ਅਤੇ ਬਟੂਕੇਸ਼ਵਰ ਦੱਤ ਦਾ ਨਾਂਅ ਚੁਣਿਆ ਗਿਆ ਅਤੇ ਤੈਅ ਕੀਤੇ ਦਿਨ ਦੇ ਮੁਤਾਬਕ 8 ਅਪੈਲ ਸਨ 1929 ‘ਚ ਭਗਤ ਸਿੰਘ ਅਤੇ ਬਟੂਕੇਸ਼ਵਰ ਵੱਲੋਂ ਅਸੈਂਬਲੀ ‘ਚ ਬੰਮ ਸੁੱਟਿਆ ਗਿਆ ਅਤੇ ਇਸ ਤੋਂ ਬਾਅਦ ਹੱਥਾਂ ‘ਚ ਲਿਆਏ ਗਏ ਪਰਚਿਆਂ ਨੂੰ ਹਵਾ ‘ਚ ਸੁੱਟ ਕੇ ਨਾਅਰੇ ਲਗਾਉਣ ਲੱਗੇ । ਉਹਨਾਂ ਦੇ ਨਾਅਰੇ ਸਨ —ਇੰਕਲਾਬ ਜਿੰਦਾਬਾਦ, ਸਮਰਾਜਵਾਦ ਮੁਰਦਾਬਾਦ।ਉਥੇ ਪੁਲਿਸ ਆਈ ਤਾਂ ਉਹਨਾਂ ਨੇ ਆਪਣੀ ਗ੍ਰਿਫਤਾਰੀ ਦੇ ਦਿੱਤੀ। ਉਨ੍ਹਾਂ ਨੂੰ ਪੁਲਿਸ ਵੱਲੋਂ ਲਾਹੌਰ ਸੈਂਟਰਲ ਜੇਲ ‘ਚ ਰੱਖਿਆ ਗਿਆ। 7 ਅਕਤੂਬਰ ਸਨ 1930 ਨੂੰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦੀ ਸਜਾ ਸੁਣਾਈ ਗਈ ਅਤੇ ਆਪਣੀ ਫਾਂਸੀ ਤੋਂ ਪਹਿਲਾਂ 3 ਮਾਰਚ ਨੂੰ ਆਪਣੇ ਭਰਾ ਕੁਲਤਾਰ ਨੂੰ ਭੇਜੀ ਇਕ ਚਿੱਠੀ ‘ਚ ਇਹ ਲਿਖਿਆ ਸੀ —

ਉਨ੍ਹਾਂ ਨੂੰ ਇਹ ਫਿਕਰ ਹੈ ਹਰਦਮ, ਨਵੀਂ ਤਰਜ-ਏ-ਜਫ਼ਾ ਕੀ ਹੈ ?
ਸਾਨੂੰ ਇਹ ਸ਼ੌਂਕ ਹੈ ਦੇਖੋ, ਸਿਤਮ ਦੀ ਇੰਤੇਹਾ ਕੀ ਹੈ ?
ਦਹਿ਼ਰ ਤੋਂ ਕਿਊ ਖਫਾ ਰਹੀੲੈ, ਚਰਖ ਦਾ ਕੀ ਗਿਲਾ ਕਰੀਏ ?
ਸਾਰਾ ਜਹਾਨ ਅਦੂ ਸਹੀ, ਆਓ ਮੁਕਾਬਲਾ ਕਰੀਏ।

ਭਗਤ ਸਿੰਘ , ਰਾਜਗੁਰੁ ਅਤੇ ਸੁਖਦੇਵ ਤਿੰਨਾਂ ਕ੍ਰਾਤੀਕਾਰੀਆਂ ਨੂੰ 23 ਮਾਰਚ ਸਨ 1931 ਨੂੰ ਫਾਂਸੀ ਦੇ ਦਿੱਤੀ ਗਈ । ਫਾਂਸੀ ਤੋਂ ਪਹਿਲਾਂ ਤਿੰਨਾਂ ਕ੍ਰਾਂਤੀਕਾਰੀ ਆਪਸ ‘ਚ ਮਿਲੇ ਅਤੇ ਹੱਸਦੇ-ਹੱਸਦੇ ਫਾਂਸੀ ‘ਤੇ ਲਟਕ ਗਏ। ਫਾਂਸੀ ‘ਤੇ ਜਾਂਦੇ ਸਮੇਂ ਉਹ ਤਿੰਨੇ ਕ੍ਰਾਂਤੀਕਾਰੀ ਇਹ ਸਤਰਾਂ ਗੁਣਗੁਣਾ ਰਹੇ ਸਨ।

ਮੇਰਾ ਰੰਗ ਦੇ ਬਸੰਤੀ ਚੋਲਾ, ਮੇਰਾ ਰੰਗ ਦੇ
ਮੇਰਾ ਰੰਗ ਦੇ ਬਸੰਤੀ ਚੋਲਾ, ਮਾਏ ਰੰਗ ਦੇ ਬਸੰਤੀ ਚੋਲਾ।

ਅੱਜ ਵੀ ਦੇਸ਼ ਦੀ ਜਨਤਾ ਉਨ੍ਹਾ ਮਹਾਨ ਕ੍ਰਾਂਤੀਕਾਰੀ ਭਗਤ ਸਿੰਘ ਨੂੰ ਯਾਦ ਕਰਦੀ ਹੈ ਜਿਹਨਾਂ ਨੇ ਆਪਣੀ ਜਿੰਦਗੀ ਅਤੇ ਜਵਾਨੀ ਭਾਰਤ ਮਾਂ ਦੇ ਲਈ ਕੁਰਬਾਨ ਕਰ ਦਿੱਤੀ । ਅਜਿਹੇ ਮਹਾਨ ਦੇਸ਼ ਭਗਤ ਨੂੰ ਮੇਰਾ ਲੱਖ-ਲੱਖ ਵਾਰ ਸਲਾਮ ਹੈ।

ਹਰਪ੍ਰੀਤ ਸਿੰਘ ਬਰਾੜ
ਮੇਨ ਏਅਰ ਫੋਰਸ ਰੋਡ,ਬਠਿੰਡਾ

Previous articleਇਲਾਜ ਨਾਲੋਂ ਪਰਹੇਜ਼ ਚੰਗਾ! ਨੋਵਲ ਕੋਰੋਨਾ ਵਾਇਰਸ
Next articleसंसार में जब मानवता संकट में होती हैं, धनी व धर्म के ठेकेदार मैदान छोड़कर छुप जाते हैं.