ਨਵੀਂ ਦਿੱਲੀ- ਇਸ ਵਾਰ ਭਰਵੇਂ ਮੀਂਹ ਪੈਣ ਕਾਰਨ ਭਾਰਤ ਵਿੱਚ ਸਾਉਣੀ ਦੀ ਫਸਲ ਪਿਛਲੇ ਸਾਲ ਨਾਲੋਂ ਜ਼ਿਆਦਾ ਹੋਵੇਗੀ। ਕੇਂਦਰੀ ਰਾਜ ਖੇਤੀਬਾੜੀ ਮੰਤਰੀ ਪਰਸ਼ੋਤਮ ਰੁਪਾਲਾ ਨੇ ਦੱਸਿਆ ਕਿ ਭਾਰਤ ’ਚ ਸਾਉਣੀ ਫਸਲ ਦੀ ਪੈਦਾਵਾਰ ਪਿਛਲੇ ਸਾਲ ਦੇ 141.71 ਮਿਲੀਅਨ ਟਨ ਨਾਲੋਂ ਵੱਧ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਕਈ ਹਿੱਸਿਆਂ ਵਿਚ ਹੜ੍ਹ ਵਾਲੇ ਹਾਲਾਤ ਕਾਰਨ ਫਸਲਾਂ ਖਰਾਬ ਹੋਈਆਂ ਹਨ ਪਰ ਇਸ ਦਾ ਕੁੱਲ ਪੈਦਾਵਾਰ ’ਤੇ ਬਹੁਤਾ ਅਸਰ ਨਹੀਂ ਪਵੇਗਾ। ਦੇਸ਼ ਭਰ ਵਿਚ ਸਾਉਣੀ ਦੀ ਫਸਲ ਦੀ ਹਾਲਤ ਚੰਗੀ ਹੈ। ਉਨ੍ਹਾਂ ਕਿਹਾ ਕਿ ਕਈ ਥਾਈਂ ਬੰਪਰ ਫਸਲ ਹੋਈ ਹੈ। ਖੇਤੀ ਦੀ ਕੌਮੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਵਾਰ 12 ਰਾਜ ਹੜ੍ਹਾਂ ਦੀ ਮਾਰ ਹੇਠ ਆਏ ਹਨ ਪਰ ਜ਼ਿਆਦਾਤਰ ਖੇਤਰਾਂ ਵਿਚ ਥੋੜ੍ਹੇ ਥੋੜ੍ਹੇ ਵਕਫੇ ਬਾਅਦ ਮੀਂਹ ਪੈਂਦਾ ਰਿਹਾ ਜਿਸ ਨਾਲ ਫਸਲਾਂ ਨੂੰ ਭਰਵਾਂ ਪਾਣੀ ਮਿਲਦਾ ਰਿਹਾ। ਖੇਤੀ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਹਾੜ੍ਹੀ ਦੀਆਂ ਫਸਲਾਂ ਵੀ ਭਰਵੀਆਂ ਹੋਣ ਦੀ ਉਮੀਦ ਹੈ ਕਿਉਂਕਿ ਲਗਾਤਾਰ ਮੀਂਹ ਪੈਣ ਕਾਰਨ ਮਿੱਟੀ ਵਿਚ ਲੋੜੀਂਦੀ ਨਮੀ ਆ ਗਈ ਹੈ ਤੇ ਪਾਣੀ ਦੇ ਭੰਡਾਰ ਵੀ ਭਰੇ ਹੋਏ ਹਨ। ਉਨ੍ਹਾਂ ਮੱਕੀ ਤੇ ਸਰ੍ਹੋਂ ਦੀ ਫਸਲ ਵੀ ਵਧੀਆ ਹੋਣ ਦੀ ਪੇਸ਼ੀਨਗੋਈ ਕੀਤੀ। ਇਸ ਤੋਂ ਪਹਿਲਾਂ ਕੇਂਦਰੀ ਖੇਤੀ ਰਾਜ ਮੰਤਰੀ ਨੇ ਰਾਜਾਂ ਨੂੰ ਕਿਹਾ ਸੀ ਕਿ ਉਹ ਤੇਲ ਬੀਜਾਂ ਦੀ ਪੈਦਾਵਾਰ ਵਧਾਉਣ ਤਾਂ ਕਿ ਦੂਜੇ ਦੇਸ਼ਾਂ ਤੋਂ ਦਰਾਮਦ ਘਟਾਈ ਜਾ ਸਕੇ। ਉਨ੍ਹਾਂ ਕਿਹਾ ਕਿ ਭਾਰਤ ਹੁਣ ਦਾਲਾਂ ਦੇ ਖੇਤਰ ਵਿਚ ਸਵੈ-ਨਿਰਭਰ ਹੋ ਗਿਆ ਹੈ। ਉਨ੍ਹਾਂ ਰਾਜਾਂ ਨੂੰ ਕਿਹਾ ਕਿ ਉਹ ਕਿਸਾਨਾਂ ਨੂੰ ਲੋੜ ਦੇ ਹਿਸਾਬ ਨਾਲ ਫਸਲਾਂ ਬੀਜਣ ਲਈ ਪ੍ਰੇਰਿਤ ਕਰਨ।