ਨਵੀਂ ਦਿੱਲੀ (ਸਮਾਜਵੀਕਲੀ): ਅਸਲ ਕੰਟਰੋਲ ਰੇਖਾ ’ਤੇ ਭਾਰਤ ਤੇ ਚੀਨ ਵਿਚਾਲੇ ਬਣੇ ਤਣਾਅ ਦਰਮਿਆਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇਸ਼ ਦਾ ਮਾਣ ਕਿਸੇ ਵੀ ਹਾਲਤ ’ਚ ਘਟਣ ਨਹੀਂ ਦੇਵੇਗੀ ਅਤੇ ਦੋਵਾਂ ਮੁਲਕਾਂ ਵਿਚਾਲੇ ਸਰਹੱਦੀ ਤਣਾਅ ਘਟਾਉਣ ਲਈ ਫੌਜੀ ਤੇ ਕੂਟਨੀਤਕ ਦੋਵਾਂ ਪੱਧਰਾਂ ’ਤੇ ਗੱਲਬਾਤ ਜਾਰੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਅਮਰੀਕਾ ਦੇ ਰੱਖਿਆ ਸਕੱਤਰ ਮਾਰਕ ਟੀ ਐਸਪਰ ਨੂੰ ਟੈਲੀਫੋਨ ’ਤੇ ਹੋਈ ਗੱਲਬਾਤ ਦੌਰਾਨ ਕਹਿ ਦਿੱਤਾ ਭਾਰਤ ਤੇ ਚੀਨ ਆਪਸੀ ਗੱਲਬਾਤ ਰਾਹੀਂ ਵਿਵਾਦ ਸੁਲਝਾ ਲੈਣਗੇ।
ਉਨ੍ਹਾਂ ਕਿਹਾ, ‘ਮੈਂ ਬੀਤੇ ਦਿਨ ਅਮਰੀਕਾ ਦੇ ਰੱਖਿਆ ਸਕੱਤਰ ਨਾਲ ਗੱਲਬਾਤ ਕੀਤੀ ਹੈ। ਮੈਂ ਉਨ੍ਹਾਂ ਨੂੰ ਕਹਿ ਦਿੱਤਾ ਹੈ ਕਿ ਅਸੀਂ ਪਹਿਲਾਂ ਹੀ ਚੀਨ ਨਾਲ ਗੱਲਬਾਤ ਸ਼ੁਰੂ ਕਰ ਚੁੱਕੇ ਹਨ ਅਤੇ ਚੀਨ ਤੇ ਭਾਰਤ ਵਿਚਾਲੇ ਜੋ ਵੀ ਸਮੱਸਿਆ ਹੈ ਉਸ ਨੂੰ ਫੌਜੀ ਜਾਂ ਕੂਟਨੀਤਕ ਵਾਰਤਾ ਦੇ ਪੱਧਰ ’ਤੇ ਸੁਲਝਾ ਲਿਆ ਜਾਵੇਗਾ।’