ਨਵੀਂ ਦਿੱਲੀ (ਸਮਾਜ ਵੀਕਲੀ): ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਰਿਕਾਰਡ 97,570 ਨਵੇਂ ਪਾਜ਼ੇਟਿਵ ਕੇਸਾਂ ਨਾਲ ਕਰੋਨਾਵਾਇਰਸ ਦੀ ਲਾਗ ਤੋਂ ਪੀੜਤ ਕੁੱਲ ਕੇਸਾਂ ਦੀ ਗਿਣਤੀ 46,59,984 ਦੇ ਅੰਕੜੇ ’ਤੇ ਜਾ ਪੁੱਜੀ ਹੈ। ਇਸ ਦੌਰਾਨ 1201 ਹੋਰ ਮੌਤਾਂ ਨਾਲ ਮਰਨ ਵਾਲਿਆਂ ਦੀ ਗਿਣਤੀ 77,472 ਹੋ ਗਈ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਹੁਣ ਤੱਕ 36,24,196 ਲੋਕ ਕੋਵਿਡ-19 ਦੀ ਲਾਗ ਤੋਂ ਉਭਰ ਕੇ ਸਿਹਤਯਾਬ ਹੋਣ ਵਿੱਚ ਸਫ਼ਲ ਰਹੇ ਹਨ ਤੇ ਕੌਮੀ ਰਿਕਵਰੀ ਦਰ 77.77 ਫੀਸਦ ਹੈ।
ਉਧਰ ਕੁਲ ਸਰਗਰਮ ਕੇਸਾਂ ਦੀ ਗਿਣਤੀ 9,58,316 ਹੈ, ਜੋ ਕੁੱਲ ਕੇਸ ਲੋਡ ਦਾ 20.56 ਫੀਸਦ ਬਣਦਾ ਹੈ। ਕੋਵਿਡ-19 ਕੇਸਾਂ ਦੀ ਮੌਤ ਦਰ ਘੱਟ ਕੇ 1.66 ਫੀਸਦ ਰਹਿ ਗਈ ਹੈ। 7 ਅਗਸਤ ਨੂੰ ਕੋਵਿਡ ਕੇਸਾਂ ਦੀ ਗਿਣਤੀ 20 ਲੱਖ ਦੇ ਅੰਕੜੇ ਨੂੰ ਟੱਪੀ ਸੀ, 23 ਅਗਸਤ ਨੂੰ ਇਹ ਅੰਕੜਾ 30 ਲੱਖ ਤੇ 5 ਸਤੰਬਰ ਨੂੰ 40 ਲੱਖ ਨੂੰ ਪਾਰ ਕਰ ਗਿਆ। ਉਂਜ ਅੱਜ ਲਗਾਤਾਰ ਤੀਜਾ ਦਿਨ ਹੈ ਜਦੋਂ 95000 ਤੋਂ ਵੱਧ ਕੇਸ ਸਾਹਮਣੇ ਆਏ ਹਨ। ਭਾਰਤੀ ਮੈਡੀਕਲ ਖੋਜ ਕੌਂਸਲ ਮੁਤਾਬਕ 11 ਸਤੰਬਰ ਤਕ 5,51,89,226 ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ।
ਪਿਛਲੇ 24 ਘੰਟਿਆਂ ਦੌਰਾਨ ਰਿਪੋਰਟ ਹੋਈਆਂ 1201 ਮੌਤਾਂ ’ਚੋਂ ਮਹਾਰਾਸ਼ਟਰ ਵਿੱਚ 442, ਕਰਨਾਟਕ 130, ਆਂਧਰਾ ਪ੍ਰਦੇਸ਼ ਤੇ ਤਾਮਿਲ ਨਾਡੂ ਵਿੱਚ 77-77, ਉੱਤਰ ਪ੍ਰਦੇਸ਼ 76, ਪੰਜਾਬ 63, ਪੱੱਛਮੀ ਬੰਗਾਲ 57, ਮੱਧ ਪ੍ਰਦੇਸ਼ 30, ਛੱਤੀਸਗੜ੍ਹ 26, ਹਰਿਆਣਾ 25, ਦਿੱਲੀ 21, ਅਸਾਮ ਤੇ ਗੁਜਰਾਤ 16-16, ਝਾਰਖੰਡ ਤੇ ਰਾਜਸਥਾਨ 15-15, ਕੇਰਲਾ ਤੇ ਉੜੀਸਾ 14-14, ਬਿਹਾਰ ਤੇ ਪੁੱਡੂਚੇਰੀ 12-12, ਉੱਤਰਾਖੰਡ 11, ਤਿਲੰਗਾਨਾ 10, ਜੰਮੂ ਤੇ ਕਸ਼ਮੀਰ ਅਤੇ ਤ੍ਰਿਪੁਰਾ 9-9, ਗੋਆ 8, ਹਿਮਾਚਲ ਪ੍ਰਦੇਸ਼ 5, ਮੇਘਾਲਿਆ 4, ਚੰਡੀਗੜ੍ਹ 3, ਲੱਦਾਖ 2 ਜਦੋਂਕਿ ਅਰੁਣਾਚਲ ਪ੍ਰਦੇਸ਼ ਤੇ ਸਿੱਕਮ ਵਿਚ ਇਕ-ਇਕ ਵਿਅਕਤੀ ਦਮ ਤੋੜ ਗਿਆ।
ਇਸ ਦੌਰਾਨ ਰੱਖਿਆ ਰਾਜ ਮੰਤਰੀ ਤੇ ‘ਆਯੂਸ਼’ ਮੰਤਰਾਲੇ ਦਾ ਕੰਮਕਾਜ ਵੇਖਦੇ ਸ੍ਰੀਪਦ ਨਾਇਕ ਨੂੰ ਅੱਜ ਹਸਪਤਾਲ ’ਚੋਂ ਛੁੱਟੀ ਮਿਲ ਗਈ। ਪਿਛਲੇ ਮਹੀਨੇ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਮਗਰੋਂ ਨਾਇਕ ਨੂੰ ਗੋਆ ਦੀ ਰਾਜਧਾਨੀ ਪਣਜੀ ਨਜ਼ਦੀਕ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਨਾਇਕ ਉੱਤਰੀ ਗੋਆ ਸੰਸਦੀ ਸੀਟ ਤੋਂ ਭਾਜਪਾ ਦੇ ਸੰਸਦ ਮੈਂਬਰ ਹਨ। ਇਸ ਦੌਰਾਨ ਅਮਰੀਕਾ ਦੇ ਇਕ ਖੋਜ ਜਰਨਲ ਵਿੱਚ ਛਪੇ ਅਧਿਐਨ ਮੁਤਾਬਕ ਕੋਵਿਡ-19 ਮਰੀਜ਼ਾਂ ਦੇ ਸੰਪਰਕ ਵਿੱਚ ਆਉਣ ਦੇ ਨਾਲ ਰੈਸਟੋਰੈਂਟਾਂ ਤੇ ਪੱਬਾਂ ਵਿੱਚ ਭੋਜਨ ਆਦਿ ਖਾਣ ਨਾਲ ਵੀ ਕਰੋਨਾ ਦੀ ਲਾਗ ਚਿੰਬੜਨ ਦਾ ਖ਼ਤਰਾ ਰਹਿੰਦਾ ਹੈ।