ਨਵੀਂ ਦਿੱਲੀ (ਸਮਾਜਵੀਕਲੀ): ਕੋਰੋਨਾ ਕਾਲ ਵਿਚ ਸਾਰੀਆਂ ਸਿਆਸੀ ਰੈਲੀਆਂ ਅਤੇ ਭੀੜਭਾੜ ਵਾਲੀਆਂ ਸਰਗਰਮੀਆਂ ‘ਤੇ ਪਾਬੰਦੀਆਂ ਦਰਮਿਆਨ ਭਾਜਪਾ ਨੇ ਆਮ ਜਨਤਾ ਨਾਲ ਸਿੱਧਾ ਸੰਵਾਦ ਕਾਇਮ ਕਰਨ ਦਾ ਨਵਾਂ ਤਰੀਕਾ ਲੱਭ ਵੀ ਲਿਆ ਅਤੇ ਅਜ਼ਮਾ ਵੀ ਲਿਆ। ਅਗਲੇ ਚਾਰ ਮਹੀਨੇ ਵਿਚ ਸੰਭਾਵਿਤ ਬਿਹਾਰ ਵਿਧਾਨ ਸਭਾ ਚੋਣ ਤੋਂ ਪਹਿਲੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਤੋਂ ਬਿਹਾਰ ਨਾਲ ਸੰਵਾਦ ਕੀਤਾ, ਉਹ ਵੀ ਰੈਲੀ ਵਰਗੇ ਸਜੇ ਮੰਚ, ਸਟੇਜ ‘ਤੇ ਬੈਠੇ ਆਗੂਆਂ ਦੇ ਨਾਲ। ਰੈਲੀ ਵਿਚ ਸ਼ਾਹ ਨੇ ਕੇਂਦਰ ਸਰਕਾਰ ਦੇ ਕੰਮਕਾਜ ਵੀ ਗਿਣਾਏ ਅਤੇ ਬਿਹਾਰ ਦੀਆਂ ਵਿਰੋਧੀ ਪਾਰਟੀਆਂ ‘ਤੇ ਵਾਰ ਵੀ ਕੀਤਾ। ਦਰਸ਼ਕਾਂ ਦੀ ਗੱਲ ਕੀਤੀ ਜਾਏ ਤਾਂ ਸਾਧਾਰਨ ਰੈਲੀਆਂ ਤੋਂ ਕਈ ਗੁਣਾ ਜ਼ਿਆਦਾ ਦਰਸ਼ਕ ਇਕੱਠੇ ਹੋਏ।
ਬਿਹਾਰ ਦੀ ਜਨਤਾ ਨਾਲ ਪਹਿਲੀ ਵਰਚੁਅਲ ਰੈਲੀ ਨੂੰ ਸੰਬੋਧਨ ਕਰਦੇ ਹੋਏ ਅਮਿਤ ਸ਼ਾਹ ਨੇ ਸਾਫ਼ ਕਰ ਦਿੱਤਾ ਕਿ ਵਿਰੋਧੀ ਧਿਰ ਦੇ ਪੁਰਾਣੇ ਸਿਆਸੀ ਪ੍ਰਤੀਕਾਂ ਅਤੇ ਕਾਰਜਸ਼ੈਲੀ ਦੇ ਦਿਨ ਬੀਤ ਗਏ ਹਨ ਅਤੇ ਲਾਲ ਬਹਾਦਰ ਸ਼ਾਸਤਰੀ ਪਿੱਛੋਂ ਪਹਿਲੀ ਵਾਰ ਜਨਤਾ ਇਕਜੁੱਟ ਹੋ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਖੜ੍ਹੀ ਹੈ। ਸ਼ਾਹ ਨੇ ਕਿਹਾ ਕਿ ਇਸ ਰੈਲੀ ਨੂੰ ਬਿਹਾਰ ਦੇ ਆਗਾਮੀ ਵਿਧਾਨ ਸਭਾ ਚੋਣ ਨਾਲ ਜੋੜ ਕੇ ਨਹੀਂ ਦੇਖਣਾ ਚਾਹੀਦਾ। ਉਨ੍ਹਾਂ ਭਾਜਪਾ-ਜਨਤਾ ਦਲ (ਯੂ) ਗੱਠਜੋੜ ਦੇ ਦੋ-ਤਿਹਾਈ ਬਹੁਮਤ ਨਾਲ ਜਿੱਤ ਦਾ ਦਾਅਵਾ ਵੀ ਕਰ ਦਿੱਤਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਭਾਜਪਾ ਪੂਰੇ ਦੇਸ਼ ਵਿਚ ਅਜਿਹੀਆਂ ਰੈਲੀਆਂ ਕਰੇਗੀ।